ਪ੍ਰੇਮ ਸਬੰਧਾਂ ਕਾਰਨ ਨੌਜਵਾਨ ਨੂੰ ਦਿੱਤੀ ਦਰਦਨਾਕ ਮੌਤ, ਖੂਹ ''ਚੋਂ ਮਿਲੀ ਲਾਸ਼

Tuesday, Nov 04, 2025 - 01:29 PM (IST)

ਪ੍ਰੇਮ ਸਬੰਧਾਂ ਕਾਰਨ ਨੌਜਵਾਨ ਨੂੰ ਦਿੱਤੀ ਦਰਦਨਾਕ ਮੌਤ, ਖੂਹ ''ਚੋਂ ਮਿਲੀ ਲਾਸ਼

ਮੋਹਾਲੀ, ਚੰਡੀਗੜ੍ਹ (ਜੱਸੀ/ਸੁਸ਼ੀਲ) : ਮੋਹਾਲੀ ਦੇ ਕੁੰਭੜਾ ਤੋਂ 16 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਸੋਮਵਾਰ ਰਾਤ ਸੈਕਟਰ-53 ਦੇ ਜੰਗਲ ’ਚ ਖੂਹ ’ਚੋਂ ਮਿਲੀ। ਸੂਚਨਾ ਮਿਲਦੇ ਹੀ ਸੈਕਟਰ-36 ਥਾਣਾ ਤੇ ਮੋਹਾਲੀ ਪੁਲਸ ਮੌਕੇ ’ਤੇ ਪਹੁੰਚੀ। ਚੰਡੀਗੜ੍ਹ ਪੁਲਸ ਨੇ ਲਾਸ਼ ਖੂਹ ’ਚੋਂ ਕੱਢ ਕੇ ਮੋਹਾਲੀ ਪੁਲਸ ਦੇ ਹਵਾਲੇ ਕਰ ਦਿੱਤੀ। ਮ੍ਰਿਤਕ ਦੀ ਪਛਾਣ ਅਨਿਲ ਕੁਮਾਰ ਚੌਹਾਨ ਵਜੋਂ ਹੋਈ ਹੈ। ਮੋਹਾਲੀ ਫੇਜ਼-8 ਥਾਣਾ ਪੁਲਸ ਨੇ ਕਤਲ ਕਰਨ ਵਾਲੇ ਕਜਹੇੜੀ ਦੇ 4 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਦੀ ਨਿਸ਼ਾਨਦੇਹੀ ’ਤੇ ਹੀ ਲਾਸ਼ ਬਰਾਮਦ ਕੀਤੀ ਗਈ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਕਿ ਅਨਿਲ ਦਾ ਕਜਹੇੜੀ ਦੀ ਕੁੜੀ ਨਾਲ ਪ੍ਰੇਮ ਪ੍ਰਸੰਗ ਸੀ। ਕੁੜੀ ਦੇ ਭਰਾ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਅਨਿਲ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ। ਮੋਹਾਲੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਬੂਟਾ ਸਿੰਘ ਟਿੱਪਣੀ ਵਿਵਾਦ 'ਤੇ ਵੜਿੰਗ ਨੂੰ AAP ਦਾ ਕਰਾਰਾ ਜਵਾਬ, ਭਖਿਆ ਮਾਮਲਾ (ਵੀਡੀਓ)
ਬਲਿੰਕਿਟ ਸਟੋਰ ’ਚ ਕੰਮ ਕਰਦਾ ਸੀ ਅਨਿਲ
ਮਾਨਸਾ ਦੇ ਬੁਢਲਾਡਾ ਵਾਸੀ ਉਮੈਦ ਚੌਹਾਨ ਨੇ 14 ਅਕਤੂਬਰ ਨੂੰ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਸਦਾ ਭਰਾ ਅਨਿਲ ਮੋਹਾਲੀ ਦੇ ਕੁੰਭੜਾ ’ਚ ਕਿਰਾਏ ’ਤੇ ਰਹਿੰਦਾ ਹੈ ਅਤੇ ਫੇਜ਼-9 ’ਚ ਬਲਿੰਕਿਟ ਸਟੋਰ ’ਚ ਕੰਮ ਕਰਦਾ ਹੈ। 15 ਅਕਤੂਬਰ ਨੂੰ ਉਸਦਾ ਭਰਾ ਮੋਟਰਸਾਈਕਲ ’ਤੇ ਘਰੋਂ ਨਿਕਲਿਆ ਸੀ ਪਰ ਵਾਪਸ ਨਹੀਂ ਆਇਆ। ਭਰਾ ਦੇ ਲਾਪਤਾ ਹੋਣ ਦੀ ਸ਼ਿਕਾਇਤ ਫੇਜ਼-8 ਪੁਲਸ ਥਾਣੇ ’ਚ ਦਿੱਤੀ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਦੱਸਿਆ ਕਿ ਅਨਿਲ ਦਾ ਕਜਹੇੜੀ ਦੀ ਕੁੜੀ ਨਾਲ ਪ੍ਰੇਮ ਪਸੰਗ ਚੱਲ ਰਿਹਾ ਸੀ। ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਭਰਾ ਨੂੰ ਅਗਵਾ ਕਰਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੋਵੇਗਾ। ਪੁਲਸ ਨੇ ਅਨਿਲ ਦੀ ਕਾਲ ਡਿਟੇਲ ਅਤੇ ਲੋਕੇਸ਼ਨ ਹਾਸਲ ਕੀਤੀ। ਜਾਂਚ ਦੌਰਾਨ ਪੁਲਸ ਨੇ ਕਜਹੇੜੀ ਦੇ ਅਮਨ ਅਤੇ ਬਾਦਲ ਸਮੇਤ 4 ਨੌਜਵਾਨਾਂ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ। ਇਸ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਅਨਿਲ ਨੂੰ ਅਗਵਾ ਕਰ ਕੇ ਕਜਹੇੜੀ ਦੇ ਜੰਗਲ ’ਚ ਚਾਪਰ ਨਾਲ ਕਤਲ ਕਰਕੇ ਲਾਸ਼ ਸੈਕਟਰ-53 ਦੇ ਖੂਹ ’ਚ ਸੁੱਟ ਦਿੱਤੀ। ਮੋਹਾਲੀ ਪੁਲਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਸੋਮਵਾਰ ਰਾਤ ਅਨਿਲ ਦੀ ਲਾਸ਼ ਖੂਹ ’ਚੋਂ ਬਰਾਮਦ ਕੀਤੀ। ਉਸਦਾ ਚਿਹਰਾ ਸੁੱਜਿਆ ਹੋਇਆ ਸੀ ਅਤੇ ਚਾਪਰ ਮਾਰ ਕੇ ਉਸ ਦਾ ਕਤਲ ਕੀਤਾ ਗਿਆ ਸੀ। ਸੈਕਟਰ-36 ਥਾਣਾ ਪੁਲਸ ਵੀ ਮੌਕੇ ’ਤੇ ਪਹੁੰਚੀ। ਪੁਲਸ ਨੇ ਲਾਸ਼ ਮੋਹਾਲੀ ਪੁਲਸ ਨੂੰ ਸੌਂਪ ਦਿੱਤੀ।

ਇਹ ਵੀ ਪੜ੍ਹੋ : ਪੰਜਾਬੀਆਂ ਲਈ ਜਾਰੀ ਹੋਈ ਐਡਵਾਈਜ਼ਰੀ! ਗਰਭਵਤੀ ਔਰਤਾਂ ਤੇ ਬਜ਼ੁਰਗ ਰਹਿਣ ਸਾਵਧਾਨ
ਆਖ਼ਰੀ ਲੋਕੇਸ਼ਨ ਆਈ ਸੀ ਕਜਹੇੜੀ
ਮੋਹਾਲੀ ਪੁਲਸ ਨੇ ਜਾਂਚ ਕੀਤੀ ਤਾਂ ਮ੍ਰਿਤਕ ਅਨਿਲ ਦੇ ਮੋਬਾਇਲ ਦੀ ਆਖ਼ਰੀ ਲੋਕੇਸ਼ਨ ਕਜਹੇੜੀ ਸਾਹਮਣੇ ਆਈ। ਇਸ ਦੇ ਬਾਅਦ ਸ਼ੱਕ ਯਕੀਨ ’ਚ ਬਦਲ ਗਿਆ ਤੇ ਪੁਲਸ ਤੁਰੰਤ ਮ੍ਰਿਤਕ ਦੀ ਪ੍ਰੇਮਿਕਾ ਤੱਕ ਪਹੁੰਚ ਗਈ। ਜਾਂਚ ’ਚ ਪਤਾ ਲੱਗਾ ਕਿ ਪ੍ਰੇਮਿਕਾ ਦੇ ਭਰਾ ਨੇ ਅਨਿਲ ਦੀ ਰੇਕੀ ਕੀਤੀ ਅਤੇ ਉਸ ਨੂੰ ਕਿਸੇ ਬਹਾਨੇ ਨਾਲ ਕਜਹੇੜੀ ਬੁਲਾ ਲਿਆ। ਫਿਰ ਉਸ ਨੂੰ ਅਗਵਾ ਕਰਕੇ ਜੰਗਲ ’ਚ ਲੈ ਗਏ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ। ਡੀ. ਐੱਸ. ਪੀ., ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਕੁੰਭੜਾ ਤੋਂ ਲਾਪਤਾ ਨੌਜਵਾਨ ਦੀ ਲਾਸ਼ ਸੈਕਟਰ-53 ਦੇ ਜੰਗਲ ਤੋਂ ਬਰਾਮਦ ਹੋਈ। ਪੁਲਸ ਨੇ ਪਹਿਲਾਂ ਲਾਪਤਾ ਹੋਣ ਦਾ ਮਾਮਲਾ ਦਰਜ ਕੀਤਾ ਸੀ। ਹੁਣ ਕਤਲ ਦੀ ਧਾਰਾ ਜੋੜ ਕੇ ਪੰਜ ਲੋਕਾਂ ਨੂੰ ਹਿਰਾਸਤ ’ਚ ਲਿਆ ਹੈ। ਹਿਰਾਸਤ ’ਚ ਲਏ ਗਏ ਨੌਜਵਾਨਾਂ ਦੀ ਨਿਸ਼ਾਨਦੇਹੀ ’ਤੇ ਹੀ ਲਾਸ਼ ਬਰਾਮਦ ਕੀਤੀ। ਪੁਲਸ ਸਾਰੇ ਮੁਲਜ਼ਮਾਂ ਨੂੰ ਨਾਮਜ਼ਦ ਕਰੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
 
 


author

Babita

Content Editor

Related News