ਸੈਲਾ ਖੁਰਦ ਵਿਖੇ ਬੈਂਕ ਦਾ ਏ. ਟੀ. ਐੱਮ ਤੋੜਨ ਦੀ ਨਾਕਾਮ ਕੋਸ਼ਿਸ਼

12/22/2023 6:45:01 PM

ਸੈਲਾ ਖੁਰਦ (ਰਾਜੇਸ਼ ਅਰੋੜਾ) : ਬੀਤੀ ਰਾਤ ਚੋਰਾਂ ਨੇ ਸਥਾਨਿਕ ਦਾਣਾ ਮੰਡੀ ਵਿਖੇ ਸਥਿਤ ਐੱਚ. ਡੀ. ਐੱਫ. ਸੀ. ਬੈਂਕ ਦੀ ਬ੍ਰਾਂਚ ਨਾਲ ਲੱਗੇ ਏ. ਟੀ. ਐੱਮ ਦੇ ਕਮਰੇ ਦੇ ਤਾਲੇ ਤੋੜ ਕੇ ਨਗਦੀ ਚੋਰੀ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ। ਮੌਕੇ ਤੋਂ ਇਕੱਤਰ ਜਾਣਕਾਰੀ ਮੁਤਾਬਿਕ ਬੀਤੀ ਰਾਤ ਕਰੀਬ ਸਵਾ ਦੋ ਵਜੇ ਚੋਰਾਂ ਨੇ  ਏ. ਟੀ. ਐੱਮ. ਦੇ ਕਮਰੇ ਦੇ ਸ਼ਟਰ ਦੇ ਜਿੰਦਰੇ ਤੋੜ ਕੇ ਏ. ਟੀ.ਐੱਮ ਮਸ਼ੀਨ ਤਕ ਪੁੱਜ ਗਏ ਅਤੇ ਮਸ਼ੀਨ ਵਿਚੋਂ ਕੈਸ਼ ਚੋਰੀ ਕਰਨ ਲਈ ਮਸ਼ੀਨ ਦੀ ਭੰਨਤੋੜ ਕੀਤੀ ਪਰੰਤੂ ਮਸ਼ੀਨ ਨੂੰ ਤੋੜਨ ’ਚ ਚੋਰ ਕਾਮਯਾਬ ਨਹੀਂ ਹੋਏ ਤੇ ਉਸ ਵਿਚ ਪਿਆ ਕੈਸ਼ ਸੁਰੱਖਿਅਤ ਪਾਇਆ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਨਾ ਹੀ ਏ. ਟੀ. ਐੱਮ. ਵਿਚ ਕੋਈ ਚੌਂਕੀਦਾਰ ਸੀ ਨਾ ਹੀ ਦਾਣਾ ਮੰਡੀ ਵਿਚ ਕੋਈ ਚੌਕੀਦਾਰ ਸੀ। 

ਪੁਲਸ ਸੀ. ਸੀ. ਟੀ. ਵੀ. ਕੈਮਰੇ ਰਹੀ ਖੰਗਾਲ 

ਮੌਕੇ ’ਤੇ ਪੁਜੇ ਥਾਣਾ ਮੁਖੀ ਮਾਹਿਲਪੁਰ ਬਲਵਿੰਦਰ ਜੌੜਾ ਨੇ ਦੱਸਿਆ ਕੇ ਅਸੀਂ ਬੈਂਕ ਦੇ ਅਤੇ ਆਸ ਪਾਸ ਦੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲ ਰਹੇ ਹਾਂ ਜਲਦੀ ਇਸ ਘਟਨਾ ’ਚ ਸ਼ਾਮਲ ਚੋਰ ਫੜ ਲਏ ਜਾਣਗੇ। ਉਨ੍ਹਾਂ ਕਿਹਾ ਕੇ ਬੈਂਕ ਦੇ ਕੈਮਰਿਆਂ ਤੋਂ ਹੁਣ ਤਕ ਦੋ ਚੋਰਾਂ ਦੇ ਇਸ ਵਾਰਦਾਤ ਵਿਚ ਸ਼ਾਮਲ ਹੋਣ ਦਾ ਪਤਾ ਲੱਗਾ ਹੈ ਜੋ ਕਿ ਰਾਤ ਕਰੀਬ ਸਵਾ ਦੋ ਵਜੇ ਇਸ ਏ. ਟੀ. ਐੱਮ ਦੇ ਸ਼ਟਰ ਦੇ ਤਾਲੇ ਤੋੜ ਕੇ ਇਸ ਘਟਨਾ ਨੂੰ ਅੰਜਾਮ ਦੇ ਰਹੇ ਸਨ। ਬਾਕੀ ਜਾਂਚ ਜਾਰੀ ਹੈ ਪੁਲਸ ਨੇ ਅਣਪਛਾਤੇ ਚੋਰਾਂ ਖ਼ਿਲਾਫ ਕੇਸ ਦਰਜ ਕਰ ਦਿੱਤਾ ਹੈ। 


Gurminder Singh

Content Editor

Related News