ਅੱਜ ਹੀ ਵਿਟਾਮਿਨਜ਼ ਨਾਲ ਭਰਪੂਰ ਇਹ ਭੋਜਨ ਖਾਣੇ ਕਰੋ ਸ਼ੁਰੂ, ਸਰੀਰ ’ਚ ਨਹੀਂ ਘਟੇਗੀ ਪਲੇਟਲੈੱਟਸ ਦੀ ਗਿਣਤੀ

05/28/2023 5:02:52 PM

ਜਲੰਧਰ (ਬਿਊਰੋ)– ਡੇਂਗੂ, ਜੋ ਕਿ ਇਕ ਵਾਇਰਲ ਇਨਫੈਕਸ਼ਨ ਹੈ, ਗਰਮੀਆਂ ਦੇ ਮੌਸਮ ’ਚ ਤੇਜ਼ੀ ਨਾਲ ਲੋਕਾਂ ਨੂੰ ਆਪਣੀ ਲਪੇਟ ’ਚ ਲੈ ਲੈਂਦਾ ਹੈ। ਇਸ ਬੀਮਾਰੀ ’ਚ ਮਰੀਜ਼ ਦੀ ਹਾਲਤ ਬਹੁਤ ਖ਼ਰਾਬ ਹੋ ਜਾਂਦੀ ਹੈ, ਜਿਸ ’ਚ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ। ਡੇਂਗੂ ਮਾਦਾ ਮੱਛਰ ਏਡੀਜ਼ ਦੇ ਕੱਟਣ ਨਾਲ ਹੁੰਦਾ ਹੈ। ਇਸ ਬੀਮਾਰੀ ’ਚ ਮਰੀਜ਼ ਦੇ ਸਰੀਰ ’ਚ ਪਲੇਟਲੈੱਟਸ ਦੀ ਗਿਣਤੀ ਬਹੁਤ ਤੇਜ਼ੀ ਨਾਲ ਘਟਣ ਲੱਗਦੀ ਹੈ। ਯਾਨੀ ਸਰੀਰ ’ਚ ਲਾਲ ਖ਼ੂਨ ਦੇ ਸੈੱਲਾਂ ਦੀ ਕਮੀ ਹੋ ਜਾਂਦੀ ਹੈ। ਅਜਿਹਾ ਉਦੋਂ ਹੁੰਦਾ ਹੈ, ਜਦੋਂ ਸਰੀਰ ’ਚ ਪੋਸ਼ਕ ਤੱਤਾਂ ਦੀ ਕਮੀ ਹੁੰਦੀ ਹੈ। ਹਾਲਾਂਕਿ, ਤੁਸੀਂ ਖੁਰਾਕ ਨੂੰ ਕਾਇਮ ਰੱਖ ਕੇ ਪਲੇਟਲੈੱਟਸ ਦੀ ਗਿਣਤੀ ਵਧਾ ਸਕਦੇ ਹੋ। ਇਸ ਦੇ ਲਈ ਕੁਝ ਵਿਟਾਮਿਨਜ਼ ਨਾਲ ਭਰਪੂਰ ਭੋਜਨ ਨੂੰ ਡਾਈਟ ਚਾਰਟ ’ਚ ਸ਼ਾਮਲ ਕਰਨਾ ਹੋਵੇਗਾ। ਆਓ ਜਾਣਦੇ ਹਾਂ ਉਨ੍ਹਾਂ ਪੋਸ਼ਕ ਤੱਤਾਂ ਬਾਰੇ–

ਪਲੇਟਲੈੱਟਸ ਦੀ ਗਿਣਤੀ ਵਧਾਉਣ ਵਾਲੇ ਵਿਟਾਮਿਨਜ਼

1. ਵਿਟਾਮਿਨ ਸੀ
ਵਿਟਾਮਿਨ ਸੀ ਸਰੀਰ ’ਚ ਸਿਹਤਮੰਦ ਖ਼ੂਨ ਕੋਸ਼ਿਕਾਵਾਂ ਦੇ ਨਿਰਮਾਣ ’ਚ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਦੇ ਨਾਲ ਹੀ ਵਿਟਾਮਿਨ ਸੀ ਨਾਲ ਭਰਪੂਰ ਭੋਜਨ ਵੀ ਇਮਿਊਨਿਟੀ ਵਧਾਉਣ ’ਚ ਮਦਦ ਕਰਦੇ ਹਨ। ਡੇਂਗੂ ਦੇ ਕਾਰਨ ਮਰੀਜ਼ ਦੇ ਸਰੀਰ ’ਚ ਵਿਟਾਮਿਨਜ਼ ਦੀ ਕਮੀ ਨਾ ਹੋਣ ਦਿਓ। ਇਸ ਨੂੰ ਪੂਰਾ ਕਰਨ ਲਈ ਖੱਟੇ ਫਲਾਂ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਓ। ਤੁਸੀਂ ਬਰੋਕਲੀ, ਔਲੇ, ਸਟ੍ਰਾਬੇਰੀ, ਸ਼ਿਮਲਾ ਮਿਰਚ ਆਦਿ ਖਾਣਾ ਸ਼ੁਰੂ ਕਰ ਦਿਓ।

2. ਵਿਟਾਮਿਨ ਕੇ
ਸਰੀਰ ’ਚ ਲਾਲ ਖ਼ੂਨ ਦੇ ਸੈੱਲਾਂ ਨੂੰ ਵਧਾਉਣ ਲਈ ਤੁਹਾਨੂੰ ਮਰੀਜ਼ ਨੂੰ ਵਿਟਾਮਿਨ ਕੇ ਨਾਲ ਭਰਪੂਰ ਭੋਜਨ ਦੇਣਾ ਚਾਹੀਦਾ ਹੈ ਕਿਉਂਕਿ ਉਹ ਬਹੁਤ ਮਹੱਤਵਪੂਰਨ ਹਨ। ਵਿਟਾਮਿਨ ਕੇ ਹੱਡੀਆਂ ਨੂੰ ਮਜ਼ਬੂਤ ਬਣਾਉਣ ’ਚ ਮਦਦ ਕਰਦਾ ਹੈ। ਆਪਣੀ ਖੁਰਾਕ ’ਚ ਡੇਅਰੀ ਉਤਪਾਦ, ਹਰੀਆਂ ਸਬਜ਼ੀਆਂ, ਸੇਬ, ਚਕੁੰਦਰ ਆਦਿ ਦਾ ਸੇਵਨ ਸ਼ੁਰੂ ਕਰੋ।

3. ਆਇਰਨ ਕਰੋ ਸ਼ਾਮਲ
ਡੇਂਗੂ ਦੀ ਬੀਮਾਰੀ ’ਚ ਆਇਰਨ ਯੁਕਤ ਭੋਜਨ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕਰੋ। ਆਇਰਨ ਦੀ ਕਮੀ ਕਾਰਨ ਪਲੇਟਲੈੱਟਸ ਕਾਊਂਟ ਤੇਜ਼ੀ ਨਾਲ ਘਟਣ ਲੱਗਦੇ ਹਨ। ਆਇਰਨ ਸਰੀਰ ਲਈ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਤੁਸੀਂ ਸਾਬਤ ਅਨਾਜ, ਅਨਾਰ, ਪਾਲਕ, ਸੇਬ ਖਾਓ।

4. ਫੋਲੇਟ
ਸਰੀਰ ’ਚ ਪਲੇਟਲੈੱਟਸ ਕਾਊਂਟ ਵਧਾਉਣ ਲਈ ਫੋਲੇਟ ਨਾਲ ਭਰਪੂਰ ਚੀਜ਼ਾਂ ਖਾਓ। ਫੋਲੇਟ ਚਮੜੀ, ਵਾਲਾਂ ਤੇ ਅੱਖਾਂ ਲਈ ਵੀ ਬਹੁਤ ਜ਼ਰੂਰੀ ਹੈ। ਸਰੀਰ ’ਚ ਇਸ ਪੌਸ਼ਟਿਕ ਤੱਤ ਦੀ ਮਾਤਰਾ ਵਧਾਉਣ ਲਈ ਫਲੀਆਂ, ਹਰੀਆਂ ਪੱਤੇਦਾਰ ਸਬਜ਼ੀਆਂ, ਐਵੋਕਾਡੋ, ਸੋਇਆਬੀਨ ਨੂੰ ਭੋਜਨ ’ਚ ਜ਼ਰੂਰ ਸ਼ਾਮਲ ਕਰੋ।

ਨੋਟ– ਇਥੇ ਦਿੱਤੀ ਗਈ ਜਾਣਕਾਰੀ ਘਰੇਲੂ ਉਪਚਾਰਾਂ ਤੇ ਆਮ ਜਾਣਕਾਰੀ ’ਤੇ ਆਧਾਰਿਤ ਹੈ। ਇਸ ਨੂੰ ਅਪਣਾਉਣ ਤੋਂ ਪਹਿਲਾਂ ਡਾਕਟਰੀ ਸਲਾਹ ਜ਼ਰੂਰ ਲਓ।


Rahul Singh

Content Editor

Related News