ਐੱਮ. ਵੀ. ਏ. ਨੂੰ ਲੋਕ ਸਭਾ ਚੋਣਾਂ ’ਚ ਮਿਲੀ ਜਿੱਤ ਅੰਤ ਨਹੀਂ, ਸ਼ੁਰੂਆਤ ਹੈ : ਊਧਵ
Saturday, Jun 15, 2024 - 09:52 PM (IST)
ਮਹਾਰਾਸ਼ਟਰ- ਸ਼ਿਵ ਸੈਨਾ (ਯੂ. ਬੀ. ਟੀ.) ਦੇ ਮੁਖੀ ਊਧਵ ਠਾਕਰੇ ਨੇ ਕਿਹਾ ਕਿ ਮਹਾਰਾਸ਼ਟਰ ’ਚ ਲੋਕ ਸਭਾ ਚੋਣਾਂ ਵਿਚ ਮਹਾ ਵਿਕਾਸ ਅਘਾੜੀ (ਐੱਮ. ਵੀ. ਏ.) ਦੀ ਜਿੱਤ ਸ਼ੁਰੂਆਤ ਹੈ, ਅੰਤ ਨਹੀਂ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਸੂਬੇ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵਿਰੋਧੀ ਗੱਠਜੋੜ ਹੀ ਜਿੱਤ ਹਾਸਲ ਕਰੇਗਾ। ਐੱਮ. ਵੀ. ਏ. ’ਚ ਸ਼ਿਵ ਸੈਨਾ (ਯੂ. ਬੀ. ਟੀ.), ਕਾਂਗਰਸ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦਚੰਦਰ ਪਵਾਰ) ਸ਼ਾਮਲ ਹਨ।
ਠਾਕਰੇ ਦੱਖਣੀ ਮੁੰਬਈ ’ਚ ਐੱਮ. ਵੀ. ਏ. ਦੀਆਂ ਸਹਿਯੋਗੀ ਪਾਰਟੀਆਂ ਦੇ ਸਾਂਝੇ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ, ਜਿਸ ’ਚ ਐੱਨ. ਸੀ. ਪੀ. (ਸਪਾ) ਦੇ ਮੁਖੀ ਸ਼ਰਦ ਪਵਾਰ ਅਤੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਿਥਵੀਰਾਜ ਚਵਾਨ ਨੇ ਵੀ ਸੰਬੋਧਨ ਕੀਤਾ। ਤਿੰਨਾਂ ਪਾਰਟੀਆਂ ਨੇ ਇਸ ਸਾਲ ਦੇ ਅੰਤ ਵਿਚ ਹੋਣ ਵਾਲੀਆਂ ਰਾਜ ਵਿਧਾਨ ਸਭਾ ਚੋਣਾਂ ਦੀ ਤਿਆਰੀ ਸਬੰਧੀ ਮੀਟਿੰਗ ਵੀ ਕੀਤੀ। ਠਾਕਰੇ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਦਿਖਾ ਦਿੱਤਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਅਜਿੱਤਤਾ ਦੀ ਮਿੱਥ ਕਿੰਨੀ ਖੋਖਲੀ ਹੈ।
ਕਾਂਗਰਸ ਨੇਤਾ ਚਵਾਨ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਮਹਾਰਾਸ਼ਟਰ ’ਚ ਸਰਕਾਰ ਬਦਲਣੀ ਤੈਅ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਵਿੰਨ੍ਹਦਿਆਂ ਪਵਾਰ ਨੇ ਕਿਹਾ, ‘ਅਸੀਂ ਐੱਮ. ਵੀ. ਏ. ਲਈ ਸਿਆਸੀ ਮਾਹੌਲ ਅਨੁਕੂਲ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹਾਂ।
‘ਹਾਲ ਹੀ ਵਿਚ ਖਤਮ ਹੋਈਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਨੇ 13 ਸੀਟਾਂ ਜਿੱਤੀਆਂ, ਜੋ ਕਿ 2019 ’ਚ ਸੂਬੇ ’ਚ ਜਿੱਤੀ ਗਈ ਇਕ ਸੀਟ ਨਾਲ ਵੱਡੀ ਛਾਲ ਹੈ, ਜਦਕਿ ਸ਼ਿਵ ਸੈਨਾ (ਯੂ. ਬੀ. ਟੀ.) ਨੂੰ 9 ਅਤੇ ਐੱਨ. ਸੀ. ਪੀ. (ਸ਼ਰਦਚੰਦਰ ਪਵਾਰ) ਨੂੰ ਅੱਠ ਸੀਟਾਂ ਮਿਲੀਆਂ। ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਵਿਚ, ਊਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਨੂੰ ਐੱਮ. ਵੀ. ਏ. ਦੀਆਂ ਤਿੰਨ ਸੰਘਟਕ ਪਾਰਟੀਆਂ ਵਿਚੋਂ ਸਭ ਤੋਂ ਵੱਧ ਸੀਟਾਂ ਦਿੱਤੀਆਂ ਗਈਆਂ।
ਕੁੱਲ 48 ਲੋਕ ਸਭਾ ਸੀਟਾਂ ’ਚੋਂ ਸ਼ਿਵ ਸੈਨਾ (ਯੂ. ਬੀ. ਟੀ.) ਨੇ 21 ਸੀਟਾਂ ’ਤੇ ਚੋਣ ਲੜੀ, ਇਸ ਤੋਂ ਬਾਅਦ ਕਾਂਗਰਸ ਨੇ 17 ਅਤੇ ਐੱਨ. ਸੀ. ਪੀ. (ਸ਼ਰਦਚੰਦਰ ਪਵਾਰ) ਨੇ 10 ਸੀਟਾਂ ’ਤੇ ਚੋਣ ਲੜੀ।ਇਸ ਦੇ ਮੁਕਾਬਲੇ ’ਚ ਸੱਤਾਧਾਰੀ ਮਹਾਯੁਤੀ ਸਿਰਫ਼ 17 ਸੀਟਾਂ ਹੀ ਹਾਸਲ ਕਰ ਸਕੀ, ਜਦਕਿ ਭਾਜਪਾ ਦੀਆਂ ਸੀਟਾਂ ਦੀ ਗਿਣਤੀ 23 (ਜੋ ਇਸ ਨੇ 2019 ’ਚ ਜਿੱਤੀਆਂ ਸਨ) ਤੋਂ ਘਟ ਕੇ 9 ਰਹਿ ਗਈ। ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨੇ ਸੱਤ ਸੀਟਾਂ ਜਿੱਤੀਆਂ, ਜਦਕਿ ਅਜੀਤ ਪਵਾਰ ਦੀ ਅਗਵਾਈ ਵਾਲੀ ਐੱਨ. ਸੀ. ਪੀ. ਨੇ ਸਿਰਫ਼ ਇਕ ਸੀਟ ਜਿੱਤੀ।