'ਸ੍ਰੀ ਅਕਾਲ ਤਖ਼ਤ ਸਾਹਿਬ ਸਾਡਾ ਇਕੋ-ਇਕ ਸਰਵਉੱਚ ਸਥਾਨ...', ਜਸਬੀਰ ਜੱਸੀ ਨੇ ਲੋਕਾਂ ਨੂੰ ਕੀਤੀ ਵੱਡੀ ਅਪੀਲ (Video)
Tuesday, Dec 30, 2025 - 11:02 AM (IST)
ਵੈੱਬ ਡੈਸਕ : ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਅਤੇ ਜਥੇਦਾਰ ਸਾਹਿਬ ਦੇ ਸਤਿਕਾਰ ਨੂੰ ਲੈ ਕੇ ਇੱਕ ਵਿਸ਼ੇਸ਼ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। ਜੱਸੀ ਨੇ ਸਪੱਸ਼ਟ ਕੀਤਾ ਹੈ ਕਿ ਸਿੱਖਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਹੀ ਇੱਕੋ-ਇੱਕ ਸਰਵਉੱਚ ਅਸਥਾਨ ਹੈ ਅਤੇ ਉੱਥੋਂ ਦੇ ਜਥੇਦਾਰ ਸਾਹਿਬ ਜੋ ਵੀ ਫੈਸਲਾ ਜਾਂ ਹੁਕਮ ਦੇਣਗੇ, ਉਹ ਉਸ ਦਾ ਪੂਰਾ ਸਤਿਕਾਰ ਕਰਨਗੇ।
ਜਥੇਦਾਰ ਵਿਰੁੱਧ ਬੋਲਣਾ ਗਲਤ, ਘਰ ਦੀ ਲੜਾਈ ਦਾ ਵੈਰੀਆਂ ਨੂੰ ਹੋਵੇਗਾ ਫਾਇਦਾ
ਜਸਬੀਰ ਜੱਸੀ ਨੇ ਸੰਗਤ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਜਥੇਦਾਰ ਸਾਹਿਬ ਬਾਰੇ ਕੋਈ ਵੀ ਮਾੜੀ-ਚੰਗੀ ਗੱਲ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਹੀ ਘਰ ਵਿੱਚ ਲੜਾਈ ਪਾਵਾਂਗੇ, ਤਾਂ ਇਸ ਦਾ ਫਾਇਦਾ ਉਹ ਲੋਕ ਚੁੱਕਣਗੇ ਜੋ ਸਿੱਖੀ ਦਾ ਪ੍ਰਚਾਰ ਰੋਕਣਾ ਚਾਹੁੰਦੇ ਹਨ, ਜਿਵੇਂ ਕਿ ਡੇਰੇਦਾਰ ਅਤੇ ਕਬਰਾਂ ਨੂੰ ਮੰਨਣ ਵਾਲੇ। ਜੱਸੀ ਅਨੁਸਾਰ, ਜਥੇਦਾਰ ਸਾਹਿਬ ਨੇ ਜੋ ਵੀ ਬੋਲਿਆ ਹੈ, ਉਹ ਮਰਯਾਦਾ ਦੀ ਰਾਖੀ ਲਈ ਹੀ ਬੋਲਿਆ ਹੈ।
'ਗੁਰੂ ਗ੍ਰੰਥ ਸਾਹਿਬ ਦਾ ਲੜ ਕਦੇ ਨਹੀਂ ਛੱਡਾਂਗਾ'
ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਅਫਵਾਹਾਂ ਦਾ ਜਵਾਬ ਦਿੰਦਿਆਂ ਜੱਸੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਕੁਝ ਲੋਕ ਕਹਿ ਰਹੇ ਹਨ ਕਿ ਜੇਕਰ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਉਹ ਧਰਮ ਬਦਲ ਲੈਣਗੇ। ਇਸ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ, "ਭਾਵੇਂ ਮੇਰੇ ਸਰੀਰ ਦੇ ਲੱਖਾਂ ਟੋਟੇ ਕਰ ਦਿੱਤੇ ਜਾਣ, ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਲੜ ਕਦੇ ਨਹੀਂ ਛੱਡਾਂਗਾ"। ਉਨ੍ਹਾਂ ਕਿਹਾ ਕਿ ਉਹ ਸ਼ੋਹਰਤ, ਪੈਸੇ ਜਾਂ ਚਮਤਕਾਰਾਂ ਪਿੱਛੇ ਭੱਜਣ ਵਾਲੇ ਨਹੀਂ ਹਨ ਅਤੇ ਉਹ ਹਮੇਸ਼ਾ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜੇ ਰਹਿਣਗੇ।
ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਦਾ ਕੀਤਾ ਧੰਨਵਾਦ
ਜੱਸੀ ਨੇ ਕੀਰਤਨ ਪ੍ਰਵਾਹ ਦੇ ਉੱਘੇ ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਈ ਸਾਹਿਬ ਨੇ ਬਹੁਤ ਵੱਡਾਪਣ ਦਿਖਾਉਂਦੇ ਹੋਏ ਸਾਰੀ ਗੱਲ ਆਪਣੇ ਉੱਪਰ ਲੈ ਲਈ ਹੈ ਅਤੇ ਉਹ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਬਹੁਤ ਵੱਡਾ ਉਪਰਾਲਾ ਕਰ ਰਹੇ ਹਨ।
ਕਬਰਾਂ ਦੇ ਖਿਲਾਫ ਬੋਲਣ ਦਾ ਕਾਰਨ
ਆਪਣੇ ਉੱਪਰ ਹੋ ਰਹੀ ਨੁਕਤਾਚੀਨੀ ਦਾ ਜਵਾਬ ਦਿੰਦਿਆਂ ਜੱਸੀ ਨੇ ਕਿਹਾ ਕਿ ਉਹ ਕਬਰਾਂ ਦੇ ਖਿਲਾਫ ਇਸ ਲਈ ਬੋਲਦੇ ਹਨ ਕਿਉਂਕਿ ਉਨ੍ਹਾਂ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਇੱਕ ਬਹੁਤ ਵੱਡਾ ਅਮੀਰ ਖਜ਼ਾਨਾ ਮੌਜੂਦ ਹੈ। ਉਨ੍ਹਾਂ ਕਿਹਾ ਕਿ ਕਬਰਾਂ ਦਾ ਕੋਈ ਵਜੂਦ ਜਾਂ ਇਤਿਹਾਸ ਨਹੀਂ ਹੈ, ਜਦਕਿ ਸਾਡਾ ਇਤਿਹਾਸ ਅਤੇ ਕਿਰਦਾਰ ਬਹੁਤ ਮਹਾਨ ਹੈ। ਉਹ ਚਾਹੁੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਸੰਦੇਸ਼ ਹਰ ਧਰਮ ਦੇ ਇਨਸਾਨ ਤੱਕ ਪਹੁੰਚੇ ਤਾਂ ਜੋ ਹਰ ਕੋਈ ਆਪਣਾ ਜੀਵਨ ਪਵਿੱਤਰ ਕਰ ਸਕੇ।
ਕੀ ਹੈ ਪੂਰਾ ਮਾਮਲਾ?
ਦੱਸ ਦਈਏ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਮਾਗਮਾਂ ਦੇ ਚੱਲਦੇ ਜ਼ਿਲ੍ਹਾ ਗੁਰਦਾਸਪੁਰ ਵਿਚ ਪੈਂਦੇ ਪਿੰਡ ਬੱਲੜ੍ਹਵਾਲ (ਨੇੜੇ ਘੁਮਾਣ) ਵਿਖੇ ਨੌਜਵਾਨ ਸਭਾ, ਐੱਨਆਰਆਈ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ ਕਰਵਾਇਆ ਗਿਆ ਸੀ। ਜਿੱਥੇ ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਭਾਈ ਹਰਜਿੰਦਰ ਸਿੰਘ ਸ੍ਰੀ ਨਗਰ ਵਾਲਿਆਂ ਦੀ ਹਾਜ਼ਰੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਕੀਰਤਨ ਕੀਤਾ ਸੀ। ਇਸ ਕੀਰਤਨ ਦੀ ਵੀਡੀਓ ਜਸਵੀਰ ਜੱਸੀ ਵਲੋਂ ਆਪਣੇ ਪੇਜ਼ 'ਤੇ ਸ਼ੇਅਰ ਕੀਤੀ ਗਈ। ਸਿੱਖ ਰਹਿਤ ਮਰਿਆਦਾ ਦਾ ਹਵਾਲਾ ਦਿੰਦੇ ਹੋਏ ਜਥੇਦਾਰ ਕੁਲਦੀਪ ਸਿੰਘ ਗੜਗੱਜ ਵਲੋਂ ਇਸ ਵੀਡੀਓ 'ਤੇ ਇਤਰਾਜ਼ ਜਤਾਇਆ। ਧਾਰਮਿਕ ਸਮਾਗਮ ਦੌਰਾਨ ਕੀਤੇ ਗਏ ਸ਼ਬਦ ਗਾਇਨ ਅਤੇ ਕੀਰਤਨ ਨੂੰ ਲੈ ਕੇ ਪ੍ਰਤੀਕਿਰਿਆ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਸਪੱਸ਼ਟ ਕੀਤਾ ਹੈ ਕਿ ਸਿੱਖ ਰੀਤਾਂ ਅਤੇ ਪਰੰਪਰਾਵਾਂ ਅਨੁਸਾਰ ਕੀਰਤਨ ਕੇਵਲ ਇੱਕ ਪੂਰਨ ਸਿੱਖ ਹੀ ਕਰ ਸਕਦਾ ਹੈ।
ਮਰਯਾਦਾ ਦੀ ਪਾਲਣਾ ਲਾਜ਼ਮੀ
ਜਥੇਦਾਰ ਨੇ ਜਾਣਕਾਰੀ ਦਿੱਤੀ ਕਿ ਸਿੱਖ ਰਹਿਤ ਮਰਯਾਦਾ ਵਿੱਚ ਇਹ ਸਪੱਸ਼ਟ ਤੌਰ 'ਤੇ ਦਰਜ ਹੈ ਕਿ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕੀਰਤਨ ਕਰਨ ਦਾ ਅਧਿਕਾਰ ਸਿਰਫ਼ ਸਿੱਖ ਕੋਲ ਹੈ ਅਤੇ ਪਤਿਤ ਸਿੱਖ ਕੀਰਤਨ ਨਹੀਂ ਕਰ ਸਕਦਾ। ਉਨ੍ਹਾਂ ਅਨੁਸਾਰ, ਕੀਰਤਨ ਦਾ ਅਭਿਆਸ ਅਤੇ ਅਧਿਕਾਰ ਉਸੇ ਵਿਅਕਤੀ ਕੋਲ ਹੋਣਾ ਚਾਹੀਦਾ ਹੈ ਜੋ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੋਵੇ ਅਤੇ ਇੱਕ ਸੱਚਾ ਸਿੱਖ ਹੋਵੇ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਧਾਰਮਿਕ ਸਮਾਗਮਾਂ ਵਿੱਚ ਪਰੰਪਰਾਵਾਂ ਦੀ ਪਾਲਣਾ ਕਰਨਾ ਅਤਿ ਲੋੜੀਂਦਾ ਹੈ ਅਤੇ ਇਨ੍ਹਾਂ ਦੀ ਉਲੰਘਣਾ ਸਿੱਖ ਧਰਮ ਦੀ ਮਰਯਾਦਾ ਦੇ ਖਿਲਾਫ ਮੰਨੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
ਵੱਡੀ ਖ਼ਬਰ: Singer ਕਰਨ ਔਜਲਾ ''ਤੇ ਲੱਗੇ ਪਤਨੀ ਨੂੰ ਧੋਖਾ ਦੇਣ ਦੇ ਇਲਜ਼ਾਮ, ਵਿਦੇਸ਼ੀ ਅਦਾਕਾਰਾ ਨਾਲ ਚੱਲ ਰਿਹੈ ਅਫੇਅਰ
