ਛੋਟੀ ਉਮਰ ’ਚ ਹੀ ਦਿਸ ਜਾਂਦੇ ਹਨ ਟਾਈਪ 2 ਡਾਇਬਟੀਜ਼ ਦੇ ਸ਼ੁਰੂਆਤੀ ਲੱਛਣ
Friday, Sep 20, 2019 - 04:51 PM (IST)

ਨਵੀਂ ਦਿੱਲੀ(ਬਿਊਰੋ)- ਅੱਜਕਲ ਟਾਈਪ 2 ਡਾਇਬਟੀਜ਼ ਦੀ ਬੀਮਾਰੀ ਦੁਨੀਆਭਰ ’ਚ ਤੇਜ਼ੀ ਨਾਲ ਫੈਲ ਰਹੀ ਹੈ। ਅੰਕੜਿਆਂ ਮੁਤਾਬਕ ਇਕੱਲੇ ਭਾਰਤ ’ਚ ਹੀ ਲੱਗਭਗ 10 ਲੱਖ ਲੋਕ ਟਾਈਪ-2 ਡਾਇਬਟੀਜ਼ ਦੇ ਸ਼ਿਕਾਰ ਹਨ। ਅਜੇ ਭਾਰਤ ’ਚ ਡਾਇਬਟੀਜ਼ ਨਾਲ ਪੀੜਤ 25 ਸਾਲ ਨਾਲ ਘੱਟ ਉਮਰ ਦੇ ਹਰ 4 ਲੋਕਾਂ ਵਿਚੋਂ 1 ਨੂੰ ਟਾਈਪ 2 ਡਾਇਬਟੀਜ਼ ਹੈ। ਲਾਈਫਸਟਾਈਲ ਨਾਲ ਜੁੜੀ ਇਸ ਬੀਮਾਰੀ ’ਚ ਸਾਡਾ ਸਰੀਰ ਇੰਸੁਲਿਨ ਦਾ ਪ੍ਰੋਡਕਸ਼ਨ ਨਹੀਂ ਕਰ ਪਾਉਂਦਾ, ਜਿਸ ਕਾਰਣ ਸਰੀਰ ’ਚ ਬਲੱਡ ਸ਼ੂਗਰ ਦਾ ਪੱਧਰ ਵਧਣ ਲੱਗਦਾ ਹੈ।
8 ਸਾਲ ਦੀ ਉਮਰ ’ਚ ਦਿਸ ਜਾਂਦੇ ਹਨ ਲੱਛਣ
ਹਾਲਾਂਕਿ ਜੇਕਰ ਸਹੀ ਤਰੀਕੇ ਨਾਲ ਧਿਆਨ ਦਿੱਤਾ ਜਾਵੇ ਤਾਂ ਸਿਰਫ 8 ਸਾਲ ਦੀ ਉਮਰ ’ਚ ਹੀ ਬੱਚੇ ’ਚ ਲੱਛਣ ਦਿਸਣ ਲੱਗਦੇ ਹਨ, ਜਿਸ ਨਾਲ ਇਹ ਪਤਾ ਲਾਇਆ ਜਾ ਸਕਦਾ ਹੈ ਕਿ ਇਸ ਬੱਚੇ ਨੂੰ ਵੱਡੇ ਹੋ ਕੇ ਟਾਈਪ 2 ਡਾਇਬਟੀਜ਼ ਹੋਵੇਗੀ ਜਾਂ ਨਹੀਂ। ਦਰਅਸਲ, ਟਾਈਪ 2 ਡਾਇਬਟੀਜ਼ ਦੇ ਲੱਛਣ ਹੌਲੀ-ਹੌਲੀ ਕਈ ਸਾਲਾਂ ’ਚ ਵਿਕਸਤ ਹੁੰਦੇ ਹਨ ਅਤੇ ਮਿਡਲ ਏਜ ਆਉਂਦਿਆਂ-ਆਉਂਦਿਆਂ ਬੀਮਾਰੀ ਡਾਇਗਨੋਜ ਹੁੰਦੀ ਹੈ। ਖੋਜਕਾਰ ਨੇ ਆਪਣੀ ਖੋਜ ਰਾਹੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿੰਨੀ ਜਲਦੀ ਅਤੇ ਕਿੰਨੀ ਉਮਰ ’ਚ ਟਾਈਪ 2 ਡਾਇਬਟੀਜ਼ ਦੇ ਲੱਛਣ ਸਰੀਰ ’ਚ ਦਿਸਣ ਲਗ ਜਾਂਦੇ ਹਨ।
ਸਟੱਡੀ ’ਚ ਸ਼ਾਮਲ ਲੋਕ ਪਹਿਲਾਂ ਡਾਇਬਟੀਜ਼ ਫ੍ਰੀ ਸਨ
ਯੂਕੇ ਦੀ ਯੂਨੀਵਰਸਿਟੀ ਆਫ ਬ੍ਰਿਸਟਲ ’ਚ ਹੋਈ ਇਸ ਸਟੱਡੀ ਦੇ ਮੁੱਖ ਖੋਜਕਾਰ ਜੋਸ਼ੁਆ ਬੇਲ ਕਹਿੰਦੇ ਹਨ ਕਿ ਇਹ ਬੇਹੱਦ ਜ਼ਿਕਰਯੋਗ ਹੈ ਕਿ ਸਾਨੂੰ ਖੂਨ ’ਚ ਐਡਲਟ ਡਾਇਬਟੀਜ਼ ਦੇ ਲੱਛਣ ਇੰਨੀ ਘੱਟ ਉਮਰ ’ਚ ਹੀ ਦਿਸ ਰਹੇ ਹਨ। ਇਹ ਕੋਈ ਕਲੀਨਿਕਲ ਸਟੱਡੀ ਨਹੀਂ ਹੈ। ਸਟੱਡੀ ’ਚ ਸ਼ਾਮਲ ਜ਼ਿਆਦਾਤਰ ਲੋਕ ਡਾਇਬਟੀਜ਼ ਫ੍ਰੀ ਸਨ ਅਤੇ ਜ਼ਿਆਦਾਤਰ ਨੂੰ ਅੱਗੇ ਚੱਲ ਕੇ ਡਾਇਬਟੀਜ਼ ਹੋ ਹੀ ਜਾਏਗੀ, ਅਜਿਹਾ ਵੀ ਕਨਫਰਮ ਨਹੀਂ ਸੀ। ਇਹ ਜੈਨੇਟਿਕਸ ਬਾਰੇ ਹੈ, ਜੋ ਸਾਨੂੰ ਇਹ ਦੱਸ ਸਕਦਾ ਹੈ ਕਿ ਬੀਮਾਰੀ ਕਿਵੇਂ ਵਧਦੀ ਹੈ।
ਭਾਗ ਲੈਣ ਵਾਲੇ ਲੋਕਾਂ ਨੂੰ ਲੰਬੇ ਸਮੇਂ ਤੱਕ ਟਰੈਕ ਕੀਤਾ ਗਿਆ
ਬ੍ਰਿਸਟਲ ’ਚ 1990 ਦੀ ਸ਼ੁਰੂਆਤ ’ਚ ਹੋਈ ਇਸ ਸਟੱਡੀ ’ਚ ਭਾਗ ਲੈਣ ਵਾਲੇ ਲੱਗਭਗ 4 ਹਜ਼ਾਰ ਲੋਕਾਂ ਨੂੰ ਟਰੈਕ ਕੀਤਾ ਗਿਆ। ਇਸ ਖੋਜ ’ਚ ਯੰਗ ਹੈਲਦੀ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ ਜਿਨ੍ਹਾਂ ਨੂੰ ਟਾਈਪ 2 ਡਾਇਬਟੀਜ਼ ਜਾਂ ਕੋਈ ਦੂਸਰੀ ਕ੍ਰਾਨਿਕ ਬੀਮਾਰੀ ਨਹੀਂ ਸੀ। ਇਸ ਖੋਜ ’ਚ ਖੋਜਕਾਰਾਂ ਨੇ ਜੈਨੇਟਿਕਸ ਦੇ ਨਾਲ ਇਕ ਨਵੇਂ ਅਪ੍ਰੋਚ ਨੂੰ ਵੀ ਸ਼ਾਮਲ ਕੀਤਾ, ਜਿਸ ਨੂੰ ਮੈਟਾਬੋਲੋਮਿਕਸ ਨਾਂ ਦਿੱਤਾ ਗਿਆ। ਇਸ ਵਿਚ ਖੂਨ ਦੇ ਸੈਂਪਲ ’ਚ ਮੌਜੂਦ ਛੋਟੇ-ਛੋਟੇ ਅਣੂਆਂ ਨੂੰ ਮਾਪਿਆ ਗਿਆ।
8, 16, 18, 25 ਦੀ ਉਮਰ ’ਚ ਲਿਆ ਗਿਆ ਡਾਟਾ
ਸਟੱਡੀ ਦੌਰਾਨ ਇਕ ਵਾਰ ਬਚਪਨ ’ਚ 8 ਸਾਲ ਦੀ ਉਮਰ ’ਚ ਭਾਗ ਲੈਣ ਵਾਲਿਆਂ ਦਾ ਡਾਟਾ ਲਿਆ ਗਿਆ, ਫਿਰ ਦੂਸਰੀ ਵਾਰ 16 ਅਤੇ 18 ਸਾਲ ਦੀ ਉਮਰ ’ਚ ਅਤੇ ਉਸ ਦੇ ਬਾਅਦ ਬਾਲਗ ਹੋਣ ’ਤੇ 25 ਸਾਲ ਦੀ ਉਮਰ ’ਚ। ਸਟੱਡੀ ਦੇ ਨਤੀਜਿਆਂ ਤੋਂ ਪਤਾ ਲੱਗਾ ਕਿ 8 ਸਾਲ ਦੀ ਉਮਰ ’ਚ ਐੱਚ. ਡੀ. ਐੱਲਸ. ਕੋਲੈਸਟ੍ਰੋਲ ਦਾ ਲੇਵਲ ਘੱਟ ਸੀ ਜਦਕਿ ਇਨਫਲੈਮੈਟਰੀ ਗਲਾਈਕੋਪ੍ਰੋਟੀਨ ਐਸਲਾਈਲਸ ਅਤੇ ਅਮੀਨੋ ਐਸਿਡ ਦਾ ਲੇਵਲ 16 ਅਤੇ 18 ਸਾਲ ਦੀ ਉਮਰ ’ਚ ਵਧਿਆ ਹੋਇਆ ਸੀ। ਇਨ੍ਹਾਂ ਮੈਟਾਬਾਲਿਕ ਫੀਚਰਸ ਨੂੰ ਟਾਰਗੈੱਟ ਕਰ ਕੇ ਭਵਿੱਖ ’ਚ ਟਾਈਪ 2 ਡਾਇਬਟੀਜ਼ ਹੋਣ ਤੋਂ ਰੋਕਿਆ ਜਾ ਸਕਦਾ ਹੈ।