ਕੈਨੇਡਾ ਦੇ ਇਸ ਸੂਬੇ ''ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਦੇ ਮਾਮਲੇ, ਨੌਜਵਾਨ ਵਰਗ ਵਧੇਰੇ ਪ੍ਰ੍ਭਾਵਿਤ
Monday, Nov 02, 2020 - 08:52 AM (IST)
ਟੋਰਾਂਟੋ- ਕੈਨੇਡਾ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਓਂਟਾਰੀਓ ਵਿਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ ਲਗਭਗ 1000 ਨਵੇਂ ਮਾਮਲੇ ਦਰਜ ਹੋਏ ਹਨ।
ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਐਤਵਾਰ ਨੂੰ ਕੋਰੋਨਾ ਦੇ 977 ਨਵੇਂ ਮਾਮਲੇ ਦਰਜ ਕੀਤੇ ਹਾਲਾਂਕਿ ਸ਼ਨੀਵਾਰ ਨੂੰ ਦਰਜ ਹੋਏ ਮਾਮਲਿਆਂ ਨਾਲੋਂ ਇਹ ਕੁਝ ਘੱਟ ਹਨ ਕਿਉਂਕਿ ਸ਼ਨੀਵਾਰ ਨੂੰ 1,015 ਨਵੇਂ ਮਾਮਲੇ ਦਰਜ ਹੋਏ ਸਨ।
ਇਸ ਦੌਰਾਨ ਹੋਰ 9 ਲੋਕਾਂ ਦੀ ਮੌਤ ਹੋਈ ਤੇ ਇਸ ਦੇ ਨਾਲ ਹੀ ਸੂਬੇ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 3,145 ਹੋ ਗਈ ਹੈ। ਐਤਵਾਰ ਨੂੰ ਜਾਰੀ ਰਿਪੋਰਟ ਮੁਤਾਬਕ ਇੱਥੇ ਕੋਰੋਨਾ ਦੇ 76,707 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਸਮੇਂ ਸੂਬੇ ਵਿਚ ਕੋਰੋਨਾ ਦੇ 7,981 ਕਿਰਿਆਸ਼ੀਲ ਮਾਮਲੇ ਹਨ। ਬੀਤੇ ਦਿਨ 37,133 ਲੋਕਾਂ ਦੇ ਟੈਸਟ ਕੀਤੇ ਗਏ ਸਨ। ਸਭ ਤੋਂ ਵੱਧ 20 ਤੋਂ 39 ਸਾਲ ਦੇ ਲੋਕ ਕੋਰੋਨਾ ਦੇ ਸ਼ਿਕਾਰ ਹੋਏ ਹਨ, ਇਸ ਦਾ ਸਿੱਧਾ ਮਤਲਬ ਹੈ ਕਿ ਨੌਜਵਾਨ ਵਰਗ ਕੋਰੋਨਾ ਨੂੰ ਵਧੇਰੇ ਫੈਲਾ ਰਿਹਾ ਹੈ।
ਦੱਸ ਦਈਏ ਕਿ ਬੀਤੇ ਦਿਨ ਟੋਰਾਂਟੋ ਵਿਚ ਕੋਰੋਨਾ ਦੇ 279, ਪੀਲ ਰੀਜਨ ਤੋਂ 238, ਓਟਾਵਾ ਤੋਂ 130 ਅਤੇ ਯਾਰਕ ਰਿਜਨ ਤੋਂ 113 ਨਵੇਂ ਮਾਮਲੇ ਦਰਜ ਹੋਏ ਹਨ। ਸੂਬੇ ਦੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਲੋਕ ਵੱਡੀ ਗਿਣਤੀ ਵਿਚ ਮੇਲ-ਜੋਲ ਵਧਾ ਰਹੇ ਹਨ, ਜਿਸ ਕਾਰਨ ਕੋਰੋਨਾ ਪੀੜਤਾਂ ਦੀ ਗਿਣਤੀ ਸੂਬੇ ਵਿਚ ਹੱਦੋਂ ਵੱਧ ਰਹੀ ਹੈ। ਉਨ੍ਹਾਂ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਹੈ।