ਪਾਕਿ: ਕਰਾਚੀ ’ਚ ਹੋਇਆ ਗ੍ਰਨੇਡ ਹਮਲਾ, 4 ਬੱਚਿਆਂ ਸਮੇਤ 10 ਲੋਕਾਂ ਦੀ ਮੌਤ, ਕਈ ਜ਼ਖ਼ਮੀ

Sunday, Aug 15, 2021 - 05:10 PM (IST)

ਪਾਕਿ: ਕਰਾਚੀ ’ਚ ਹੋਇਆ ਗ੍ਰਨੇਡ ਹਮਲਾ, 4 ਬੱਚਿਆਂ ਸਮੇਤ 10 ਲੋਕਾਂ ਦੀ ਮੌਤ, ਕਈ ਜ਼ਖ਼ਮੀ

ਕਰਾਚੀ– ਸ਼ਨੀਵਾਰ ਨੂੰ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਮੌਕੇ ਕਰਾਚੀ ’ਚ ਗ੍ਰਨੇਡ ਹਮਲਾ ਹੋਇਆ। ਇਹ ਗ੍ਰਨੇਡ ਹਮਲਾ ਕਰਾਚੀ ਸ਼ਹਿਰ ਦੇ ਬਲਦਿਆ ਟਾਊਨ ਦੇ ਮਾਵਾਚ ਗੋਥ ਇਲਾਕੇ ਦੇ ਨੇੜੇ ਇਕ ਟਰੱਕ ’ਤੇ ਕੀਤਾ ਗਿਆ। ਇਸ ਵਿਚ ਚਾਰ ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਅੱਤਵਾਦ ਵਿਰੋਧੀ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਰਾਜਾ ਉਮਰ ਖੱਤਾਬ ਨੇ ਕਿਹਾ ਕਿ ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਹੈ ਕਿ ਇਹ ਗ੍ਰਨੇਡ ਹਮਲਾ ਸੀ। ਉਥੇ ਹੀ ਪਾਕਿਸਤਾਨ ਦੇ ਅਖਬਾਰ ਦਿ ਡਾਨ ਦੀ ਰਿਪੋਰਟ ਮੁਤਾਬਕ, ਗ੍ਰਨੇਡ ਵਾਹਨ ਦੇ ਫਰਸ਼ ’ਤੇ ਡਿੱਗਣ ਤੋਂ ਪਹਿਲਾਂ ਹੀ ਫਟ ਗਿਆ। ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਹੈ ਕਿ ਹਮਲਾਵਰ ਮੋਟਰਸਾਈਕਲ ’ਤੇ ਸਵਾਰ ਸਨ। 

PunjabKesari

ਵਧੀਕ ਪੁਲਸ ਸਰਜਨ ਡਾ. ਕਰਰ ਅੱਬਾਸੀ ਨੇ ਦੱਸਿਆ ਕਿ 10 ਲਾਸ਼ਾਂ ਨੂੰ ਡਾ. ਰੂਥ ਪਫੌ ਸਿਵਲ ਹਸਪਤਾਲ ਲਿਜਾਇਆ ਗਿਆ ਹੈ। ਮ੍ਰਿਤਕਾਂ ’ਚ 6 ਜਨਾਨੀਆਂ ਅਤੇ 4 ਬੱਚੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਘਟਨਾ ’ਚ ਜ਼ਖ਼ਮੀ ਹੋਏ 10 ਹੋਰ ਲੋਕਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ ’ਚ ਚਾਰਾਂ ਬੱਚਿਆਂ ਦੀ ਉਮਰ 10 ਤੋਂ 12 ਸਾਲ ਤਕ ਹੈ। 

ਉਥੇ ਹੀ ਪਿਛਲੇ ਦਿਨੀਂ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗੁਜਰਾਂਵਾਲਾ ਜ਼ਿਲ੍ਹੇ ’ਚ ਇਕ ਸਿਲੰਡਰ ’ਚ ਧਮਾਕਾ ਹੋ ਗਿਆ ਸੀ। ਕੈਂਟ ਥਾਣੇ ਦੇ ਸ਼ਾਹ ਕੋਟ ਇਲਾਕੇ ਕੋਲ ਗੁਜਰਾਂਵਾਲਾ ’ਚ ਇਕ ਯਾਤਰੀ ਵੈਨ ’ਚ ਹੋਏ ਸਿਲੰਡਰ ਧਮਾਕੇ ’ਚ ਘੱਟੋ-ਘੱਟ 9 ਲੋਕਾਂ ਨੂੰ ਮੌਤ ਹੋ ਗਈ ਅਤੇ 7 ਹੋਰ ਜ਼ਖ਼ਮੀ ਹੋ ਗਏ ਸਨ। ਨਾਲ ਹੀ ਪਾਕਿਸਤਾਨ ਦੇ ਅਸ਼ਾਂਤ ਦੱਖਣ-ਪੱਛਮੀ ਬਲੂਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ ’ਚ ਵੀ ਇਕ ਲਗਜ਼ਰੀ ਹੋਟਲ ਨੇੜੇ ਵਾਹਨ ਨੂੰ ਨਿਸ਼ਾਨਾ ਬਣਾ ਕੇ ਸ਼ਕਤੀਸ਼ਾਲੀ ਧਮਾਕਾ ਕੀਤਾ ਗਿਆ ਸੀ। ਇਸ ਵਿਚ ਘੱਟੋ-ਘੱਟ ਦੋ ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖ਼ਮੀ ਹੋ ਗਏ ਸਨ। 


author

Rakesh

Content Editor

Related News