''ਡਿਜ਼ਾਈਨ ਕਾਰਨ ਹਾਦਸੇ ਦਾ ਸ਼ਿਕਾਰ ਹੋਇਆ ਸੀ ਬੋਇੰਗ 737''

09/23/2019 5:38:06 PM

ਜਕਾਰਤਾ (ਏਜੰਸੀ)- ਇੰਡੋਨੇਸ਼ੀਆ ਵਿਚ ਪਿਛਲੇ ਸਾਲ ਹੋਏ ਜਹਾਜ਼ ਹਾਦਸੇ ਦੀ ਜਾਂਚ ਰਿਪੋਰਟ ਸਾਹਮਣੇ ਆਈ ਹੈ। ਅਕਤੂਬਰ 2018 ਵਿਚ ਲਾਇਨ ਏਅਰ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਜਾਂਚ ਰਿਪੋਰਟ ਮੁਤਾਬਕ ਜਹਾਜ਼ ਦੇ ਡਿਜ਼ਾਈਨ ਵਿਚ ਖਾਮੀ ਸੀ।
ਦੋ ਹਾਦਸਿਆਂ ਤੋਂ ਬਾਅਦ ਬੋਇੰਗ ਦੀਆਂ ਮੈਕਸ ਉਡਾਣਾਂ ਵੀ ਬੰਦ
ਜਾਂਚਕਰਤਾਵਾਂ ਨੇ ਇਸ ਗੜਬੜੀ ਨੂੰ ਹੀ ਹਾਦਸੇ ਦਾ ਕਾਰਨ ਦੱਸਿਆ ਹੈ। ਇਹ ਜਹਾਜ਼ ਬੀਤੀ 29 ਅਕਤੂਬਰ ਨੂੰ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਸੀ। ਜਹਾਜ਼ ਵਿਚ ਸਵਾਰ ਸਾਰੇ 189 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਇਸ ਸਾਲ ਮਾਰਚ ਵਿਚ ਵੀ ਬੋਇੰਗ ਦਾ ਇਕ ਮੈਕਸ ਜਹਾਜ਼ ਇਥੋਪੀਆ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਵਿਚ 157 ਲੋਕਾਂ ਨੇ ਜਾਨ ਗਵਾਈ ਸੀ। ਇਨ੍ਹਾਂ ਦੋ ਹਾਦਸਿਆਂ ਤੋਂ ਬਾਅਦ ਪੂਰੀ ਦੁਨੀਆ ਵਿਚ ਬੋਇੰਗ ਦੇ 737 ਮੈਕਸ ਜਹਾਜ਼ਾਂ ਦੀਆਂ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਸਨ।
ਵਾਲ ਸਟ੍ਰੀਟ ਅਖਬਾਰ ਨੇ ਮਸੌਦਾ ਜਾਂਚ ਰਿਪੋਰਟ ਦੇ ਹਵਾਲੇ ਤੋਂ ਆਪਣੀ ਖਬਰ ਵਿਚ ਦੱਸਿਆ ਕਿ ਜਾਂਚਕਰਤਾਵਾਂ ਨੇ ਹਾਦਸੇ ਦੀ ਹੋਰ ਵਜ੍ਹਾ ਵਿਚ ਪਾਇਲਟ ਦੀਆਂ ਗਲਤੀਆਂ ਅਤੇ ਜਹਾਜ਼ ਦੇ ਰੱਖ-ਰਖਾਅ ਵਿਚ ਗੜਬੜੀਆਂ ਦੀ ਵੀ ਪਛਾਣ ਕੀਤੀ ਹੈ। ਅੰਤਿਮ ਜਾਂਚ ਰਿਪੋਰਟ ਨਵੰਬਰ ਵਿਚ ਜਾਰੀ ਕੀਤੇ ਜਾਣ ਦੀ ਉਮੀਦ ਹੈ।
ਅਫਰੀਕੀ ਦੇਸ਼ ਇਥੋਪੀਆ ਨੂੰ ਆਪਣੀ ਸ਼ੁਰੂਆਤੀ ਜਾਂਚ ਵਿਚ ਬੋਇੰਗ 737 ਮੈਕਸ ਜਹਾਜ਼ ਵਿਚ ਕਈ ਖਾਮੀਆਂ ਲੱਭੀਆਂ ਸਨ। ਉਸ ਦੀ ਜਾਂਚ ਵਿਚ ਇਹ ਉਜਾਗਰ ਹੋਇਆ ਸੀ ਕਿ ਪਾਇਲਟ ਨੇ ਬੋਇੰਗ ਦੀਆਂ ਜ਼ਰੂਰੀ ਕਾਰਵਾਈਆਂ ਦਾ ਪਾਲਨ ਕੀਤਾ ਸੀ ਪਰ ਉਹ ਜਹਾਜ਼ ਨੂੰ ਕੰਟਰੋਲ ਨਹੀਂ ਕਰ ਸਕੇ ਸਨ।
ਬੀਤੀ ਜੁਲਾਈ ਵਿਚ ਦੁਨੀਆ ਦੀ ਪ੍ਰਸਿੱਧ ਜਹਾਜ਼ ਕੰਪਨੀ ਬੋਇੰਗ ਨੇ ਇਹ ਮੰਨਿਆ ਸੀ ਕਿ ਉਸ ਦੇ 737 ਮੈਕਸ ਜਹਾਜ਼ਾਂ ਦੀਆਂ ਉਡਾਣਾਂ 2020 ਤੋਂ ਪਹਿਲਾਂ ਨਹੀਂ ਹੋ ਸਕਣਗੀਆਂ ਕਿਉਂਕਿ ਜਹਾਜ਼ ਦੇ ਫਲਾਈਟ ਕੰਟਰੋਲ ਸਾਫਟਵੇਅਰ ਅਤੇ ਹੋਰ ਕੰਮ ਵਿਚ ਸਮਾਂ ਲੱਗ ਰਿਹਾ ਹੈ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਗਲੇ ਸਾਲ ਜਨਵਰੀ ਤੋਂ 737 ਮੈਕਸ ਜਹਾਜ਼ਾਂ ਦੀਆਂ ਉਡਾਣਾਂ ਬਹਾਲ ਹੋ ਸਕਦੀਆਂ ਹਨ।


Sunny Mehra

Content Editor

Related News