ਅੱਜ ਦਾ ਹੁਕਮਨਾਮਾ (15-10-2019)

10/15/2019 8:33:17 AM

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਰਾਗੁ ਸੂਹੀ ਮਹਲਾ ੧ ਚਉਪਦੇ ਘਰੁ ੧
ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ ॥ ਦੂਧੁ ਕਰਮ ਫੁਨਿ ਸੁਰਤਿ ਸਮਾਇਣੁ ਹੋਇ ਨਿਰਾਸ ਜਮਾਵਹੁ ॥੧॥ ਜਪਹੁ ਤ ਏਕੋ ਨਾਮਾ ॥ ਅਵਰਿ ਨਿਰਾਫਲ ਕਾਮਾ ॥੧॥ ਰਹਾਉ ॥ ਇਹੁ ਮਨੁ ਈਟੀ ਹਾਥਿ ਕਰਹੁ ਫੁਨਿ ਨੇਤ੍ਰਉ ਨੀਦ ਨ ਆਵੈ ॥ ਰਸਨਾ ਨਾਮੁ ਜਪਹੁ ਤਬ ਮਥੀਐ ਇਨ ਬਿਧਿ ਅੰਮ੍ਰਿਤੁ ਪਾਵਹੁ ॥੨॥ ਮਨੁ ਸੰਪਟੁ ਜਿਤੁ ਸਤ ਸਰਿ ਨਾਵਣੁ ਭਾਵਨ ਪਾਤੀ ਤ੍ਰਿਪਤਿ ਕਰੇ ॥ ਪੂਜਾ ਪ੍ਰਾਣ ਸੇਵਕੁ ਜੇ ਸੇਵੇ ਇਨ ਬਿਧਿ ਸਾਹਿਬੁ ਰਵਤੁ ਰਹੈ ॥੩॥ ਕਹਦੇ ਕਹਹਿ ਕਹੇ ਕਹਿ ਜਾਵਹਿ ਤੁਮ ਸਰਿ ਅਵਰੁ ਨ ਕੋਈ ॥ ਭਗਤਿ ਹੀਣੁ ਨਾਨਕੁ ਜਨੁ ਜੰਪੈ ਹਉ ਸਾਲਾਹੀ ਸਚਾ ਸੋਈ ॥੪॥੧॥
ਮੰਗਲਵਾਰ, ੨੯ ਅੱਸੂ (ਸੰਮਤ ੫੫੧ ਨਾਨਕਸ਼ਾਹੀ) ੧੫ ਅਕਤੂਬਰ, ੨੦੧੯ (ਅੰਗ: ੭੨੮)
 

ਪੰਜਾਬੀ ਵਿਆਖਿਆ:
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ ਰਾਗੁ ਸੂਹੀ ਮਹਲਾ ੧ ਚਉਪਦੇ ਘਰੁ ੧ (ਮੱਖਣ ਹਾਸਲ ਕਰਨ ਲਈ, ਹੇ ਭਾਈ!) ਤੁਸੀ (ਪਹਿਲਾਂ) ਭਾਂਡਾ ਧੋ ਕੇ ਬੈਠ ਕੇ (ਉਸ ਭਾਂਡੇ ਨੂੰ) ਧੂਪ ਦੇ ਕੇ ਤਦੋਂ ਦੁੱਧ ਲੈਣ ਜਾਂਦੇ ਹੋ (ਫਿਰ ਜਾਗ ਲਾ ਕੇ ਉਸ ਨੂੰ ਜਮਾਂਦੇ ਹੋ । ਇਸੇ ਤਰ੍ਹਾਂ ਜੇ ਨਾਮ-ਅੰਮ੍ਰਿਤ ਪ੍ਰਾਪਤ ਕਰਨਾ ਹੈ, ਤਾਂ) ਹਿਰਦੇ ਨੂੰ ਪਵਿਤ੍ਰ ਕਰ ਕੇ ਮਨ ਨੂੰ ਰੋਕੋ—ਇਹ ਇਸ ਹਿਰਦਾ-ਭਾਂਡੇ ਨੂੰ ਧੂਪ ਦਿਉ । ਤਦੋਂ ਦੁੱਧ ਲੈਣ ਜਾਵੋ । ਰੋਜ਼ਾਨਾ ਕਿਰਤ-ਕਾਰ ਦੁੱਧ ਹੈ, ਪ੍ਰਭੂਚਰਨਾਂ ਵਿਚ (ਹਰ ਵੇਲੇ) ਸੁਰਤਿ ਜੋੜੀ ਰੱਖਣੀ (ਰੋਜ਼ਾਨਾ ਕਿਰਤ-ਕਾਰ ਵਿੱਚ) ਜਾਗ ਲਾਣੀ ਹੈ, (ਜੁੜੀ ਸੁਰਤਿ ਦੀ ਬਰਕਤਿ ਨਾਲ) ਦੁਨੀਆਂ ਦੀਆਂ ਆਸਾਂ ਤੋਂ ਉਤਾਂਹ ਉੱਠੋ, ਇਸ ਤਰ੍ਹਾਂ ਇਹ ਦੁੱਧ ਜਮਾਵੋ (ਭਾਵ, ਜੁੜੀ ਸੁਰਤਿ ਦੀ ਸਹਾਇਤਾ ਨਾਲ ਰੋਜ਼ਾਨਾ ਕਿਰਤ-ਕਾਰ ਕਰਦਿਆਂ ਭੀ ਮਾਇਆ ਵਲੋਂ ਉਪਰਾਮਤਾ ਜੇਹੀ ਹੀ ਰਹੇਗੀ) ।੧। (ਹੇ ਭਾਈ! ਜੇ ਪ੍ਰਭੂ ਨੂੰ ਪ੍ਰਸੰਨ ਕਰਨਾ ਹੈ) ਤਾਂ ਸਿਰਫ਼ ਪ੍ਰਭੂ-ਨਾਮ ਹੀ ਜਪੋ (ਸਿਮਰਨ ਛੱਡ ਕੇ ਪ੍ਰਭੂ ਨੂੰ ਪ੍ਰਸੰਨ ਕਰਨ ਦੇ) ਹੋਰ ਸਾਰੇ ਉੱਦਮ ਵਿਅਰਥ ਹਨ ।੧।ਰਹਾਉ। (ਦੁੱਧ ਰਿੜਕਣ ਵੇਲੇ ਤੁਸੀ ਨੇਤ੍ਰੇ ਦੀਆਂ ਈਟੀਆਂ ਹੱਥ ਵਿਚ ਫੜਦੇ ਹੋ) ਆਪਣੇ ਇਸ ਮਨ ਨੂੰ ਵੱਸ ਵਿਚ ਕਰੋ (ਆਤਮਕ ਜੀਵਨ ਦੇ ਵਾਸਤੇ ਇਸ ਤਰ੍ਹਾਂ ਇਹ ਮਨਰੂਪ) ਈਟੀਆਂ ਹੱਥ ਵਿਚ ਫੜੋ । ਮਾਇਆ ਦੇ ਮੋਹ ਦੀ ਨੀਂਦ (ਮਨ ਉੱਤੇ) ਪ੍ਰਭਾਵ ਨ ਪਾਏ— ਇਹ ਹੈ ਨੇਤ੍ਰਾ । ਜੀਭ ਨਾਲ ਪਰਮਾਤਮਾ ਦਾ ਨਾਮ ਜਪੋ (ਜਿਉਂ ਜਿਉਂ ਨਾਮ ਜਪੋਗੇ,) ਤਿਉਂ ਤਿਉਂ (ਇਹ ਰੋਜ਼ਾਨਾ ਕਿਰਤ-ਕਾਰ-ਰੂਪ ਦੁੱਧ) ਰਿੜਕੀਂਦਾ ਰਹੇਗਾ, ਇਹਨਾਂ ਤਰੀਕਿਆਂ ਨਾਲ (ਰੋਜ਼ਾਨਾ ਕਿਰਤ-ਕਾਰ ਕਰਦੇ ਹੋਏ ਹੀ) ਨਾਮ-ਅ ੰਮ੍ਰਿਤ ਪ੍ਰਾਪਤ ਕਰ ਲਵੋਗੇ ।੨। (ਪੁਜਾਰੀ ਮੂਰਤੀ ਨੂੰ ਡੱਬੇ ਵਿਚ ਪਾਂਦਾ ਹੈ, ਜੇ ਜੀਵ) ਆਪਣੇ ਮਨ ਨੂੰ ਡੱਬਾ ਬਣਾਏ (ਉਸ ਵਿਚ ਪਰਮਾਤਮਾ ਦਾ ਨਾਮ ਟਿਕਾ ਕੇ ਰੱਖੇ) ਉਸ ਨਾਮ ਦੀ ਰਾਹੀਂ ਸਾਧ ਸੰਗਤਿ ਸਰੋਵਰ ਵਿਚ ਇਸ਼ਨਾਨ ਕਰੇ, (ਮਨ ਵਿਚ ਟਿਕੇ ਹੋਏ ਪ੍ਰਭੂ-ਠਾਕੁਰ ਨੂੰ) ਸਰਧਾ ਦੇ ਪੱਤਰਾਂ ਨਾਲ ਪ੍ਰਸੰਨ ਕਰੇ, ਜੇ ਜੀਵ ਸੇਵਕ ਬਣ ਕੇ ਆਪਾ-ਭਾਵ ਛੱਡ ਕੇ (ਅੰਦਰ-ਵੱਸਦੇ ਠਾਕੁਰ-ਪ੍ਰਭੂ ਦੀ) ਸੇਵਾ (ਸਿਮਰਨ) ਕਰੇ, ਤਾਂ ਇਹਨਾਂ ਤਰੀਕਿਆਂ ਨਾਲ ਉਹ ਜੀਵ ਮਾਲਕ-ਪ੍ਰਭੂ ਨੂੰ ਸਦਾ ਮਿਲਿਆ ਰਹਿੰਦਾ ਹੈ ।੩। (ਸਿਮਰਨ ਤੋਂ ਬਿਨਾ ਪ੍ਰਭੂ ਨੂੰ ਪ੍ਰਸੰਨ ਕਰਨ ਦੇ ਹੋਰ ਹੋਰ ਉੱਦਮ) ਦੱਸਣ ਵਾਲੇ ਬੰਦੇ ਜੋ ਜੋ ਭੀ ਹੋਰ ਹੋਰ ਉੱਦਮ ਦੱਸਦੇ ਹਨ, ਉਹ ਦੱਸ ਦੱਸ ਕੇ ਆਪਣਾ ਜੀਵਨ-ਸਮਾ ਵਿਅਰਥ ਗਵਾ ਜਾਂਦੇ ਹਨ (ਕਿਉਂਕਿ) ਹੇ ਪ੍ਰਭੂ! ਤੇਰੇ ਸਿਮਰਨ ਵਰਗਾ ਹੋਰ ਕੋਈ ਉੱਦਮ ਨਹੀਂ ਹੈ । (ਭਾਵੇਂ) ਨਾਨਕ (ਤੇਰਾ) ਦਾਸ ਭਗਤੀ ਤੋਂ ਸੱਖਣਾ (ਹੀ ਹੈ ਫਿਰ ਭੀ ਇਹ ਇਹੀ) ਬੇਨਤੀ ਕਰਦਾ ਹੈ ਕਿ ਮੈਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਦਾ ਸਿਫ਼ਤਿ-ਸਾਲਾਹ ਕਰਦਾ ਰਹਾਂ ।੪।੧।

English Translation :

ONE UNIVERSAL CREATOR GOD. TRUTH IS THE NAME. CREATIVE BEING PERSONIFIED. NO FEAR. NO HATRED. IMAGE OF THE UNDYING. BEYOND BIRTH. SELF-EXISTENT. BY GURU’S GRACE: RAAG SOOHEE, FIRST MEHL, CHAU-PADAS, FIRST HOUSE: Wash the vessel, sit down and anoint it with fragrance; then, go out and get the milk. Add the rennet of clear consciousness to the milk of good deeds, and then, free of desire, let it curdle. || 1 || Chant the Name of the One Lord. All other actions are fruitless. || 1 || Pause || Let your mind be the handles, and thenchurn it, without sleeping. If you chant the Naam, the Name of the Lord, with your tongue, then the curd will be churned. In this way, the Ambrosial Nectar is obtained. || 2 || Wash your mind in the pool of Truth, and let it be the vessel of the Lord; let this be your offering to please Him. That humble servant who dedicates and offers his life, and who serves in this way, remains absorbed in his Lord and Master. || 3 || The speakers speak and speak and speak, and then they depart. There is no other to compare to You. Servant Nanak, lacking devotion, humbly prays: may I sing the Praises of the True Lord. || 4 || 1 ||

Tuesday, 29th Assu (Samvat 551 Nanakshahi) 15th October, 2019 (Page: 728)


Related News