ਯੋਗ ਕਰਦੇ ਸਮੇਂ ਦਿਲ ਦੇ ਮਰੀਜ ਧਿਆਨ ''ਚ ਰੱਖਣ ਇਹ ਗੱਲਾਂ
Thursday, Jun 08, 2017 - 10:56 AM (IST)

ਮੁੰਬਈ— ਜ਼ਿਆਦਾਤਰ ਲੋਕ ਇਹੀ ਜਾਣਦੇ ਹਨ ਕਿ ਯੋਗ ਆਸਣ ਕਰਨ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਬਦਕਿਸਮਤੀ ਨਾਲ ਯੋਗ ਹਰ ਬੀਮਾਰੀ ਦਾ ਇਲਾਜ ਨਹੀਂ ਹੈ। ਇਸ ਦੀਆਂ ਕੁਝ ਸੀਮਾਵਾਂ ਹੁੰਦੀਆਂ ਹਨ। ਜੇ ਤੁਸੀਂ ਦਿਲ ਦੇ ਮਰੀਜ ਹੋ ਅਤੇ ਯੋਗ ਕਰਦੇ ਹੋ ਤਾਂ ਤੁਹਾਨੂੰ ਇਹ ਖਬਰ ਜ਼ਰੂਰ ਪੜ੍ਹਨੀ ਚਾਹੀਦੀ ਹੈ।
ਜੇ ਤੁਸੀਂ ਦਿਲ ਦੇ ਮਰੀਜ ਹੋ ਤਾਂ ਤੁਹਾਨੂੰ ਅਜਿਹਾ ਯੋਗ ਆਸਣ ਨਹੀਂ ਕਰਨਾ ਚਾਹੀਦਾ ਜਿਸ ਨਾਲ ਤੁਹਾਡੇ ਦਿਲ 'ਤੇ ਦਬਾਅ ਪੈਂਦਾ ਹੋਵੇ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਦਿਲ ਦੇ ਮਰੀਜਾਂ ਨੂੰ ਕਿਹੜੇ ਆਸਣ ਨਹੀਂ ਕਰਨੇ ਚਾਹੀਦੇ।
1. ਚੱਕਰ ਆਸਣ
ਇਸ ਸਥਿਤੀ 'ਚ ਤੁਹਾਨੂੰ ਪਿੱਛੇ ਵੱਲ ਝੁੱਕਣਾ ਪੈਂਦਾ ਹੈ। ਇਸ ਕੰਮ 'ਚ ਬਹੁਤ ਤਾਕਤ ਅਤੇ ਉਚਿਤ ਸਾਹ ਲੈਣ ਦੀ ਲੋੜ ਹੁੰਦੀ ਹੈ। ਇਸ ਨਾਲ ਦਿਲ 'ਤੇ ਦਬਾਅ ਬਣਦਾ ਹੈ। ਇਹੀ ਕਾਰਨ ਹੈ ਕਿ ਦਿਲ ਦੇ ਮਰੀਜਾਂ ਨੂੰ ਇਸ ਆਸਣ ਤੋਂ ਬਚਣਾ ਚਾਹੀਦਾ ਹੈ।
2. ਹਲ ਆਸਣ
ਇਸ ਆਸਣ ਨੂੰ ਕਰਦੇ ਸਮੇਂ ਤੁਹਾਨੂੰ ਆਪਣੀ ਪਿੱਠ ਦੇ ਭਾਰ ਲੇਟਣਾ ਪੈਂਦਾ ਹੈ, ਪੈਰ ਚੁੱਕਣੇ ਪੈਂਦੇ ਹਨ ਅਤੇ ਸਿਰ ਪਿੱਛੇ ਰੱਖਣਾ ਪੈਂਦਾ ਹੈ। ਇਸ ਸਥਿਤੀ 'ਚ ਦਿਲ 'ਤੇ ਦਬਾਅ ਦੇ ਨਾਲ-ਨਾਲ ਸਰੀਰ ਦੇ ਹੇਠਲੇ ਹਿੱਸੇ 'ਚ ਖੂਨ ਨੂੰ ਪ੍ਰਸਾਰਿਤ ਕਰਨ ਦੀ ਲੋੜ ਹੁੰਦੀ ਹੈ।
3. ਕਰਨਾਪੀੜ ਆਸਣ
ਇਸ ਦੀ ਸਥਿਤੀ ਵੀ ਹਲ ਆਸਣ ਦੀ ਤਰ੍ਹਾਂ ਹੈ ਪਰ ਇਸ 'ਚ ਜ਼ਿਆਦਾ ਕੋਸ਼ਿਸ਼ ਦੀ ਲੋੜ ਹੁੰਦੀ ਹੈ। ਇਸ ਆਸਣ 'ਚ ਆਪਣੇ ਪੈਰਾਂ ਨੂੰ ਕੰਨ ਦੇ ਲਾਗੇ ਗੋਡਿਆਂ ਨਾਲ ਜਮੀਨ ਦੇ ਕਰੀਬ ਲਿਜਾਣਾ ਹੁੰਦਾ ਹੈ। ਇਸ ਆਸਣ ਨਾਲ ਵੀ ਦਿਲ 'ਤੇ ਦਬਾਅ ਪੈਂਦਾ ਹੈ।
4. ਸਰਵਾਂਗ ਆਸਣ
ਦਿਲ ਦੇ ਮਰੀਜਾਂ ਨੂੰ ਇਹ ਆਸਣ ਨਹੀਂ ਕਰਨਾ ਚਾਹੀਦਾ। ਇਸ ਆਸਣ 'ਚ ਮੌਢਿਆਂ ਦੇ ਭਾਰ ਖੜੇ ਹੋਣਾ ਹੁੰਦਾ ਹੈ, ਜਿਸ ਨਾਲ ਸਰੀਰ ਦੇ ਉੱਪਰੀ ਹਿੱਸਿਆਂ 'ਤੇ ਦਬਾਅ ਬਣਦਾ ਹੈ।
5. ਸ਼ੀਰਸ਼ ਆਸਣ
ਇਸ ਆਸਣ 'ਚ ਵੀ ਉਲਟੇ ਹੋਣਾ ਪੈਂਦਾ ਹੈ। ਤੁਹਾਡਾ ਸਿਰ ਥੱਲੇ ਹੁੰਦਾ ਹੈ ਅਤੇ ਸਰੀਰ ਦਾ ਭਾਰ ਬਾਹਾਂ 'ਤੇ ਹੁੰਦਾ ਹੈ। ਇਸ ਲਈ ਸਰੀਰ ਦੇ ਹੇਠਲੇ ਹਿੱਸਿਆਂ 'ਚ ਖੂਨ ਪੰਪ ਕਰਨ ਲਈ ਦਿਲ 'ਤੇ ਜ਼ਿਆਦਾ ਦਬਾਅ ਬਣਦਾ ਹੈ।
6. ਵਿਪਰੀਤ ਕਰਨੀ
ਇਸ ਮੁਦਰਾ 'ਚ ਤੁਹਾਨੂੰ ਪਿੱਠ ਬਾਰ ਲੇਟ ਕੇ ਪੈਰ ਚੁੱਕਣੇ ਹੁੰਦੇ ਹਨ ਅਤੇ ਹੱਥਾਂ ਦੀ ਮਦਦ ਨਾਲ ਹਿਪਸ ਚੁੱਕਣੇ ਪੈਂਦੇ ਹਨ। ਇਸ ਮੁਦਰਾ ਨਾਲ ਸਰੀਰ ਦੇ ਹੇਠਲੇ ਹਿੱਸੇ 'ਚ ਖੂਨ ਦੇ ਦੌਰੇ ਲਈ ਜ਼ਿਆਦਾ ਦਬਾਅ ਪੈਂਦਾ ਹੈ।
ਆਸਣ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
1. ਜੇ ਤੁਸੀਂ ਕਿਸੇ ਪੁਰਾਣੇ ਰੋਗ ਨਾਲ ਪੀੜਤ ਹੋ ਤਾਂ ਆਸਣ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।
2. ਆਸਣ ਕਰਦੇ ਸਮੇਂ ਹਮੇਸ਼ਾ ਨੱਕ ਦੁਆਰਾ ਸਾਹ ਲੈਣਾ ਚਾਹੀਦਾ ਹੈ।
3. ਆਸਣ ਕਰਦੇ ਸਮੇਂ ਕੋਈ ਤਣਾਅ ਨਹੀਂ ਹੋਣਾ ਚਾਹੀਦਾ। ਜਬਰਦਸਤੀ ਸਾਹ ਨਹੀਂ ਲੈਣੇ ਚਾਹੀਦੇ।
4. ਸਾਹ ਲੈਂਦੇ ਸਮੇਂ ਆਵਾਜ ਨਹੀਂ ਕਰਨੀ ਚਾਹੀਦੀ।
5. ਭੋਜਨ ਕਰਨ ਦੇ ਤੁਰੰਤ ਮਗਰੋਂ ਆਸਣ ਨਹੀਂ ਕਰਨਾ ਚਾਹੀਦਾ। ਘੱਟ ਤੋਂ ਘੱਟ ਤਿੰਨ ਘੰਟੇ ਦਾ ਅੰਤਰ ਜ਼ਰੂਰ ਹੋਣਾ ਚਾਹੀਦਾ ਹੈ।
6. ਥੱਕੇ ਹੋਣ ਦੀ ਸਥਿਤੀ 'ਚ ਪਹਿਲਾਂ 10-15 ਮਿੰਟ ਆਰਾਮ ਕਰ ਲੈਣਾ ਚਾਹੀਦਾ ਹੈ।