ਜਲਦੀ ਮੌਤ ਦਾ ਕਾਰਨ ਬਣ ਸਕਦੈ ਜ਼ਿਆਦਾ ਸੌਣਾ
Wednesday, Sep 18, 2019 - 04:21 PM (IST)

ਨਵੀਂ ਦਿੱਲੀ(ਬਿਊਰੋ)- ਤੁਸੀਂ ਜ਼ਿਆਦਾਤਰ ਸੁਣਿਆ ਹੋਵੇਗਾ ਕਿ ਘੱਟ ਸੌਣਾ ਸਿਹਤ ਲਈ ਨੁਕਸਾਨਦਾਇਕ ਹੈ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਜ਼ਿਆਦਾ ਸੌਣਾ ਵੀ ਸਿਹਤ ਲਈ ਓਨਾ ਹੀ ਨੁਕਸਾਨਦਾਇਕ ਹੈ। ਨਾ ਸਿਰਫ ਸਰੀਰਕ ਸਗੋਂ ਮਾਨਸਿਕ ਸਿਹਤ ’ਤੇ ਵੀ ਸਾਨੂੰ ਜ਼ਿਆਦਾ ਸੌਣ ਦੇ ਨੁਕਸਾਨ ਝੱਲਣੇ ਪੈਂਦੇ ਹਨ। ਜੇਕਰ ਤੁਸੀਂ ਰੋਜ਼ 7-8 ਘੰਟੇ ਤੋਂ ਜ਼ਿਆਦਾ ਸੌਂਦੇ ਹੋ ਤਾਂ ਤੁਹਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਅਤੇ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
9-10 ਘੰਟੇ ਰੋਜ਼ ਸੌਣਾ ਵੀ ਨੁਕਸਾਨਦਾਇਕ
ਕੈਲੀਫੋਰਨੀਆ ਯੂਨੀਵਰਸਿਟੀ ’ਚ ਹੋਈ ਇਕ ਸਟੱਡੀ ’ਚ ਸਾਹਮਣੇ ਆਇਆ ਹੈ ਕਿ ਜੋ ਲੋਕ ਹਰ ਰੋਜ਼ 9-10 ਘੰਟੇ ਸੌਂਦੇ ਹਨ, ਉਨ੍ਹਾਂ ਨੂੰ ਵੀ ਨੀਂਦ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਾਲ ਹੀ ਜੋ ਲੋਕ 7 ਘੰਟੇ ਤੋਂ ਘੱਟ ਸੌਂਦੇ ਹਨ, ਉਨ੍ਹਾਂ ਨੂੰ ਵੀ ਕਈ ਹੈਲਥ ਪ੍ਰਾਬਲਮਸ ਦੇ ਨਾਲ ਸਵੇਰ ਤਰੋਤਾਜ਼ਾ ਹੋ ਕੇ ਨਾ ਉੱਠ ਸਕਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।
ਜਲਦੀ ਮੌਤ ਦਾ ਕਾਰਣ
13 ਸਾਲ ਪੁਰਾਣੇ ਇਕ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਲੋਕ ਬਹੁਤ ਵਧ ਸੌਂਦੇ ਹਨ, ਉਨ੍ਹਾਂ ਵਿਚ ਘੱਟ ਉਮਰ ’ਚ ਮੌਤ ਦਾ ਖਤਰਾ ਵੱਧ ਜਾਂਦਾ ਹੈ। ਜੇਕਰ ਤੁਹਾਨੂੰ ਇਸ ਆਦਤ ਦੇ ਨਾਲ ਹੀ ਡਾਇਬਟੀਜ਼ ਜਾਂ ਹਾਰਟ ਡਿਜ਼ੀਜ਼ ਵੀ ਹੈ ਤਾਂ ਇਹ ਖਤਰਾ ਹੋਰ ਵਧ ਜਾਂਦਾ ਹੈ।
ਔਰਤਾਂ ’ਚ ਖਤਰਾ
ਸਟੱਡੀ ’ਚ ਸਾਹਮਣੇ ਆਇਆ ਹੈ ਕਿ ਔਰਤਾਂ ਹਰ ਰੋਜ਼ 9 ਤੋਂ 11 ਘੰਟੇ ਸੌਂਦੀਆਂ ਹਨ, ਉਨ੍ਹਾਂ ਵਿਚ 8 ਘੰਟੇ ਸੌਣ ਵਾਲੀਆਂ ਔਰਤਾਂ ਦੇ ਮੁਕਾਬਲੇ ’ਚ ਕੋਰਾਨਰੀ ਹਾਰਟ ਡਿਜ਼ੀਜ਼ ਹੋਣ ਦਾ ਖਤਰਾ ਕਿਤੇ ਵਧ ਜਾਂਦਾ ਹੈ। ਹਾਲਾਂਕਿ ਇਸ ਦਾ ਕਾਰਣ ਅਜੇ ਤੱਕ ਸਾਹਮਣੇ ਨਹੀਂ ਆ ਸਕਿਆ ਹੈ। ਇਹ ਸਟੱਡੀ 72 ਹਜ਼ਾਰ ਔਰਤਾਂ ’ਤੇ ਕੀਤੀ ਗਈ।
ਸਿਰਦਰਦ ਬਣਿਆ ਰਹਿਣਾ
ਤੈਅ ਸਮੇਂ ਤੋਂ ਵੱਧ ਸੌਣ ਵਾਲੇ ਲੋਕਾਂ ’ਚ ਸਿਰਦਰਦ ਦੀ ਸ਼ਿਕਾਇਤ ਜ਼ਿਆਦਾਤਰ ਬਣੀ ਰਹਿੰਦੀ ਹੈ। ਅਜਿਹਾ ਬ੍ਰੇਨ ਦੇ ਨਿਊਰੋਟ੍ਰਾਂਸਮੀਟਰ ਦੇ ਪ੍ਰਭਾਵਿਤ ਹੋਣ ਨਾਲ ਹੁੰਦਾ ਹੈ।
ਮੋਟਾਪਾ
ਇਕ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਲੋਕ ਹਰ ਦਿਨ 9-10 ਘੰਟੇ ਜਾਂ ਇਸ ਤੋਂ ਵੀ ਵੱਧ ਸੌਂਦੇ ਹਨ ਉਨ੍ਹਾਂ ਵਿਚ ਇਸ ਆਦਤ ਦੇ ਲਗਾਤਾਰ 6 ਸਾਲ ਤਕ ਬਣੇ ਰਹਿਣ ਨਾਲ ਮੋਟਾਪੇ ਨਾਲ ਪੀੜਤ ਹੋਣ ਦੀ ਸੰਭਾਵਨਾ 21 ਫੀਸਦੀ ਤਕ ਵਧ ਹੁੰਦੀ ਹੈ।
ਡਾਇਬਟੀਜ਼
ਸਿਹਤ ਨਾਲ ਜੁੜੇ ਕਈ ਅਧਿਐਨਾਂ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਵਧ ਸੌਣ ’ਤੇ ਵੀ ਡਾਇਬਟੀਜ਼ ਦਾ ਖਤਰਾ ਵਧ ਜਾਂਦਾ ਹੈ। ਦਿ ਅਮਰੀਕਨ ਡਾਇਬਟੀਜ਼ ’ਚ ਪਬਲਿਸ਼ ਹੋਈ ਇਕ ਸਟੱਡੀ ’ਚ ਇਹ ਕਿਹਾ ਗਿਆ ਹੈ।
ਡਿਪ੍ਰੈਸ਼ਨ
ਹਾਲਾਂਕਿ ਉਨੀਂਦਰੇ ਦੀ ਸ਼ਿਕਾਇਤ ਆਮ ਤੌਰ ’ਤੇ ਡਿਪ੍ਰੈਸ਼ਨ ਨਾਲ ਸਬੰਧਤ ਹੁੰਦੀ ਹੈ। ਡਿਪ੍ਰੈਸ਼ਨ ਨਾਲ ਪੀੜਤ ਲਗਭਗ 15 ਫੀਸਦੀ ਲੋਕ ਬਹੁਤ ਵਧ ਸੌਂਦੇ ਹਨ। ਵਧ ਸੌਣਾ ਉਨ੍ਹਾਂ ਦੀ ਸਥਿਤੀ ਨੂੰ ਹੋਰ ਵਧ ਗੰਭੀਰ ਬਣਾ ਦਿੰਦਾ ਹੈ।