ਸਰਦੀਆਂ ''ਚ ਰਹੋ ਸਿਹਤਮੰਦ
Sunday, Jan 07, 2018 - 10:32 AM (IST)

ਜਲੰਧਰ— ਸਿਰਫ ਗਰਮ ਕੱਪੜੇ ਪਹਿਨ ਕੇ ਹੀ ਠੰਡ ਤੋਂ ਨਹੀਂ ਬਚਿਆ ਜਾ ਸਕਦਾ ਸਗੋਂ ਸਰੀਰ 'ਚ ਅੰਦਰੂਨੀ ਗਰਮੀ ਹੋਣੀ ਵੀ ਬਹੁਤ ਜ਼ਰੂਰੀ ਹੈ। ਚੰਗੇ ਖਾਣ-ਪੀਣ ਦੀ ਬਦੌਲਤ ਹੀ ਇਸ ਗਰਮਾਹਟ ਨੂੰ ਕਾਇਮ ਰੱਖਿਆ ਜਾ ਸਕਦਾ ਹੈ। ਸਰਦੀਆਂ 'ਚ ਡਾਈਟ ਚੰਗੀ ਹੋਵੇਗੀ ਤਾਂ ਠੰਡ ਵੀ ਘੱਟ ਲੱਗੇਗੀ ਤੇ ਬਾਡੀ ਕਈ ਤਰ੍ਹਾਂ ਦੀਆਂ ਇਨਫੈਕਸ਼ਨਜ਼ ਤੋਂ ਵੀ ਬਚੀ ਰਹੇਗੀ। ਕੁਝ ਲੋਕਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੁੰਦਾ ਹੈ, ਜਿਸ ਕਾਰਨ ਉਹ ਠੰਡ 'ਚ ਸਰਦੀ-ਖਾਂਸੀ-ਜ਼ੁਕਾਮ ਦੇ ਜਲਦੀ ਸ਼ਿਕਾਰ ਹੋ ਜਾਂਦੇ ਹਨ, ਖਾਸ ਕਰਕੇ ਬੱਚੇ। ਜੇ ਉਨ੍ਹਾਂ ਦੀ ਡਾਈਟ ਵਿਚ ਚੰਗੀਆਂ ਚੀਜ਼ਾਂ ਸ਼ਾਮਲ ਕਰ ਦਿੱਤੀਆਂ ਜਾਣ ਤਾਂ ਸਰਦੀਆਂ 'ਚ ਵੀ ਸਿਹਤਮੰਦ ਰਿਹਾ ਜਾ ਸਕਦਾ ਹੈ।
1. ਸਰਦੀਆਂ 'ਚ ਰੋਜ਼ਾਨਾ ਜ਼ਰੂਰ ਖਾਓ ਗੁੜ
ਉਂਝ ਤੁਸੀਂ ਗੁੜ ਦਾ ਸੇਵਨ ਹਰ ਮੌਸਮ 'ਚ ਕਰ ਸਕਦੇ ਹੋ ਪਰ ਸਰਦੀਆਂ 'ਚ ਇਹ ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਦਰਅਸਲ, ਸਰਦੀਆਂ 'ਚ ਬਾਡੀ ਵਿਚ ਬਲੱਡ ਸਰਕੁਲੇਸ਼ਨ ਦੀ ਰਫਤਾਰ ਘਟ ਜਾਂਦੀ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਜਾਂਦੀ ਹੈ। ਜੇ ਤੁਸੀਂ ਗੁੜ ਖਾਓਗੇ ਤਾਂ ਤੁਹਾਨੂੰ ਇਹ ਪ੍ਰੇਸ਼ਾਨੀ ਨਹੀਂ ਹੋਵੇਗੀ। ਜੇ ਤੁਹਾਨੂੰ ਬਲੱਡ ਪ੍ਰੈਸ਼ਰ ਸਬੰਧੀ ਕੋਈ ਪ੍ਰੇਸ਼ਾਨੀ ਨਹੀਂ ਹੈ ਤਾਂ ਵੀ ਤੁਸੀਂ ਇਸ ਦਾ ਸੇਵਨ ਕਰੋ।
ਗੁੜ ਦੀ ਤਾਸੀਰ ਗਰਮ ਹੁੰਦੀ ਹੈ, ਜਿਸ ਨਾਲ ਸਰੀਰ ਦਾ ਤਾਪਮਾਨ ਠੀਕ ਰਹਿੰਦਾ ਹੈ, ਜਿਸ ਨਾਲ ਠੰਡ ਜ਼ਿਆਦਾ ਮਹਿਸੂਸ ਨਹੀਂ ਹੁੰਦੀ।
ਜਿਨ੍ਹਾਂ ਲੋਕਾਂ ਦੀ ਰੋਗ-ਰੋਕੂ ਸਮਰੱਥਾ ਕਮਜ਼ੋਰ ਹੁੰਦੀ ਹੈ, ਉਨ੍ਹਾਂ ਨੂੰ ਕੋਲਡ-ਕਫ ਦੀ ਪ੍ਰੇਸ਼ਾਨੀ ਛੇਤੀ ਹੋ ਜਾਂਦੀ ਹੈ। ਅਜਿਹੇ ਲੋਕਾਂ ਨੂੰ ਰੋਜ਼ਾਨਾ ਗੁੜ ਦਾ ਸੇਵਨ ਕਰਨਾ ਚਾਹੀਦਾ ਹੈ ਤਾਂ ਕਿ ਉਹ ਜ਼ੁਕਾਮ ਅਤੇ ਖਾਂਸੀ ਤੋਂ ਬਚੇ ਰਹਿਣ।
ਇਸ 'ਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਤੱਤ ਪਾਏ ਜਾਂਦੇ ਹਨ, ਜੋ ਹੱਡੀਆਂ ਦੇ ਨਾਲ ਮਾਸਪੇਸ਼ੀਆਂ ਅਤੇ ਨਾੜੀਆਂ ਦੀ ਥਕਾਵਟ ਨੂੰ ਦੂਰ ਰੱਖਦੇ ਹਨ।
ਸਰਦੀ ਦੇ ਮੌਸਮ 'ਚ ਗਲੇ ਅਤੇ ਫੇਫੜਿਆਂ ਦੀ ਇਨਫੈਕਸ਼ਨ ਬਹੁਤ ਛੇਤੀ ਹੁੰਦੀ ਹੈ। ਅਜਿਹੀ ਹਾਲਤ 'ਚ ਗੁੜ ਦਾ ਸੇਵਨ ਕਰੋ ਅਤੇ ਇਨ੍ਹਾਂ ਇਨਫੈਕਸ਼ਨਜ਼ ਨੂੰ ਦੂਰ ਰੱਖੋ।
ਰੋਜ਼ਾਨਾ ਗੁੜ ਦਾ ਸੇਵਨ ਕਰਨ ਨਾਲ ਤੁਹਾਡਾ ਪਾਚਨ ਤੰਤਰ ਵੀ ਤੰਦਰੁਸਤ ਰਹਿੰਦਾ ਹੈ।
ਡਾਇਬਟੀਜ਼ ਦੇ ਸ਼ਿਕਾਰ ਲੋਕ ਖੰਡ ਦੀ ਥਾਂ ਮਿੱਠੇ ਦੇ ਰੂਪ ਵਿਚ ਗੁੜ ਖਾ ਸਕਦੇ ਹਨ ਕਿਉਂਕਿ ਇਹ ਨੈਚੁਰਲ ਸ਼ੂਗਰ ਹੈ।
2. ਮੂੰਗਫਲੀ ਖਾ ਕੇ ਰਹੋ ਤੰਦਰੁਸਤ
ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਮੂੰਗਫਲੀ ਨਾਲ ਖੰਘ ਲੱਗਦੀ ਹੈ ਪਰ ਅਜਿਹਾ ਨਹੀਂ ਹੈ। ਜੇ ਤੁਸੀਂ ਮੂੰਗਫਲੀ ਦੇ ਲਾਲ ਛਿਲਕੇ ਉਤਾਰ ਕੇ ਸੇਵਨ ਕਰੋ ਅਤੇ ਬਾਅਦ ਵਿਚ ਘੱਟ ਤੋਂ ਘੱਟ ਅੱਧਾ ਘੰਟਾ ਪਾਣੀ ਨਾ ਪੀਓ ਤਾਂ ਖੰਘ ਨਹੀਂ ਲੱਗੇਗੀ।
ਖੂਨ ਦੀ ਕਮੀ ਨਹੀਂ ਹੋਣ ਦਿੰਦੀ ਮੂੰਗਫਲੀ
ਕੈਲਸ਼ੀਅਮ ਅਤੇ ਵਿਟਾਮਿਨ-ਡੀ ਨਹੀਂ ਹੋਣ ਦਿੰਦਾ ਹੱਡੀਆਂ ਨੂੰ ਕਮਜ਼ੋਰ
ਕੋਲੈਸਟ੍ਰੋਲ ਦਾ ਪੱਧਰ ਸਹੀ ਰਹਿੰਦਾ ਹੈ।
50 ਜਾਂ 100 ਗ੍ਰਾਮ ਮੂੰਗਫਲੀ ਰੋਜ਼ਾਨਾ ਖਾਣ ਨਾਲ ਪਾਚਨ ਸਹੀ ਅਤੇ ਹਾਰਮੋਨਸ ਵੀ ਸੰਤੁਲਿਤ ਰਹਿੰਦੇ ਹਨ।
ਮੂੰਗਫਲੀ ਦੇ ਤੇਲ ਦੀ ਮਾਲਿਸ਼ ਕਰਨ ਨਾਲ ਜੋੜਾਂ ਦਾ ਦਰਦ ਠੀਕ ਹੁੰਦਾ ਹੈ।
ਐਨਰਜੀ ਨਾਲ ਭਰਪੂਰ ਮੂੰਗਫਲੀ ਸਰੀਰ ਨੂੰ ਅੰਦਰੋਂ ਗਰਮ ਰੱਖਦੀ ਹੈ, ਜਿਸ ਨਾਲ ਸਰਦੀ-ਜ਼ੁਕਾਮ ਦੀ ਪ੍ਰੇਸ਼ਾਨੀ ਨਹੀਂ ਹੁੰਦੀ।
ਬੱਚਿਆਂ ਨੂੰ ਜ਼ਰੂਰ ਦਿਓ ਕਿਉਂਕਿ ਇਸ 'ਚ ਹੁੰਦੀ ਹੈ ਪ੍ਰੋਟੀਨ ਦੀ ਪੂਰੀ ਮਾਤਰਾ
ਧਿਆਨ ਰੱਖੋ : ਜਿਨ੍ਹਾਂ ਲੋਕਾਂ ਦੀ ਸਕਿਨ ਸੈਂਸਟਿਵ ਹੁੰਦੀ ਹੈ ਜਾਂ ਉਹ ਕਿਸੇ ਤਰ੍ਹਾਂ ਦੀ ਐਲਰਜੀ ਦੇ ਸ਼ਿਕਾਰ ਹਨ, ਉਨ੍ਹਾਂ ਨੂੰ ਮੂੰਗਫਲੀ ਦਾ ਸੇਵਨ ਮਾਹਿਰ ਦੀ ਸਲਾਹ ਨਾਲ ਕਰਨਾ ਚਾਹੀਦਾ ਹੈ।
3. ਖਜੂਰ ਖਾਓ ਅਤੇ ਦਿਖਾਈ ਦਿਓ ਖੂਬਸੂਰਤ
ਖਜੂਰ ਉਨ੍ਹਾਂ ਲੋਕਾਂ ਲਈ ਬਹੁਤ ਵਧੀਆ ਹੈ, ਜਿਨ੍ਹਾਂ ਨੂੰ ਅਕਸਰ ਜੋੜਾਂ 'ਚ ਦਰਦ ਰਹਿੰਦਾ ਹੈ ਜਾਂ ਜਿਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਹਨ, ਉਨ੍ਹਾਂ ਨੂੰ 3 ਤੋਂ 4 ਖਜੂਰਾਂ ਦੁੱਧ ਨਾਲ ਖਾਣੀਆਂ ਚਾਹੀਦੀਆਂ ਹਨ। ਖਜੂਰ ਜਦੋਂ ਸੁੱਕ ਜਾਂਦੀ ਹੈ ਤਾਂ ਛੁਆਰੇ ਦਾ ਰੂਪ ਲੈ ਲੈਂਦੀ ਹੈ। ਤੁਸੀਂ ਖਜੂਰ ਦੀ ਥਾਂ ਇਨ੍ਹਾਂ ਦੀ ਵਰਤੋਂ ਵੀ ਕਰ ਸਕਦੇ ਹੋ।
ਖਜੂਰ ਖਾਣ ਨਾਲ ਤੁਹਾਡੀ ਸਕਿਨ ਗਲੋਇੰਗ ਅਤੇ ਝੁਰੜੀਆਂ-ਰਹਿਤ ਰਹਿੰਦੀ ਹੈ।
ਜੇ ਤੁਹਾਡਾ ਪਾਚਨ ਤੰਤਰ ਕਮਜ਼ੋਰ ਹੈ ਤਾਂ ਤੁਸੀਂ 3-4 ਖਜੂਰਾਂ ਪਾਣੀ 'ਚ ਭਿਓਂ ਕੇ ਰਾਤ ਭਰ ਰੱਖਣੀਆਂ ਹਨ ਅਤੇ ਸਵੇਰੇ ਉਹ ਪਾਣੀ ਪੀਣਾ ਹੈ।
ਇਸ ਵਿਚ ਆਇਰਨ ਕਾਫੀ ਮਾਤਰਾ 'ਚ ਹੁੰਦਾ ਹੈ, ਜਿਸ ਨਾਲ ਅਨੀਮੀਆ ਦੀ ਪ੍ਰਾਬਲਮ ਨਹੀਂ ਹੁੰਦੀ।
ਖਜੂਰ 'ਚ ਫਾਈਬਰ ਵੀ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਤੁਹਾਡੇ ਭਾਰ ਨੂੰ ਘੱਟ ਕਰਨ 'ਚ ਵੀ ਮਦਦਗਾਰ ਹੁੰਦਾ ਹੈ।
ਜਿਨ੍ਹਾਂ ਲੋਕਾਂ ਨੂੰ ਅਕਸਰ ਕਬਜ਼ ਦੀ ਪ੍ਰੇਸ਼ਾਨੀ ਰਹਿੰਦੀ ਹੈ, ਉਨ੍ਹਾਂ ਨੂੰ ਵੀ ਗਰਮ ਦੁੱਧ ਨਾਲ ਖਜੂਰ ਜਾਂ ਛੁਆਰੇ ਦਾ ਸੇਵਨ ਕਰਨਾ ਚਾਹੀਦਾ ਹੈ, ਪੇਟ ਸਾਫ ਹੋ ਜਾਵੇਗਾ।
ਸਰ੍ਹੋਂ ਦਾ ਸਾਗ ਖਾਣ ਦੇ ਫਾਇਦੇ
ਸਰਦੀਆਂ 'ਚ ਸਰ੍ਹੋਂ ਦਾ ਸਾਗ ਸਿਰਫ ਤੁਹਾਨੂੰ ਸਵਾਦ ਹੀ ਨਹੀਂ ਦਿੰਦਾ, ਸਗੋਂ ਸਿਹਤ ਵੀ ਚੰਗੀ ਰੱਖਦਾ ਹੈ ਕਿਉਂਕਿ ਇਸ 'ਚ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਹੁੰਦੇ ਹਨ।
ਸਰ੍ਹੋਂ ਦੇ ਸਾਗ 'ਚ ਵਿਟਾਮਿਨ-ਕੇ, ਓਮੇਗਾ 3 ਫੈਟੀ ਐਸਿਡ ਪਾਏ ਜਾਂਦੇ ਹਨ, ਜੋ ਗਠੀਏ ਦੇ ਰੋਗ ਅਤੇ ਸਰੀਰ ਦੇ ਕਿਸੇ ਵੀ ਹਿੱਸੇ 'ਚ ਸੋਜ ਤੋਂ ਰਾਹਤ ਦਿਵਾਉਣ ਦਾ ਕੰਮ ਕਰਦੇ ਹਨ।
ਫਾਈਬਰ ਨਾਲ ਭਰਪੂਰ ਸਾਗ ਤੁਹਾਡੇ ਪੇਟ ਨੂੰ ਸਾਫ ਰੱਖਦਾ ਹੈ। ਨਾਲ ਹੀ ਭਾਰ ਕੰਟਰੋਲ 'ਚ ਰਹਿੰਦਾ ਹੈ।
ਹੱਡੀਆਂ ਦੀ ਮਜ਼ਬੂਤੀ ਲਈ ਕੈਲਸ਼ੀਅਮ ਅਤੇ ਪੋਟਾਸ਼ੀਅਮ ਦੀ ਖਾਸ ਲੋੜ ਹੁੰਦੀ ਹੈ, ਜੋ ਸਰ੍ਹੋਂ ਦੇ ਸਾਗ 'ਚ ਭਰਪੂਰ ਹੁੰਦੀ ਹੈ।
ਸਾਗ 'ਚ ਵਿਟਾਮਿਨ-ਏ ਤੁਹਾਡੀਆਂ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਸੁਰੱਖਿਅਤ ਰੱਖਣ ਦਾ ਕੰਮ ਕਰਦਾ ਹੈ।
ਐਂਟੀ-ਆਕਸੀਡੈਂਟਸ ਨਾਲ ਭਰਪੂਰ ਸਰ੍ਹੋਂ ਦਾ ਸਾਗ ਸਰੀਰ ਨੂੰ ਡੀਟਾਕਸੀਫਾਈ ਕਰਨ ਦਾ ਕੰਮ ਕਰਦਾ ਹੈ, ਜਿਸ ਨਾਲ ਰੋਗ-ਰੋਕੂ ਸਮਰੱਥਾ ਮਜ਼ਬੂਤ ਹੁੰਦੀ ਹੈ। ਇਸ ਦਾ ਸੇਵਨ ਕਰਨ ਨਾਲ ਪੇਟ, ਫੇਫੜੇ, ਓਵਰੀ ਤੇ ਪ੍ਰੋਸਟੇਟ ਕੈਂਸਰ ਤੋਂ ਵੀ ਬਚਾਅ ਰਹਿੰਦਾ ਹੈ।