ਭਾਜਪਾ ਦੇ ਵੋਟ ਬੈਂਕ ’ਚ ਇਸ ਵਾਰ ਕਾਫੀ ਵਾਧਾ ਹੋਣ ਦੀ ਸੰਭਾਵਨਾ

Monday, Jun 03, 2024 - 12:29 PM (IST)

ਭਾਜਪਾ ਦੇ ਵੋਟ ਬੈਂਕ ’ਚ ਇਸ ਵਾਰ ਕਾਫੀ ਵਾਧਾ ਹੋਣ ਦੀ ਸੰਭਾਵਨਾ

ਨੈਸ਼ਨਲ ਡੈਸਕ- ਭਾਵੇਂ ਐੱਨ. ਡੀ. ਟੀ. ਵੀ. ਦੇ ਪੋਲ ਆਫ ਪੋਲਸ ’ਚ ਤਾਮਿਲਨਾਡੂ ’ਚ ਭਾਜਪਾ ਨੂੰ 3 ਸੀਟਾਂ ਮਿਲਣ ਦਾ ਅਨੁਮਾਨ ਲਾਇਆ ਗਿਆ ਹੈ ਪਰ ਫਿਰ ਵੀ ਕਈ ਸਿਆਸੀ ਪੰਡਿਤ ਇਸ ਗੱਲ ਤੋਂ ਇਨਕਾਰ ਨਹੀਂ ਕਰ ਰਹੇ ਕਿ ਤਾਮਿਲਨਾਡੂ ’ਚ ਨਤੀਜੇ ਭਾਵੇਂ ਜੋ ਵੀ ਹੋਣ ਪਰ ਭਾਜਪਾ ਦੇ ਵੋਟ ਬੈਂਕ ਵਿਚ ਇਸ ਵਾਰ ਕਾਫੀ ਵਾਧਾ ਹੋਣ ਦੀ ਸੰਭਾਵਨਾ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਤਾਮਿਲਨਾਡੂ ’ਚ ਦ੍ਰਵਿੜ ਸਿਆਸਤ ’ਤੇ ਭਾਜਪਾ ਦੇ ਹਿੰਦੂਤਵ ਦੀ ਸਿਆਸਤ ਭਵਿੱਖ ਵਿਚ ਹਾਵੀ ਹੁੰਦੀ ਚਲੀ ਜਾਵੇਗੀ। ਇਸ ਚੋਣ ਵਿਚ ਭਾਜਪਾ ਸੂਬੇ ਦੀਆਂ 39 ਵਿਚੋਂ 23 ਸੀਟਾਂ ’ਤੇ ਚੋਣ ਲੜ ਰਹੀ ਹੈ। ਉਸ ਨੇ ਪੱਟਾਲੀ ਮੱਕਲ ਕਾਚੀ (ਪੀ. ਐੱਮ. ਕੇ.) ਨੂੰ 10 ਅਤੇ ਅੰਮਾ ਮੱਕਲ ਮੁਨੇਤਰ ਕੜਗਮ (ਏ. ਐੱਮ. ਐੱਮ. ਕੇ.) ਨੂੰ 2 ਸੀਟਾਂ ਦਿੱਤੀਆਂ ਹਨ।

ਭਾਜਪਾ ਨੇ 2014 ’ਚ ਇਕ ਸੀਟ ਜਿੱਤੀ ਸੀ 

ਇਸ ਤੋਂ ਪਹਿਲਾਂ 2014 ਦੀਆਂ ਚੋਣਾਂ ਵਿਚ ਭਾਜਪਾ ਨੇ 4 ਹੋਰ ਪਾਰਟੀਆਂ ਨਾਲ ਸਮਝੌਤਾ ਕੀਤਾ ਸੀ। 9 ਸੀਟਾਂ ’ਤੇ ਚੋਣ ਲੜਨ ਵਾਲੀ ਭਾਜਪਾ ਨੂੰ 5.5 ਫੀਸਦੀ ਵੋਟਾਂ ਅਤੇ ਇਕ ਸੀਟ ’ਤੇ ਜਿੱਤ ਮਿਲੀ ਸੀ। ਕੰਨਿਆਕੁਮਾਰੀ ਸੀਟ ’ਤੇ ਭਾਜਪਾ ਦੇ ਰਾਧਾਕ੍ਰਿਸ਼ਨਨ ਪੀ. ਜਿੱਤੇ ਸਨ। ਉਸ ਦੀਆਂ ਸਹਿਯੋਗੀਆਂ ਵਿਚ ਸਿਰਫ ਪੀ. ਐੱਮ. ਕੇ. ਹੀ ਇਕੋ ਸੀਟ ਜਿੱਤ ਸਕੀ ਸੀ। 8 ਸੀਟਾਂ ’ਤੇ ਲੜਨ ਵਾਲੀ ਪੀ. ਐੱਮ. ਕੇ. ਨੂੰ 4.5 ਫੀਸਦੀ ਵੋਟਾਂ ਮਿਲੀਆਂ ਸਨ। ਇਸੇ ਤਰ੍ਹਾਂ 2019 ਦੀਆਂ ਚੋਣਾਂ ਵਿਚ ਭਾਜਪਾ ਦੀ ਅਗਵਾਈ ਵਾਲੇ ਐੱਨ. ਡੀ. ਏ. ਵਿਚ ਸੂਬੇ ਦੀਆਂ ਵੱਡੀਆਂ ਪਾਰਟੀਆਂ ਵਿਚੋਂ ਇਕ ਏ. ਆਈ. ਡੀ. ਐੱਮ. ਕੇ. ਵੀ ਸ਼ਾਮਲ ਸੀ। ਏ. ਆਈ. ਡੀ. ਐੱਮ. ਕੇ. ਨੇ 21, ਪੀ. ਐੱਮ. ਕੇ. ਨੇ 7 ਅਤੇ ਭਾਜਪਾ ਨੇ 5 ਸੀਟਾਂ ’ਤੇ ਚੋਣ ਲੜੀ ਸੀ ਪਰ ਸੀਟ ਸਿਰਫ ਏ. ਆਈ. ਡੀ. ਐੱਮ. ਕੇ. ਹੀ ਜਿੱਤ ਸਕੀ ਸੀ। ਉਸ ਨੂੰ ਇਕ ਸੀਟ ਮਿਲੀ ਸੀ। ਭਾਜਪਾ ਦਾ ਵੋਟ ਫੀਸਦੀ ਵੀ ਘਟ ਕੇ 3.7 ਫੀਸਦੀ ਰਹਿ ਗਿਆ ਸੀ ਪਰ 2021 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ ਤਾਮਿਲਨਾਡੂ ’ਚ ਚੰਗੀ ਕਾਰਗੁਜ਼ਾਰੀ ਵਿਖਾਈ ਸੀ।

ਉਸ ਨੇ 20 ਸੀਟਾਂ ’ਤੇ ਚੋਣ ਲੜੀ ਸੀ ਅਤੇ 2.6 ਫੀਸਦੀ ਵੋਟਾਂ ਦੇ ਨਾਲ 4 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ। ਇਸ ਤੋਂ ਪਹਿਲਾਂ 2016 ਦੀਆਂ ਚੋਣਾਂ ਵਿਚ ਭਾਜਪਾ ਨੇ 187 ਸੀਟਾਂ ’ਤੇ ਚੋਣ ਲੜੀ ਸੀ। ਉਸ ਨੂੰ 29 ਫੀਸਦੀ ਵੋਟਾਂ ਮਿਲੀਆਂ ਸਨ ਪਰ ਕੋਈ ਸੀਟ ਨਹੀਂ ਮਿਲੀ ਸੀ।

1998 ’ਚ ਭਾਜਪਾ ਨੇ ਏ. ਆਈ. ਡੀ. ਐੱਮ. ਕੇ. ਦੇ ਸਮਰਥਨ ਨਾਲ ਬਣਾਈ ਸੀ ਸਰਕਾਰ

‘ਨਿਊਜ਼ 24’ ਲਈ ‘ਟੂਡੇਜ਼ ਚਾਣੱਕਿਆ’ ਵੱਲੋਂ ਕੀਤੇ ਗਏ ਐਗਜ਼ਿਟ ਪੋਲ ’ਚ ਤਾਂ ਭਾਜਪਾ ਨੂੰ 10 ਸੀਟਾਂ ਤਕ ਮਿਲਦੀਆਂ ਵਿਖਾਈਆਂ ਗਈਆਂ ਹਨ। ਭਾਜਪਾ ਲਈ ਇਹ ਅਨੁਮਾਨ ਤਾਮਿਲਨਾਡੂ ਦੀ ਦ੍ਰਵਿੜ ਸਿਆਸਤ ’ਤੇ ਭਾਜਪਾ ਦੇ ਹਿੰਦੂਤਵ ਦੀ ਸਿਆਸਤ ਦੀ ਜਿੱਤ ਦੇ ਤੌਰ ’ਤੇ ਵੇਖਿਆ ਜਾ ਰਿਹਾ ਹੈ। ਭਾਜਪਾ ਦ੍ਰਵਿੜ ਸਿਆਸਤ ਨੂੰ ਚੁਣੌਤੀ ਦਿੰਦੀ ਹੋਈ ਨਜ਼ਰ ਆ ਰਹੀ ਹੈ। ਤਾਮਿਲਨਾਡੂ ਵਿਚ ਦ੍ਰਵਿੜ ਸਿਆਸਤ ਕਰਨ ਵਾਲੀਆਂ ਦੋਵੇਂ ਪਾਰਟੀਆਂ ਡੀ. ਐੱਮ. ਕੇ. ਤੇ ਏ. ਆਈ. ਡੀ. ਐੱਮ. ਕੇ. ਭਾਜਪਾ ਤੇ ਕਾਂਗਰਸ ਨਾਲ ਗਲੇ ਮਿਲਦੀਆਂ ਨਜ਼ਰ ਆਉਂਦੀਆਂ ਹਨ। ਤਾਮਿਲਨਾਡੂ ’ਚ ਭਾਜਪਾ ਦਾ ਅਕਸ ਬ੍ਰਾਹਮਣਵਾਦੀ ਅਤੇ ਹਿੰਦੀ ਸਮਰਥਕ ਪਾਰਟੀ ਦਾ ਹੈ। ਇਸ ਲਈ ਉਸ ਨੂੰ ਉੱਥੇ ਪੈਰ ਫੈਲਾਉਣ ’ਚ ਮੁਸ਼ਕਲ ਆਉਂਦੀ ਹੈ। ਇਸ ਤੋਂ ਬਾਅਦ ਵੀ 1998 ’ਚ ਭਾਜਪਾ ਨੇ ਏ. ਆਈ. ਡੀ. ਐੱਮ. ਕੇ. ਦੀ ਨੇਤਾ ਰਹੀ ਜੈਲਲਿਤਾ ਦੇ ਸਮਰਥਨ ਨਾਲ ਹੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਬਣਾਈ ਸੀ। ਜੈਲਲਿਤਾ ਬ੍ਰਾਹਮਣ ਸੀ ਅਤੇ ਦ੍ਰਵਿੜ ਸਿਆਸਤ ਕਰਦੀ ਸੀ।

ਹਾਲਾਂਕਿ ਇਹ ਸਰਕਾਰ ਇਕ ਸਾਲ ਬਾਅਦ ਹੀ ਜੈਲਲਿਤਾ ਵੱਲੋਂ ਸਮਰਥਨ ਵਾਪਸ ਲੈਣ ਨਾਲ ਡਿੱਗ ਪਈ ਸੀ। ਇਸ ਤੋਂ ਬਾਅਦ ਹੋਈਆਂ ਚੋਣਾਂ ਪਿੱਛੋਂ ਡੀ. ਐੱਮ. ਕੇ. ਭਾਜਪਾ ਦੇ ਨਾਲ ਆ ਗਈ ਸੀ। ਡੀ. ਐੱਮ. ਕੇ. ਦੇ ਸਮਰਥਨ ਨਾਲ ਵਾਜਪਾਈ ਸਰਕਾਰ 5 ਸਾਲ ਚੱਲੀ ਪਰ 2004 ਦੀਆਂ ਚੋਣਾਂ ਤੋਂ ਠੀਕ ਪਹਿਲਾਂ ਉਸ ਨੇ ਭਾਜਪਾ ਨਾਲੋਂ ਸਬੰਧ ਤੋੜ ਲਿਆ।

ਅੰਨਾਮਲਾਈ ਹਿੰਦੂਤਵ ਦੀ ਸਿਆਸਤ ਨੂੰ ਕੀਤਾ ਖੜ੍ਹਾ

ਭਾਜਪਾ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਆਈ. ਪੀ. ਐੱਸ. ਅਫਸਰ ਕੇ. ਅੰਨਾਮਲਾਈ ਕਹਿੰਦੇ ਹਨ–‘‘ਕਥਿਤ ਦ੍ਰਵਿੜ ਸਿਆਸਤ ਦਾ ਜ਼ਮਾਨਾ ਬੀਤ ਚੁੱਕਾ ਹੈ। ਜਿਵੇਂ 2019 ’ਚ ਯੂ. ਪੀ. ਦੇ ਲੋਕ ਜਾਤੀ ਦੀ ਸਿਆਸਤ ਵਿਚ ਅੱਗੇ ਵਧ ਗਏ, ਤਾਮਿਲਨਾਡੂ ਦੇ ਲੋਕ ਵੀ 2024 ’ਚ ਉਸ ਭ੍ਰਿਸ਼ਟ ਵਿਵਸਥਾ ਤੋਂ ਅੱਗੇ ਵਧ ਜਾਣਗੇ ਜੋ ਖੁਦ ਨੂੰ ਦ੍ਰਵਿੜ ਸਿਆਸਤ ਕਹਿੰਦੀ ਹੈ।’’ ਅੰਨਾਮਲਾਈ ਦ੍ਰਵਿੜ ਸਿਆਸਤ ਦੇ ਮੁਖਰ ਆਲੋਚਕ ਹਨ। ਉਹ ਸੂਬੇ ਦੇ ਪਹਿਲੇ ਮੁੱਖ ਮੰਤਰੀ ਅਤੇ ਦ੍ਰਵਿੜ ਅੰਦੋਲਨ ਦੇ ਨੇਤਾ ਅੰਨਾਦੁਰਈ ਦੇ ਖਿਲਾਫ ਮੋਰਚਾ ਖੋਲ੍ਹਣ ਤੋਂ ਵੀ ਪ੍ਰਹੇਜ਼ ਨਹੀਂ ਕਰਦੇ। ਉਹ ਅੰਨਾਦੁਰਈ ਦੇ ਖਿਲਾਫ ਖੁੱਲ੍ਹ ਕੇ ਬੋਲਦੇ ਹਨ। ਏ. ਆਈ. ਡੀ. ਐੱਮ. ਕੇ. ਨਾਲੋਂ ਭਾਜਪਾ ਦਾ ਗੱਠਜੋੜ ਇਸੇ ਆਧਾਰ ’ਤੇ ਟੁੱਟ ਗਿਆ ਸੀ। ਅੰਨਾਮਲਾਈ ਦੀਆਂ ਟਿੱਪਣੀਆਂ ਤੋਂ ਨਾਰਾਜ਼ ਏ. ਆਈ. ਡੀ. ਐੱਮ. ਕੇ. ਉਨ੍ਹਾਂ ਨੂੰ ਹਟਾਉਣ ਦੀ ਮੰਗ ਕਰ ਰਹੀ ਸੀ ਪਰ ਭਾਜਪਾ ਨੇ ਉਸ ਦੀ ਗੱਲ ਨਹੀਂ ਮੰਨੀ। ਅੰਨਾਮਲਾਈ ਨੇ ਕਾਫੀ ਮਿਹਨਤ ਕਰ ਕੇ ਦ੍ਰਵਿੜ ਸਿਆਸਤ ਦੇ ਮੁਕਾਬਲੇ ਹਿੰਦੂਤਵ ਦੀ ਸਿਆਸਤ ਨੂੰ ਖੜ੍ਹਾ ਕੀਤਾ ਹੈ।


author

Tanu

Content Editor

Related News