Health Tips : ਬਿਨਾਂ ਰੋਟੀ ਛੱਡੇ ਇੰਝ ਘਟਾਓ ਭਾਰ, ਜਿਮ ਜਾਣ ਜਾਂ ਦਵਾਈਆਂ ਖਾਣ ਦੀ ਵੀ ਨਹੀਂ ਪਵੇਗੀ ਲੋੜ

Saturday, Jan 13, 2024 - 01:40 PM (IST)

Health Tips : ਬਿਨਾਂ ਰੋਟੀ ਛੱਡੇ ਇੰਝ ਘਟਾਓ ਭਾਰ, ਜਿਮ ਜਾਣ ਜਾਂ ਦਵਾਈਆਂ ਖਾਣ ਦੀ ਵੀ ਨਹੀਂ ਪਵੇਗੀ ਲੋੜ

ਜਲੰਧਰ (ਬਿਊਰੋ) - ਅਜੌਕੇ ਸਮੇਂ ਵਿਚ ਬਹੁਤ ਸਾਰੇ ਲੋਕ ਮੋਟਾਪੇ ਦੀ ਸਮੱਸਿਆ ਤੋਂ ਪਰੇਸ਼ਾਨ ਹਨ। ਜੰਕ ਫੂਡ ਅਤੇ ਗ਼ਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਢਿੱਡ ਦੀ ਚਰਬੀ ਵੱਧ ਜਾਂਦੀ ਹੈ। ਬਾਹਰ ਨਿਕਲੇ ਢਿੱਡ ਨੂੰ ਅੰਦਰ ਅਤੇ ਮੋਟਾਪੇ ਨੂੰ ਘੱਟ ਕਰਨ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਸੇਵਨ ਕਰਦੇ ਹਨ, ਜਿਸ ਨਾਲ ਮੋਟਾਪਾ ਘੱਟ ਨਹੀਂ ਹੁੰਦਾ। ਕਈ ਲੋਕ ਪਤਲੇ ਹੋਣ ਲਈ ਖਾਣਾ-ਪੀਣਾ ਛੱਡ ਦਿੰਦੇ ਹਨ ਅਤੇ ਜਿੰਮ ਲਗਾਉਂਦੇ ਹਨ, ਜੋ ਸਹੀ ਨਹੀਂ ਹੈ। ਮੋਟਾਪੇ ਕਾਰਨ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੇ ਰੋਗ ਆਦਿ ਹੋ ਜਾਂਦੇ ਹਨ। ਇਨ੍ਹਾਂ ਰੋਗਾਂ ਤੋਂ ਬਚਣ ਅਤੇ ਸਰੀਰ ਨੂੰ ਫਿੱਟ ਰਹਿਣ ਲਈ ਭਾਰ ਘਟਾਉਣਾ ਬਹੁਤ ਜ਼ਰੂਰੀ ਹੈ। ਅਸੀਂ ਤੁਹਾਨੂੰ ਅੱਜ ਕੁਝ ਅਜਿਹੇ ਨੁਸਖ਼ੇ ਦੱਸਾਂਗੇ, ਜਿਸ ਨਾਲ ਤੁਸੀਂ ਕੁਝ ਦਿਨਾਂ 'ਚ ਸੌਖੇ ਤਰੀਕੇ ਨਾਲ ਭਾਰ ਘੱਟ ਕਰ ਸਕਦੇ ਹੋ ਅਤੇ ਤੁਹਾਨੂੰ ਰੋਟੀ ਛੱਡਣ ਅਤੇ ਜਿੰਮ ਕਰਨ ਦੀ ਲੋੜ ਨਹੀਂ ਪਵੇਗੀ.... 

1. ਟਮਾਟਰ
ਭਾਰ ਘੱਟ ਕਰਨ ਦੇ ਚਾਹਵਾਨ ਲੋਕ ਰੋਜ਼ਾਨਾ ਸਵੇਰੇ ਉੱਠਣ ਤੋਂ ਥੋੜੀ ਦੇਰ ਬਾਅਦ ਖਾਲੀ ਢਿੱਡ ਕੱਚਾ ਟਮਾਟਰ ਖਾਣ। ਅਜਿਹਾ ਕਰਨ ਨਾਲ ਤੁਹਾਡੀ ਭੁੱਖ ਕਾਬੂ 'ਚ ਰਹਿੰਦੀ ਹੈ ਅਤੇ ਤੁਸੀਂ ਘੱਟ ਖਾਂਦੇ ਹੋ। ਇਸ ਨਾਲ ਤੁਹਾਡਾ ਭਾਰ ਕੁਝ ਦਿਨਾਂ ਵਿੱਚ ਘੱਟ ਹੋ ਜਾਵੇਗਾ।

2. ਪਪੀਤਾ 
ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਪਪੀਤਾ ਖਾਣਾ ਸ਼ੁਰੂ ਕਰ ਦਿਓ। ਭੁੱਖ ਲੱਗਣ 'ਤੇ ਢਿੱਡ ਭਰ ਕੇ ਪਪੀਤਾ ਖਾਣਾ ਚਾਹੀਦਾ ਹੈ, ਕਿਉਂਕਿ ਇਸ ਵਿਚ ਕੈਲੋਰੀ ਘੱਟ ਅਤੇ ਫਾਈਬਰ ਜ਼ਿਆਦਾ ਹੁੰਦਾ ਹੈ। ਇਸ ਨਾਲ ਭਾਰ ਨਹੀਂ ਵਧਦਾ, ਸਗੋਂ ਘੱਟ ਹੋ ਜਾਂਦਾ ਹੈ।

3. ਐਲੋਵੀਰਾ ਅਤੇ ਆਂਵਲਾ
ਭਾਰ ਘੱਟ ਕਰਨ ਲਈ ਰੋਜ਼ਾਨਾ ਸਵੇਰੇ ਉੱਠਦੇ ਸਾਰ ਖਾਲੀ ਢਿੱਡ 1-1 ਚਮਚ ਐਲੋਵੀਰਾ ਅਤੇ ਆਮਲੇ ਦਾ ਰਸ 1 ਗਿਲਾਸ ਪਾਣੀ ਵਿੱਚ ਮਿਲਾ ਕੇ ਪੀਓ। ਅਜਿਹਾ ਕਰਨ ਨਾਲ ਕੁਝ ਦਿਨਾਂ ਵਿੱਚ ਭਾਰ ਘੱਟਣ ਲੱਗ ਜਾਵੇਗਾ।

4. ਸੌਂਫ 
ਭਾਰ ਘੱਟ ਕਰਨ ਦੇ ਲਈ ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਸੌਂਫ ਦਾ ਸੇਵਨ ਜ਼ਰੂਰ ਕਰੋ। ਇਸ ਤੋਂ ਇਲਾਵਾ ਰੋਜ਼ਾਨਾ ਇੱਕ ਗਿਲਾਸ ਗਰਮ ਪਾਣੀ ਵਿੱਚ ਤਿੰਨ ਚਮਚ ਸੌਂਫ ਦੇ ਪਾ ਕੇ ਰੱਖ ਦਿਓ। ਸਵੇਰੇ ਖਾਲੀ ਢਿੱਡ ਇਸ ਪਾਣੀ ਨੂੰ ਛਾਣ ਕੇ ਪੀਣ ਨਾਲ ਵੀ ਭਾਰ ਘੱਟ ਹੋ ਸਕਦਾ ਹੈ। 

5. ਸ਼ਹਿਦ ਅਤੇ ਦਾਲਚੀਨੀ
ਭਾਰ ਘੱਟ ਕਰਨ ਦੇ ਚਾਹਵਾਨ ਲੋਕ 1 ਗਿਲਾਸ ਗਰਮ ਪਾਣੀ ਵਿੱਚ ਛੋਟਾ ਚਮਚ ਸ਼ਹਿਦ ਅਤੇ ਅੱਧਾ ਚਮਚ ਦਾਲਚੀਨੀ ਪਾਊਡਰ ਮਿਲਾ ਲਓ। ਇਸ ਪਾਣੀ ਨੂੰ ਰੋਜ਼ਾਨਾ ਸਵੇਰੇ-ਸ਼ਾਮ ਪੀਣ ਨਾਲ ਭਾਰ ਘੱਟ ਹੋਣ ਲੱਗ ਜਾਂਦਾ ਹੈ।

6. ਅਦਰਕ
ਰੋਜ਼ਾਨਾ ਖਾਣਾ ਖਾਣ ਤੋਂ ਪਹਿਲਾਂ ਅਦਰਕ ਦਾ ਇਕ ਛੋਟਾ ਜਿਹਾ ਟੁਕੜਾ ਚਬਾ ਕੇ ਖਾਣ ਨਾਲ ਭਾਰ ਘੱਟ ਹੋ ਸਕਦਾ ਹੈ। ਖਾਣਾ ਖਾਣ ਤੋਂ ਪਹਿਲਾਂ 1 ਚਮਚ ਅਦਰਕ ਦਾ ਰਸ ਅਤੇ ਉਸ ਵਿੱਚ ਚੁੱਟਕੀ ਭਰ ਸੇਂਧਾ ਲੂਣ ਮਿਲਾ ਕੇ ਪੀਣ ਨਾਲ ਵੀ ਕੁਝ ਦਿਨਾਂ ਵਿੱਚ ਭਾਰ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ।

7. ਗ੍ਰੀਨ-ਟੀ 
ਮੋਟਾਪੇ ਨੂੰ ਘੱਟ ਕਰਨ ਲਈ ਰੋਜ਼ਾਨਾ 2 ਕੱਪ ਗ੍ਰੀਨ-ਟੀ ਜ਼ਰੂਰ ਪੀਓ। ਗ੍ਰੀਨ-ਟੀ ਵਿਚ ਨਿੰਬੂ ਦਾ ਰਸ ਅਤੇ ਅਦਰਕ ਦਾ ਰਸ ਮਿਲਾ ਕੇ ਪੀਣ ਨਾਲ ਜ਼ਿਆਦਾ ਫ਼ਾਇਦਾ ਮਿਲਦਾ ਹੈ। ਜੇਕਰ ਤੁਹਾਨੂੰ ਹਾਈਪੋ ਥਾਇਰਾਇਡ ਜਾਂ ਕੋਈ ਹੋਰ ਸਮੱਸਿਆ ਹੈ ਤਾਂ ਇਹ ਨੁਸਖ਼ੇ ਅਪਨਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ। 

8. ਵੱਧ ਤੋਂ ਵੱਧ ਪਾਣੀ ਪੀਓ
ਸਰੀਰ ਨੂੰ ਪਾਣੀ ਦੀ ਲੋੜ ਹੁੰਦੀ ਹੈ, ਜਿਸ ਲਈ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਸਰੀਰ ਹਾਈਡਰੇਟ ਰਹਿੰਦਾ ਹੈ। ਇਹ ਮੈਟਾਬੋਲਿਜ਼ਮ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਪਾਣੀ ਪੀਣ ਨਾਲ ਭੁੱਖ ਘੱਟ ਲੱਗਦੀ ਹੈ, ਜਿਸ ਕਾਰਨ ਭਾਰ ਘੱਟ ਕਰਨਾ ਸੌਖਾ ਹੋ ਜਾਂਦਾ ਹੈ।

9. ਮਿੱਠਾ ਘੱਟ ਖਾਓ 
ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਮਿਠਾਈਆਂ ਦਾ ਘੱਟ ਮਾਤਰਾ ਵਿੱਚ ਸੇਵਨ ਕਰੋ। ਮਿਠਾਈਆਂ 'ਚ ਜ਼ਿਆਦਾ ਕੈਲੋਰੀ ਹੁੰਦੀ ਹੈ, ਜਿਸ ਕਾਰਨ ਸਰੀਰ 'ਚ ਚਰਬੀ ਵਧਦੀ ਹੈ। ਮੋਟਾਪਾ ਘਟਾਉਣ ਲਈ ਸਾਫਟ ਡਰਿੰਕਸ, ਮਿਠਾਈਆਂ, ਕੇਕ, ਕੈਂਡੀ ਆਦਿ ਖਾਣ ਤੋਂ ਪਰਹੇਜ਼ ਕਰੋ।


author

sunita

Content Editor

Related News