ਨਹੀਂ ਵਧ ਰਿਹਾ ਭਾਰ ਤਾਂ ਅੱਜ ਹੀ ਇਸ ਤਰੀਕੇ ਨਾਲ ਖਾਣੇ ਸ਼ੁਰੂ ਕਰੋ ਸੁੱਕੇ ਮੇਵੇ, ਦਿਨਾਂ ’ਚ ਦਿਖੇਗਾ ਅਸਰ
Saturday, Apr 29, 2023 - 01:17 PM (IST)
ਜਲੰਧਰ (ਬਿਊਰੋ)– ਪਤਲੇ ਸਰੀਰ ਦੇ ਲੋਕ ਅਕਸਰ ਭਾਰ ਵਧਾਉਣ ਦੀ ਕੋਸ਼ਿਸ਼ ’ਚ ਲੱਗੇ ਰਹਿੰਦੇ ਹਨ ਪਰ ਭਾਰ ਵਧਣਾ ਇੰਨਾ ਆਸਾਨ ਨਹੀਂ ਹੈ, ਜਿੰਨਾ ਇਹ ਲੱਗਦਾ ਹੈ। ਇਹ ਕਹਿਣਾ ਬਹੁਤ ਸੌਖਾ ਹੈ ਕਿ ਜੇਕਰ ਤੁਸੀਂ ਭਾਰ ਵਧਾਉਣਾ ਹੈ ਤਾਂ ਜੋ ਮਰਜ਼ੀ ਖਾਓ ਪਰ ਭਾਰ ਵਧਣਾ ਇੰਨਾ ਆਸਾਨ ਨਹੀਂ ਹੈ। ਕਈ ਅਜਿਹੇ ਭੋਜਨ ਹਨ, ਜੋ ਭਾਰ ਵਧਾਉਣ ਦਾ ਕੰਮ ਕਰਦੇ ਹਨ ਪਰ ਜੇਕਰ ਇਨ੍ਹਾਂ ਨੂੰ ਸਹੀ ਤਰ੍ਹਾਂ ਨਾ ਖਾਧਾ ਜਾਵੇ ਤਾਂ ਭਾਰ ਘੱਟ ਹੋਣ ਦਾ ਨਾਂ ਨਹੀਂ ਲੈਂਦਾ। ਜੇਕਰ ਤੁਸੀਂ ਬਹੁਤ ਪਤਲੇ ਹੋ ਤੇ ਖਾ-ਪੀ ਕੇ ਮੋਟੇ ਹੋਣਾ ਚਾਹੁੰਦੇ ਹੋ ਤਾਂ ਇਥੇ ਜਾਣੋ ਸੁੱਕੇ ਮੇਵੇ ਦਾ ਸੇਵਨ ਕਰਨ ਦਾ ਤਰੀਕਾ। ਜੇਕਰ ਤੁਸੀਂ ਇਥੇ ਦੱਸੇ ਗਏ ਤਰੀਕਿਆਂ ਨਾਲ ਸੁੱਕੇ ਮੇਵੇ ਖਾਓਗੇ ਤਾਂ ਤੁਹਾਡਾ ਭਾਰ ਵੀ ਵਧਦਾ ਨਜ਼ਰ ਆਵੇਗਾ।
ਭਾਰ ਵਧਾਉਣ ਲਈ ਸੁੱਕੇ ਮੇਵੇ
ਸੁੱਕੇ ਮੇਵੇ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਹ ਖਾਣ ’ਚ ਸਵਾਦਿਸ਼ਟ ਹੁੰਦੇ ਹਨ, ਕੁਰਕੁਰੇ ਹੁੰਦੇ ਹਨ ਤੇ ਇਹ ਸਰੀਰ ਨੂੰ ਕਈ ਪੋਸ਼ਕ ਤੱਤ ਵੀ ਪ੍ਰਦਾਨ ਕਰਦੇ ਹਨ। ਜ਼ਿਆਦਾਤਰ ਸੁੱਕੇ ਮੇਵੇ ’ਚ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਤੇ ਮੈਗਨੀਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ। ਇਨ੍ਹਾਂ ’ਚ ਐਂਟੀ-ਆਕਸੀਡੈਂਟ ਵੀ ਭਰਪੂਰ ਮਾਤਰਾ ’ਚ ਹੁੰਦੇ ਹਨ, ਜਿਸ ਕਾਰਨ ਇਨ੍ਹਾਂ ਨੂੰ ਸੁਪਰਫੂਡ ਕਿਹਾ ਜਾਂਦਾ ਹੈ। ਭਾਰ ਵਧਾਉਣ ਲਈ ਤੁਸੀਂ ਇਥੇ ਦੱਸੇ ਗਏ ਸੁੱਕੇ ਮੇਵੇ ਖਾ ਸਕਦੇ ਹੋ ਤੇ ਇਨ੍ਹਾਂ ਨੂੰ ਖਾਣ ਦਾ ਤਰੀਕਾ ਵੀ ਜਾਣ ਸਕਦੇ ਹੋ।
ਕਿਹੜੇ ਸੁੱਕੇ ਮੇਵੇ ਭਾਰ ਵਧਾਉਂਦੇ ਹਨ?
ਸੁੱਕੇ ਮੇਵਿਆਂ ’ਚ ਕਿਸ਼ਮਿਸ਼, ਪਿਸਤਾ, ਬਦਾਮ, ਮੂੰਗਫਲੀ ਤੇ ਅਖਰੋਟ ਭਾਰ ਵਧਾਉਣ ’ਚ ਕਾਰਗਰ ਸਾਬਿਤ ਹੋ ਸਕਦੇ ਹਨ। ਅਖਰੋਟ ਉੱਚ ਊਰਜਾ ਵਾਲੇ ਭੋਜਨਾਂ ਦੀ ਗਿਣਤੀ ’ਚ ਆਉਂਦਾ ਹੈ ਤੇ ਭਾਰ ਵਧਾਉਣ ’ਚ ਤੁਹਾਡੀ ਮਦਦ ਕਰ ਸਕਦਾ ਹੈ। ਪਿਸਤੇ ’ਚ ਚਰਬੀ ਤੇ ਕੈਲਰੀ ਦੀ ਚੰਗੀ ਮਾਤਰਾ ਹੁੰਦੀ ਹੈ, ਜਿਸ ਨਾਲ ਸਰੀਰ ਦਾ ਭਾਰ ਕੁਝ ਕਿਲੋ ਤੱਕ ਵਧ ਸਕਦਾ ਹੈ। ਕਿਸ਼ਮਿਸ਼ ’ਚ ਮੈਗਨੀਸ਼ੀਅਮ, ਕਾਪਰ ਤੇ ਮੈਗਨੀਜ਼ ਦੇ ਨਾਲ ਵਿਟਾਮਿਨ ਵੀ ਹੁੰਦੇ ਹਨ, ਜੋ ਸਿਹਤਮੰਦ ਭਾਰ ਵਧਾਉਣ ’ਚ ਮਦਦ ਕਰਦੇ ਹਨ। ਬਦਾਮ ਦੀ ਗੱਲ ਕਰੀਏ ਤਾਂ ਇਕ ਮੁੱਠੀ ਭਰ ਬਦਾਮ ’ਚ 6 ਗ੍ਰਾਮ ਪ੍ਰੋਟੀਨ, 170 ਕੈਲਰੀ ਤੇ 4 ਗ੍ਰਾਮ ਫਾਈਬਰ ਦੇ ਨਾਲ-ਨਾਲ 15 ਗ੍ਰਾਮ ਸਿਹਤਮੰਦ ਚਰਬੀ ਹੁੰਦੀ ਹੈ। ਮੂੰਗਫਲੀ ਸਭ ਤੋਂ ਸਸਤੇ ਸੁੱਕੇ ਮੇਵਿਆਂ ’ਚੋਂ ਇਕ ਹੈ ਤੇ ਆਸਾਨੀ ਨਾਲ ਭਾਰ ਵਧਾਉਣ ’ਚ ਮਦਦ ਕਰ ਸਕਦੀ ਹੈ। ਭਾਰ ਵਧਾਉਣ ਲਈ ਸੁੱਕੀ ਅੰਜੀਰ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ।
ਸੁੱਕੇ ਮੇਵੇ ਕਿਵੇਂ ਖਾਈਏ?
- ਸੁੱਕੇ ਮੇਵੇ ਨੂੰ ਸਹੀ ਢੰਗ ਨਾਲ ਖਾਣ ਨਾਲ ਸਿਹਤਮੰਦ ਚਰਬੀ ਵਧ ਸਕਦੀ ਹੈ ਜਾਂ ਕਹਿ ਲਓ ਭਾਰ ਵਧ ਸਕਦਾ ਹੈ। ਭਾਰ ਵਧਾਉਣ ਲਈ ਸੁੱਕੀ ਅੰਜੀਰ ਨੂੰ ਭਿਓਂ ਕੇ ਖਾਧਾ ਜਾ ਸਕਦਾ ਹੈ। ਇਨ੍ਹਾਂ ਨੂੰ ਪਾਣੀ ਜਾਂ ਦੁੱਧ ਨਾਲ ਖਾਣ ਨਾਲ ਤੇਜ਼ੀ ਨਾਲ ਭਾਰ ਵਧਣ ’ਚ ਮਦਦ ਮਿਲਦੀ ਹੈ।ਭਾਰ ਵਧਾਉਣ ਲਈ ਤੁਸੀਂ ਭਿੱਜੀ ਹੋਈ ਸੌਗੀ ਵੀ ਖਾ ਸਕਦੇ ਹੋ। ਜੇਕਰ ਦੇਖਿਆ ਜਾਵੇ ਤਾਂ ਜ਼ਿਆਦਾਤਰ ਭਿੱਜੇ ਹੋਏ ਸੁੱਕੇ ਮੇਵੇ ਖਾਣ ਨਾਲ ਭਾਰ ਵਧਣ ’ਚ ਮਦਦ ਮਿਲਦੀ ਹੈ। ਅਖਰੋਟ ਨੂੰ ਭਿਓਂ ਕੇ ਵੀ ਖਾ ਸਕਦੇ ਹੋ।ਤੁਸੀਂ ਸੁੱਕੇ ਮੇਵੇ ਨੂੰ ਮਿਲਕਸ਼ੇਕ ’ਚ ਮਿਲਾ ਕੇ ਪੀ ਸਕਦੇ ਹੋ, ਸਮੂਦੀ ਬਣਾ ਸਕਦੇ ਹੋ ਤੇ ਨਾਸ਼ਤੇ ’ਚ ਖਾ ਸਕਦੇ ਹੋ। ਹਾਲਾਂਕਿ ਇਨ੍ਹਾਂ ਦਾ ਜ਼ਿਆਦਾ ਸੇਵਨ ਕਰਨ ਤੋਂ ਬਚੋ। ਦੁੱਧ ’ਚ 2 ਤੋਂ 3 ਬਦਾਮ ਮਿਲਾ ਕੇ ਪੀਣਾ ਵੀ ਤੁਹਾਡੇ ਲਈ ਫ਼ਾਇਦੇਮੰਦ ਹੋਵੇਗਾ।ਤੁਸੀਂ ਇਸ ਦਾ ਸੇਵਨ ਕਾਜੂ ਭੁੰਨ ਕੇ ਕਰ ਸਕਦੇ ਹੋ। ਭੁੰਨੇ ਹੋਏ ਕਾਜੂ ਨੂੰ ਪੀਸ ਲਓ। ਜਦੋਂ ਪੀਸਣ ਤੋਂ ਬਾਅਦ ਇਹ ਕਰੀਮ ਵਰਗਾ ਦਿਖਾਈ ਦੇਣ ਲੱਗੇ ਤਾਂ ਤੁਸੀਂ ਸੁਆਦ ਲਈ ਨਮਕ ਜਾਂ ਕੁਝ ਹੋਰ ਹਲਕੇ ਮਸਾਲੇ ਪਾ ਸਕਦੇ ਹੋ। ਇਸ ਨਾਲ ਭਾਰ ਵਧਾਉਣ ’ਚ ਮਦਦ ਮਿਲੇਗੀ।
ਨੋਟ– ਇਹ ਸਮੱਗਰੀ ਸਿਰਫ਼ ਸਲਾਹ ਸਮੇਤ ਆਮ ਜਾਣਕਾਰੀ ਪ੍ਰਦਾਨ ਕਰਦੀ ਹੈ। ਇਹ ਕਿਸੇ ਵੀ ਤਰ੍ਹਾਂ ਯੋਗ ਡਾਕਟਰੀ ਰਾਏ ਦਾ ਬਦਲ ਨਹੀਂ ਹੈ। ਵਧੇਰੇ ਵੇਰਵਿਆਂ ਲਈ ਹਮੇਸ਼ਾ ਕਿਸੇ ਮਾਹਿਰ ਜਾਂ ਆਪਣੇ ਡਾਕਟਰ ਨਾਲ ਸਲਾਹ ਕਰੋ।