ਚੀਨ 'ਚ 1.5 ਕਰੋੜ ਨੌਜਵਾਨ ਬੇਰੁਜ਼ਗਾਰ, ਸਰਕਾਰੀ ਦਫਤਰਾਂ 'ਚ 'ਕਲਰਕ' ਬਣ ਰਹੇ ਇੰਜੀਨੀਅਰ
Tuesday, Jul 26, 2022 - 11:30 AM (IST)
ਬੀਜਿੰਗ (ਬਿਊਰੋ) ਚੀਨ ਵਿੱਚ 16 ਤੋਂ 24 ਸਾਲ ਦੀ ਉਮਰ ਦੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਤੇਜ਼ੀ ਨਾਲ ਵੱਧ ਰਹੀ ਹੈ। 2022 ਵਿੱਚ ਕੀਤੇ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਇੰਜਨੀਅਰਿੰਗ ਦੀ ਡਿਗਰੀ ਵਾਲੇ ਨੌਜਵਾਨ ਹੁਣ ਸਰਕਾਰੀ ਦਫ਼ਤਰਾਂ ਵਿੱਚ ਕਲਰਕ ਬਣਨ ਲਈ ਮਜਬੂਰ ਹਨ। ਕਰੀਬ 1.5 ਕਰੋੜ ਨੌਜਵਾਨਾਂ ਨੇ ਸਰਕਾਰੀ ਨੌਕਰੀਆਂ ਲਈ ਅਪਲਾਈ ਕੀਤਾ ਹੈ।ਚੀਨ ਵਿੱਚ ਦੁਨੀਆ ਦੀਆਂ ਕਈ ਵੱਡੀਆਂ ਅਰਥਵਿਵਸਥਾਵਾਂ ਨਾਲੋਂ ਵੱਧ ਬੇਰੁਜ਼ਗਾਰੀ ਦਰ ਹੈ। ਇੱਥੇ ਬੇਰੁਜ਼ਗਾਰੀ ਦੀ ਦਰ 19.3% ਹੈ, ਜਦੋਂ ਕਿ ਅਮਰੀਕਾ ਵਿੱਚ ਬੇਰੁਜ਼ਗਾਰੀ ਦੀ ਦਰ ਇਸ ਤੋਂ ਅੱਧੀ ਹੈ।
ਸਰਕਾਰ ਦੀਆਂ ਸਖ਼ਤ ਨੀਤੀਆਂ ਕਾਰਨ ਕਈ ਕੰਪਨੀਆਂ ਵਿੱਚ ਹੋਈ ਛਾਂਟੀ
ਕੋਰੋਨਾ ਦੇ ਸਮੇਂ ਸਰਕਾਰ ਦੀਆਂ ਸਖ਼ਤ ਨੀਤੀਆਂ ਕਾਰਨ ਕਈ ਕੰਪਨੀਆਂ ਵਿੱਚ ਕਰਮਚਾਰੀਆਂ ਦੀ ਛਾਂਟੀ ਹੋਈ ਸੀ। ਇਸ ਕਾਰਨ ਕਈ ਲੋਕ ਸੜਕ 'ਤੇ ਆ ਗਏ। ਇਸ ਦੇ ਨਾਲ ਹੀ ਰੀਅਲ ਅਸਟੇਟ ਅਤੇ ਸਿੱਖਿਆ ਨਾਲ ਜੁੜੀਆਂ ਕੰਪਨੀਆਂ ਵੀ ਸਰਕਾਰੀ ਨੀਤੀਆਂ ਤੋਂ ਪ੍ਰਭਾਵਿਤ ਹੋਈਆਂ ਹਨ।ਉਮੀਦ ਹੈ ਕਿ ਇਸ ਸਾਲ ਚੀਨ ਵਿੱਚ ਨੌਕਰੀ ਦੇ ਖੇਤਰ ਵਿੱਚ ਆਉਣ ਵਾਲੇ ਨਵੇਂ ਡਿਗਰੀ ਹੋਲਡਰ ਵਿਦਿਆਰਥੀਆਂ ਦੀ ਗਿਣਤੀ 1.2 ਕਰੋੜ ਹੈ।
ਪੈਸੇ ਕਢਵਾਉਣ ਤੋਂ ਰੋਕਣ ਲਈ ਬੈਂਕਾਂ ਦੇ ਗੇਟਾਂ 'ਤੇ ਫੌਜ ਤਾਇਨਾਤ
ਹਾਲ ਹੀ 'ਚ ਚੀਨ 'ਚ ਕਈ ਬੈਂਕਾਂ ਨੇ ਪੈਸੇ ਕਢਵਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਬੈਂਕ ਆਫ ਚਾਈਨਾ ਦਾ ਕਹਿਣਾ ਹੈ ਕਿ ਇੱਥੇ ਜਮ੍ਹਾ ਪੈਸਾ ਨਿਵੇਸ਼ ਹੈ। ਇਸ ਨੂੰ ਹਟਾਇਆ ਨਹੀਂ ਜਾ ਸਕਦਾ। ਇਸ ਫ਼ੈਸਲੇ ਖ਼ਿਲਾਫ਼ ਚੀਨ ਵਿੱਚ ਭਾਰੀ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਚੀਨ ਦੀ ਕਮਿਊਨਿਸਟ ਸਰਕਾਰ ਨੇ ਲੋਕਾਂ ਨੂੰ ਪੈਸੇ ਕਢਵਾਉਣ ਤੋਂ ਰੋਕਣ ਲਈ ਵੱਡੀ ਗਿਣਤੀ ਵਿੱਚ ਫੌਜ ਦੇ ਟੈਂਕ ਸੜਕਾਂ 'ਤੇ ਉਤਾਰ ਦਿੱਤੇ ਹਨ। ਇਸ ਮਾਮਲੇ 'ਚ 10 ਜੁਲਾਈ ਨੂੰ 1000 ਤੋਂ ਵੱਧ ਪ੍ਰਦਰਸ਼ਨਕਾਰੀ ਹੇਨਾਨ ਦੇ ਝੋਂਗਝੂ 'ਚ ਬੈਂਕ ਆਫ ਚਾਈਨਾ ਦੀ ਸ਼ਾਖਾ ਦੇ ਸਾਹਮਣੇ ਇਕੱਠੇ ਹੋਏ ਅਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਕੋਰੋਨਾ ਦਾ ਕਹਿਰ, 14 ਮਿਲੀਅਨ ਤੋਂ ਵੱਧ 'ਬੱਚੇ' ਕੋਵਿਡ-19 ਨਾਲ ਹੋਏ ਸੰਕਰਮਿਤ
ਚੀਨੀ ਪ੍ਰੋਫੈਸਰ ਦਾ ਦਾਅਵਾ
ਕੁਝ ਦਿਨ ਪਹਿਲਾਂ ਵਾਇਰਲ ਹੋਏ ਇੱਕ ਵੀਡੀਓ ਵਿੱਚ ਬੀਜਿੰਗ ਦੀ ਸਿੰਹੁਆ ਯੂਨੀਵਰਸਿਟੀ ਦੇ ਪ੍ਰੋਫੈਸਰ ਝੇਂਗ ਯੂਹੁਆਂਗ ਨੇ ਕਿਹਾ ਸੀ ਕਿ 2022 ਚੀਨ ਲਈ ਮੁਸ਼ਕਲ ਸਾਲ ਹੈ। ਝੇਂਗ ਮੁਤਾਬਕ 2022 ਦੀ ਪਹਿਲੀ ਤਿਮਾਹੀ 'ਚ ਚੀਨ 'ਚ 4.60 ਲੱਖ ਕੰਪਨੀਆਂ ਬੰਦ ਹੋ ਗਈਆਂ ਹਨ ਅਤੇ 3.1 ਕਰੋੜ ਕਾਰੋਬਾਰੀ ਪਰਿਵਾਰ ਦੀਵਾਲੀਆ ਹੋ ਗਏ ਹਨ। ਇਸ ਸਾਲ 1.76 ਕਰੋੜ ਕਾਲਜ ਗ੍ਰੈਜੂਏਟ ਸਾਹਮਣੇ ਆਏ ਹਨ, ਜਿਸ ਕਾਰਨ ਨੌਕਰੀਆਂ ਦਾ ਸੰਕਟ ਪੈਦਾ ਹੋ ਗਿਆ ਹੈ। ਚੀਨ ਵਿੱਚ ਕਰੀਬ 8 ਕਰੋੜ ਨੌਜਵਾਨ ਬੇਰੁਜ਼ਗਾਰ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।