ਜਰਮਨ ''ਚ ''ਪੰਜਾਬੀ ਸਾਂਝ'' ਸਮਾਗਮ ਨੇ ਛੱਡੀਆਂ ਅਮਿੱਟ ਪੈੜਾਂ

07/08/2019 7:51:15 AM

ਰੋਮ, (ਕੈਂਥ)— ਜਰਮਨ ਦੇ ਸ਼ਹਿਰ ਫਰੈਂਕਫਰਟ ਵਿਖੇ ਦੋਵਾਂ ਦੇਸ਼ਾਂ ਭਾਰਤ ਤੇ ਪਾਕਿਸਤਾਨ ਦੇ ਪੰਜਾਬ ਵਾਸੀਆਂ ਵੱਲੋਂ 'ਪੰਜਾਬੀ ਸਾਂਝ' ਦੇ ਨਾਂ ਹੇਠ ਇੱਕ ਪੰਜਾਬੀ ਸਮਾਗਮ ਕਰਵਾਇਆ ਗਿਆ। ਜਿਸ 'ਚ ਜਿੱਥੇ ਜਰਮਨ ਵੱਸਦੇ ਆਰਲੇ ਅਤੇ ਪਾਰਲੇ ਪੰਜਾਬ ਵਾਸੀਆਂ ਨੇ ਸ਼ਿਰਕਤ ਕੀਤੀ, ਉੱਥੇ ਪੰਜਾਬ ਭਵਨ ਕੈਨੇਡਾ ਦੇ ਸੰਚਾਲਕ ਸੁੱਖੀ ਬਾਠ ਵੀ ਉਚੇਚੇ ਤੌਰ 'ਤੇ ਪੁੱਜੇ। ਜਰਮਨ ਵਾਸੀ ਡਾ. ਅਜੀਤ ਸਿੰਘ ਨੇ ਯੂਰਪ ਵਿੱਚ ਪੰਜਾਬੀਆਂ ਦੀਆਂ ਮੌਜੂਦਾ ਅਤੇ ਵਰਤਮਾਨੀ ਸਮੱਸਿਆਵਾਂ 'ਤੇ ਬਹੁਤ ਵਿਸਥਾਰ ਨਾਲ ਚਾਨਣਾ ਪਾਇਆ।

ਸੁੱਖੀ ਬਾਠ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਯੂਰਪ ਦੇ ਸਮੂਹ ਪੰਜਾਬੀ ਭਾਈਚਾਰੇ ਨੂੰ ਇੱਕਜੁਟ ਹੋ ਕੇ ਪੰਜਾਬ ਅਤੇ ਪੰਜਾਬੀਅਤ ਲਈ ਕਾਰਜਸ਼ੀਲ ਹੋਣ ਦਾ ਸੁਨੇਹਾ ਦਿੱਤਾ ਹੈ। ਸ਼ਾਕਿਰ ਅਲੀ ਅਮਜਦ (ਪ੍ਰਧਾਨ ਅਦਬੀ ਤਨਜ਼ੀਮ ਪੰਚਨਾਦ ਜਰਮਨੀ) ਨੇ ਬਹੁਤ ਭਾਵਪੂਰਤ ਸ਼ਬਦਾਂ ਵਿੱਚ ਦੋਵਾਂ ਪੰਜਾਬਾਂ ਦੀ ਹਰ ਸਾਂਝ ਨੂੰ ਯਾਦ ਕਰਵਾ ਕੇ ਸਦਾ ਇਕੱਠੇ ਚੱਲਣ ਦਾ ਭਰੋਸਾ ਦਿਵਾਇਆ। ਮੰਚ ਸੰਚਾਲਿਕਾ ਅੰਜੂਜੀਤ ਸ਼ਰਮਾ ਨੇ ਆਏ ਸਮੂਹ ਬੁਲਾਰਿਆਂ ਦੀ ਜਾਣ-ਪਹਿਚਾਣ ਕਰਵਾਈ ਅਤੇ ਕਿਹਾ ਕਿ ਸਾਨੂੰ ਦਰਿਆਵਾਂ ਤੋਂ ਪਾਰ ਸਾਗਰਾਂ ਵਿੱਚ ਵਸੇ ਤੀਸਰੇ ਪੰਜਾਬ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਬੁਲਾਰੇ ਸਨ ਜਿਨ੍ਹਾਂ ਵਿੱਚ ਰਾਜ ਬਾਜਵਾ, ਸੁੱਚਾ ਸਿੰਘ ਬਾਜਵਾ, ਅਰਪਿੰਦਰ ਸਿੰਘ ਬਿੱਟੂ, ਕੁਲਦੀਪ ਮੁਲਤਾਨੀ, ਕੰਵਰ ਜੀ, ਅਨਵਰ ਆਰਿਫ਼, ਜਸਵਿੰਦਰ ਸਿੰਘ, ਕੁਲਦੀਪ, ਇਸ਼ਰਤ ਮੱਟੂ, ਨੀਲੂ ਤੇ ਕਮਲ ਦੇ ਨਾਂ ਵਿਸ਼ੇਸ਼ ਹਨ। ਇਸ ਤੋਂ ਇਲਾਵਾ ਹਾਜ਼ਰ ਕਵੀਆਂ ਨੇ ਇੱਕ ਕਵੀ ਦਰਬਾਰ ਦਾ ਆਯੋਜਨ ਵੀ ਕੀਤਾ।


Related News