ਐੱਮ. ਆਰ. ਐੱਸ. ਏ. ਐੱਫ. ਪੀ. ਆਈ. ਤੋਂ ਪਾਸਆਊਟ ਹੋਣ ਵਾਲੇ ਕੈਡਿਟਾਂ ਦੀ ਯਾਦਗਾਰੀ ਮਿਲਣੀ

Wednesday, Jun 26, 2024 - 03:42 PM (IST)

ਚੰਡੀਗੜ੍ਹ : ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐੱਮ.ਆਰ.ਐੱਸ.ਏ.ਐੱਫ.ਪੀ.ਆਈ.), ਐੱਸ.ਏ.ਐੱਸ. ਨਗਰ ਵੱਲੋਂ ਆਪਣੇ ਸਾਬਕਾ ਕੈਡਿਟਾਂ ਦਾ ਅਚੀਵਰ ਐਵਾਰਡ ਨਾਲ ਸਨਮਾਨ ਕੀਤਾ ਗਿਆ। ਇਸ ਅਚੀਵਰ ਐਵਾਰਡ ਸਮਾਗਮ ਦੀ ਪ੍ਰਧਾਨਗੀ ਇਸ ਸੰਸਥਾ ਦੇ ਬਾਨੀ ਡਾਇਰੈਕਟਰ ਅਤੇ ਗਵਰਨਿੰਗ ਬਾਡੀ ਦੇ ਮੈਂਬਰ ਮੇਜਰ ਜਨਰਲ ਬੀ.ਐੱਸ. ਗਰੇਵਾਲ, ਵੀ.ਐੱਸ.ਐੱਮ. (ਸੇਵਾਮੁਕਤ) ਨੇ ਕੀਤੀ। ਇਸ ਸਮਾਗਮ ਵਿਚ ਪ੍ਰੈਪਰੇਟਰੀ ਇੰਸਟੀਚਿਊਟ ਦੇ 43 ਸਾਬਕਾ ਵਿਦਿਆਰਥੀਆਂ ਦਾ ਅਚੀਵਰ ਐਵਾਰਡ ਨਾਲ ਸਨਮਾਨ ਕੀਤਾ ਗਿਆ, ਜਿਨ੍ਹਾਂ ਵਿਚੋਂ ਦਸ ਕੈਡਿਟ ਮਈ-ਜੂਨ 2024 ‘ਚ ਭਾਰਤੀ ਹਥਿਆਰਬੰਦ ਸੈਨਾਵਾਂ ਵਿਚ ਕਮਿਸ਼ਨਡ ਅਫ਼ਸਰ ਵਜੋਂ ਸ਼ਾਮਲ ਹੋਏ ਹਨ। ਇਨ੍ਹਾਂ ਤੋਂ ਇਲਾਵਾ ਨੈਸ਼ਨਲ ਡਿਫੈਂਸ ਅਕੈਡਮੀ (ਐੱਨ.ਡੀ.ਏ.) ਤੋਂ ਪਾਸ ਹੋਏ ਕੈਡਿਟ ਅਤੇ ਮੌਜੂਦਾ ਸਮੇਂ ਵਿਚ ਐੱਨ.ਡੀ.ਏ./ਹੋਰ ਟਰੇਨਿੰਗ ਅਕੈਡਮੀਆਂ ਵਿਚ ਸਿਖਲਾਈ ਲੈ ਰਹੇ ਕੈਡਿਟ ਵੀ ਸ਼ਾਮਲ ਸਨ। ਸਨਮਾਨ ਹਾਸਲ ਕਰਨ ਵਾਲੇ ਸਾਬਕਾਂ ਕੈਡਿਟਾਂ ਵਿਚ ਇਸ ਸੰਸਥਾ ਦੇ ਪਹਿਲੇ ਕੋਰਸ ਦੇ ਤਿੰਨ ਅਚੀਵਰ ਵੀ ਸ਼ਾਮਲ ਸਨ, ਜਿਨ੍ਹਾਂ ਨੇ ਆਪਣੀ ਡਿਊਟੀ ਤੋਂ ਛੁੱਟੀ ਲੈ ਕੇ ਵਿਸ਼ੇਸ਼ ਤੌਰ 'ਤੇ ਸਮਾਗਮ ਵਿਚ ਸ਼ਿਰਕਤ ਕਰਨ ਆਏ ਸਨ।

ਮੇਜਰ ਜਨਰਲ ਬੀ.ਐੱਸ. ਗਰੇਵਾਲ ਨੇ ਸਫ਼ਲ ਕੈਡਿਟਾਂ ਦੀ ਸ਼ਲਾਘਾ ਕਰਦਿਆਂ ਆਸ ਪ੍ਰਗਟਾਈ ਕਿ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਿਸਜ਼ ਪ੍ਰੈਪਰੇਟਰੀ ਇੰਸਟੀਚਿਊਟ ਭਵਿੱਖ ਵਿਚ ਵੀ ਕੈਡਿਟਾਂ ਨੂੰ ਟਰੇਨਿੰਗ ਸਰਵਿਸ ਅਕੈਡਮੀਆਂ ਵਿਚ ਉੱਤਮ ਰਹਿਣ ਲਈ ਬਿਹਤਰੀਨ ਮੰਚ ਪ੍ਰਦਾਨ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਫੌਜ ਵਿਚ ਭਰਤੀ ਹੋਣਾ ਕਿਸੇ ਹੋਰ ਕਿੱਤੇ ਵਰਗਾ ਨਹੀਂ ਹੈ, ਇਹ ਉਸ ਤੋਂ ਕਿਤੇ ਵੱਧ ਹੈ ਅਤੇ ਇਸ ਲਈ ਜਨੂੰਨ ਹੋਣਾ ਚਾਹੀਦਾ ਹੈ। ਕੈਡਿਟਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਨੇ ਕੈਡਿਟਾਂ ਨੂੰ ਆਪਣੀ ਛੁਪੀ ਪ੍ਰਤਿਭਾ ਨੂੰ ਖੋਜਣ, ਆਪਣੀਆਂ ਕਮੀਆਂ ਨੂੰ ਦੂਰ ਕਰਨ ਅਤੇ ਇਮਾਨਦਾਰੀ ਦੇ ਉੱਚੇ ਮਾਪਦੰਡ ਸਥਾਪਤ ਕਰਨ ਲਈ ਵੀ ਕਿਹਾ। ਉਨ੍ਹਾਂ ਨੇ ਮਿਸਾਲੀ ਨਤੀਜੇ ਪ੍ਰਾਪਤ ਕਰਨ ਲਈ ਮੌਜੂਦਾ ਐੱਮ.ਆਰ.ਐੱਸ.ਏ.ਐੱਫ.ਪੀ.ਆਈ. ਫੈਕਲਟੀ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਵੀ ਸ਼ਲਾਘਾ ਕੀਤੀ।

ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐੱਚ. ਚੌਹਾਨ, ਵੀ.ਐੱਸ.ਐੱਮ. (ਸੇਵਾਮੁਕਤ) ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਏ.ਐੱਫ.ਪੀ.ਆਈ. ਨੇ ਹੁਣ ਤੱਕ 229 ਕੈਡਿਟਾਂ ਨੂੰ ਐੱਨ.ਡੀ.ਏ. /ਹੋਰ ਅਕੈਡਮੀਆਂ ਵਿਚ ਭੇਜਿਆ ਹੈ। ਉਨ੍ਹਾਂ ਕਿਹਾ ਕਿ ਐੱਸ.ਐੱਸ.ਬੀ. ਪਾਸ ਕਰਨ ਵਾਲੇ 22 ਕੈਡਿਟਾਂ ਨੂੰ ਐੱਨਡੀਏ ਵਿਚ ਸ਼ਾਮਲ ਹੋਣ ਸਬੰਧੀ ਪੱਤਰ ਮਿਲਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਹ ਸੰਸਥਾ ਹਥਿਆਰਬੰਦ ਬਲਾਂ ਲਈ ਕੈਡਿਟ ਤਿਆਰ ਕਰਨ ਵਿੱਚ ਸਰਬੋਤਮ ਸੰਸਥਾ ਵਜੋਂ ਉਭਰੀ ਹੈ ਅਤੇ ਦੇਸ਼ ਭਰ ਵਿਚ ਇਸ ਦੇ ਨਤੀਜੇ ਸਭ ਤੋਂ ਬਿਹਤਰ ਹਨ।
 


Gurminder Singh

Content Editor

Related News