''ਆਪ'' ਨੂੰ ਛੱਡ ਕਿਸੇ ਵੀ ਵਿਰੋਧੀ ਪਾਰਟੀ ਨੇ ਵੋਟਰਾਂ ਲਈ ਚੋਣ ਮੈਨੀਫੈਸਟੋ ਜਾਂ ਗਾਰੰਟੀਆਂ ਜਾਰੀ ਨਹੀਂ ਕੀਤੀਆਂ

Tuesday, Dec 17, 2024 - 10:58 AM (IST)

ਜਲੰਧਰ (ਧਵਨ)–ਪੰਜਾਬ ’ਚ 21 ਦਸੰਬਰ ਨੂੰ ਹੋਣ ਵਾਲੀਆਂ 5 ਨਗਰ ਨਿਗਮਾਂ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਦੀਆਂ ਚੋਣਾਂ ਲਈ ਸੱਤਧਾਰੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਿਸੇ ਵੀ ਹੋਰ ਵਿਰੋਧੀ ਪਾਰਟੀ ਨੇ ਵੋਟਰਾਂ ਲਈ ਚੋਣ ਮੈਨੀਫੈਸਟੋ ਜਾਰੀ ਨਹੀਂ ਕੀਤਾ। ਆਮ ਆਦਮੀ ਪਾਰਟੀ ਵੱਲੋਂ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਹੁਣ ਤਕ 4 ਨਗਰ ਨਿਗਮਾਂ ਲਈ ਚੋਣ ਗਾਰੰਟੀਆਂ ਦਾ ਐਲਾਨ ਕੀਤਾ ਹੈ। ਆਮ ਆਦਮੀ ਪਾਰਟੀ ਨੇ ਹਰੇਕ ਨਗਰ ਨਿਗਮ ਸ਼ਹਿਰ ਲਈ 5-5 ਗਾਰੰਟੀਆਂ ਐਲਾਨੀਆਂ ਹਨ।

ਨਗਰ ਨਿਗਮ ਚੋਣਾਂ ’ਚ 'ਆਪ' ਤੋਂ ਇਲਾਵਾ ਵਿਰੋਧੀ ਪਾਰਟੀਆਂ ਕਾਂਗਰਸ, ਭਾਜਪਾ, ਅਕਾਲੀ ਦਲ ਅਤੇ ਹੋਰ ਪਾਰਟੀਆਂ ਵੀ ਚੋਣ ਮੈਦਾਨ ਵਿਚ ਉਤਰੀਆਂ ਹੋਈਆਂ ਹਨ ਪਰ ਉਨ੍ਹਾਂ ਵਿਚੋਂ ਕਿਸੇ ਨੇ ਵੀ ਆਪਣੇ ਚੋਣ ਮੈਨੀਫੈਸਟੋ ਜਾਂ ਗਾਰੰਟੀਆਂ ਦਾ ਐਲਾਨ ਨਹੀਂ ਕੀਤਾ। ਨਗਰ ਨਿਗਮ ਚੋਣਾਂ ’ਚ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ ਕਿ ਕੋਈ ਪਾਰਟੀ ਚੋਣ ਗਾਰੰਟੀਆਂ ਦਾ ਐਲਾਨ ਕਰ ਰਹੀ ਹੈ। ਇਸ ਤੋਂ ਪਹਿਲਾਂ ਸੂਬੇ ਵਿਚ ਪਿਛਲੇ ਕਈ ਸਾਲਾਂ ਤੋਂ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ ਹਨ ਪਰ ਉਨ੍ਹਾਂ ਵੀ ਕਦੇ ਨਗਰ ਨਿਗਮ ਸ਼ਹਿਰਾਂ ਲਈ ਆਪਣਾ ਚੋਣ ਮੈਨੀਫੈਸਟੋ ਜਾਰੀ ਨਹੀਂ ਕੀਤਾ। ਇਹ ਵਿਰੋਧੀ ਪਾਰਟੀਆਂ ਆਪਣੇ ਸੂਬਾ ਪੱਧਰੀ ਚੋਣ ਮੈਨੀਫੈਸਟੋ ਨੂੰ ਹੀ ਆਧਾਰ ਬਣਾ ਕੇ ਚੋਣ ਲੜਦੀਆਂ ਹਨ ਜਾਂ ਫਿਰ ਹੋਰ ਸਥਾਨਕ ਮੁੱਦਿਆਂ ਨਾਲ ਚੋਣ ਮੈਦਾਨ ਵਿਚ ਉਤਰਦੀਆਂ ਹਨ। ਵਿਰੋਧੀ ਪਾਰਟੀਆਂ ਦਾ ਮੰਨਣਾ ਹੈ ਕਿ ਇਹ ਚੋਣਾਂ ਸਥਾਨਕ ਪੱਧਰ ਦੀਆਂ ਹੁੰਦੀਆਂ ਹਨ, ਇਸ ਲਈ ਉਮੀਦਵਾਰਾਂ ਵਲੋਂ ਸਿੱਧੇ ਤੌਰ ’ਤੇ ਸਾਰੇ ਵੋਟਰਾਂ ਨਾਲ ਸੰਪਰਕ ਬਣਾਇਆ ਜਾਂਦਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਬੇਹੱਦ ਮੰਦਭਾਗੀ ਘਟਨਾ, ਗੀਜ਼ਰ ਦੀ ਗੈਸ ਚੜ੍ਹਨ ਕਾਰਨ ਦੋ ਸਕੀਆਂ ਭੈਣਾਂ ਦੀ ਮੌਤ

ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਮੰਨਣਾ ਹੈ ਕਿ ਵੋਟਰਾਂ ਨੂੰ ਸ਼ਹਿਰਾਂ ਦੇ ਪ੍ਰਮੁੱਖ ਮਸਲਿਆਂ ਨੂੰ ਦੂਰ ਕਰਨ ਦਾ ਭਰੋਸਾ ਦੇਣਾ ਬਹੁਤ ਜ਼ਰੂਰੀ ਹੈ। ਇਸ ਲਈ ਆਮ ਆਦਮੀ ਪਾਰਟੀ ਨੇ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਤੇ ਬਠਿੰਡਾ ਲਈ ਡੂੰਘਾ ਚਿੰਤਨ ਕਰਨ ਪਿੱਛੋਂ 5-5 ਪ੍ਰਮੁੱਖ ਮੁੱਦੇ ਉਠਾਏ ਹਨ, ਜੋ ਜਨਤਾ ਨੂੰ ਸਿੱਧੇ ਤੌਰ ’ਤੇ ਪ੍ਰਭਾਵਿਤ ਕਰ ਰਹੇ ਹਨ। 'ਆਪ' ਦਾ ਮੰਨਣਾ ਹੈ ਕਿ ਉਹ ਸਥਾਨਕ ਮੁੱਦਿਆਂ ਨੂੰ ਉਠਾਉਣ ਅਤੇ ਹੱਲ ਕਰਵਾਉਣ ਦਾ ਵਾਅਦਾ ਕਰ ਰਹੀ ਹੈ। ਮੌਜੂਦਾ ਸਰਕਾਰ ਦਾ ਹੁਣ ਲਗਭਗ ਸਵਾ ਦੋ ਸਾਲ ਦਾ ਕਾਰਜਕਾਲ ਬਾਕੀ ਰਹਿੰਦਾ ਹੈ। ਇਸ ਨੂੰ ਵੇਖਦੇ ਹੋਏ ਪਾਰਟੀ ਇਹ ਵਾਅਦਾ ਕਰ ਰਹੀ ਹੈ ਕਿ ਅਗਲੇ 2 ਸਾਲਾਂ ’ਚ ਉਹ ਸਾਰੀਆਂ ਗਾਰੰਟੀਆਂ ਪੂਰੀਆਂ ਕਰ ਦੇਵੇਗੀ।

ਇਹ ਵੀ ਪੜ੍ਹੋ-ਜਲੰਧਰ 'ਚ ਵੱਡਾ ਹਾਦਸਾ, ਵਿਅਕਤੀ ਦੀ ਦਰਦਨਾਕ ਮੌਤ, ਸਿਰ ਉਪਰੋਂ ਲੰਘਿਆ ਨਗਰ ਨਿਗਮ ਦਾ ਟਿੱਪਰ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


shivani attri

Content Editor

Related News