Health Tips: ਜਾਣੋ ਕਿਉਂ ਹੁੰਦੇ ਨੇ ਮੂੰਹ ’ਚ ‘ਛਾਲੇ’, ਰਾਹਤ ਪਾਉਣ ਲਈ ਇਨ੍ਹਾਂ ਨੁਸਖ਼ਿਆਂ ਦੀ ਜ਼ਰੂਰ ਕਰੋ ਵਰਤੋਂ

Thursday, Nov 25, 2021 - 03:21 PM (IST)

Health Tips: ਜਾਣੋ ਕਿਉਂ ਹੁੰਦੇ ਨੇ ਮੂੰਹ ’ਚ ‘ਛਾਲੇ’, ਰਾਹਤ ਪਾਉਣ ਲਈ ਇਨ੍ਹਾਂ ਨੁਸਖ਼ਿਆਂ ਦੀ ਜ਼ਰੂਰ ਕਰੋ ਵਰਤੋਂ

ਜਲੰਧਰ (ਬਿਊਰੋ) - ਮੌਸਮ ਬਦਲਣ ਜਾਂ ਕੋਈ ਚੀਜ਼ ਖਾਣ ਨਾਲ ਅਕਸਰ ਲੋਕਾਂ ਦੇ ਮੂੰਹ 'ਚ ਛਾਲੇ ਨਿਕਲ ਆਉਂਦੇ ਹਨ। ਜੇਕਰ ਸਮੇਂ 'ਤੇ ਇਨ੍ਹਾਂ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਬਹੁਤ ਜ਼ਿਆਦਾ ਪ੍ਰੇਸ਼ਾਨ ਕਰਦੇ ਹਨ। ਪ੍ਰੇਸ਼ਾਨੀ ਵਧਣ ਨਾਲ ਖਾਣਾ ਖਾਣ, ਇੱਥੇ ਤੱਕ ਕਿ ਪਾਣੀ ਪੀਣ 'ਚ ਵੀ ਮੁਸ਼ਕਿਲ ਹੁੰਦੀ ਹੈ। ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਕਈ ਵਾਰ ਇਸ ਨਾਲ ਵੀ ਜ਼ਿਆਦਾ ਫ਼ਾਇਦਾ ਨਹੀਂ ਮਿਲਦਾ। ਅਜਿਹੇ 'ਚ ਕੁਝ ਘਰੇਲੂ ਨੁਸਖ਼ਿਆਂ ਦੀ ਵਰਤੋਂ ਕਰਕੇ ਵੀ ਛਾਲਿਆਂ ਤੋਂ ਰਾਹਤ ਪਾਈ ਜਾ ਸਕਦੀ ਹੈ। ਅਸੀਂ ਤੁਹਾਨੂੰ ਮੂੰਹ ਅਤੇ ਜੀਭ ਦੇ ਛਾਲਿਆਂ ਤੋਂ ਰਾਹਤ ਪਾਉਣ ਵਾਲੇ ਅਸਰਦਾਰ ਘਰੇਲੂ ਨੁਸਖ਼ਿਆਂ ਬਾਰੇ ਦੱਸਣ ਜਾ ਰਹੇ ਹਾਂ :-

ਕਿਉਂ ਹੁੰਦੇ ਹਨ ਛਾਲੇ
ਮੂੰਹ 'ਚ ਛਾਲੇ ਨਾ ਸਿਰਫ਼ ਗਲਤ ਖਾਣ-ਪੀਣ ਕਾਰਨ ਹੁੰਦੇ ਹਨ ਸਗੋਂ ਕਈ ਵਾਰ ਕਿਸੇ ਹੋਰ ਬੀਮਾਰੀ ਕਾਰਨ ਵੀ ਹੋ ਸਕਦੇ ਹਨ। ਜਿਵੇਂ ਢਿੱਡ ਦੀ ਸਫਾਈ ਨਾ ਹੋਣ, ਹਾਰਮੋਨਲ ਸੰਤੁਲਨ, ਸੱਟ ਲੱਗਣਾ, ਪੀਰੀਅਡਸ ਆਦਿ ਕਾਰਨ।

ਰਾਹਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ

1. ਲਸਣ
ਮੂੰਹ 'ਚ ਛਾਲੇ ਹੋਣ ’ਤੇ 2-3 ਲਸਣ ਦੀਆਂ ਕਲੀਆਂ ਲਓ। ਇਨ੍ਹਾਂ ਦੀ ਪੇਸਟ ਬਣਾ ਕੇ ਛਾਲਿਆਂ ਵਾਲੀ ਥਾਂ 'ਤੇ ਲਗਾਓ। ਥੋੜ੍ਹੇ ਸਮੇਂ ਬਾਅਦ ਠੰਡੇ ਪਾਣੀ ਨਾਲ ਕੁਰਲੀ ਕਰ ਲਓ। ਇਸ ਤਰ੍ਹਾਂ ਆਸਾਨੀ ਨਾਲ ਛਾਲਿਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ।

2. ਬਰਫ ਦੀ ਵਰਤੋਂ
ਛਾਲਿਆਂ 'ਤੇ ਠੰਡੀ ਚੀਜ਼ ਲਗਾਉਣ ਨਾਲ ਬਹੁਤ ਜਲਦੀ ਫ਼ਾਇਦਾ ਮਿਲਦਾ ਹੈ। ਬਰਫ ਨੂੰ ਛਾਲਿਆਂ 'ਤੇ ਰਗੜੋ। ਦਿਨ 'ਚ ਅਜਿਹਾ 4-5 ਵਾਰ ਕਰੋ, ਜਿਸ ਨੂੰ ਤੁਹਾਨੂੰ ਕਾਫੀ ਰਾਹਤ ਮਿਲੇਗੀ।

3. ਦੁੱਧ ਦੀ ਵਰਤੋਂ
ਦੁੱਧ 'ਚ ਕੈਲਸ਼ੀਅਮ ਮੌਜੂਦ ਹੁੰਦਾ ਹੈ, ਜੋ ਛਾਲਿਆਂ ਨੂੰ ਠੀਕ ਕਰਨ 'ਚ ਸਹਾਈ ਹੁੰਦਾ ਹੈ। ਠੰਡੇ ਦੁੱਧ 'ਚ ਰੂੰ ਨੂੰ ਭਿਓਂ ਕੇ ਪ੍ਰਭਾਵਿਤ ਥਾਂ 'ਤੇ ਲਗਾਓ। ਅਜਿਹਾ ਕਰਨ 'ਚ ਇਕ ਦਿਨ 'ਚ ਰਾਹਤ ਮਿਲੇਗੀ।

4. ਦੇਸੀ ਘਿਓ
ਮੂੰਹ ਅਤੇ ਜੀਭ ਦੇ ਛਾਲਿਆਂ ਤੋਂ ਛੁਟਕਾਰਾ ਪਾਉਣ ਲਈ ਰਾਤ ਨੂੰ ਸੌਂਣ ਤੋਂ ਪਹਿਲਾਂ ਦੇਸੀ ਘਿਓ ਨੂੰ ਛਾਲਿਆਂ 'ਤੇ  ਲਗਾਓ। ਘਿਓ ਲਗਾਉਣ ਨਾਲ ਸਵੇਰ ਤਕ ਛਾਲੇ ਠੀਕ ਹੋ ਜਾਂਦੇ ਹਨ।

5. ਅਮਰੂਦ ਦੇ ਪੱਤੇ
ਅਮਰੂਦ ਦੇ ਪੱਤਿਆਂ ਨੂੰ ਚਬਾਉਣ ਨਾਲ ਵੀ ਮੂੰਹ ਅਤੇ ਜੀਭ ਦੇ ਛਾਲੇ ਠੀਕ ਹੋ ਜਾਂਦੇ ਹਨ। ਛਾਲਿਆਂ ਤੋਂ ਰਾਹਤ ਪਾਉਣ ਲਈ ਅਮਰੂਦ ਦੇ ਪੱਤਿਆਂ 'ਚ ਕੱਥਾ ਮਿਲਾ ਕੇ ਚਬਾਓ। 2-3 ਵਾਰ ਇਸ ਨੂੰ ਚਬਾਉਣ ਨਾਲ ਮੂੰਹ ਦੇ ਛਾਲੇ ਦੂਰ ਹੋ ਜਾਂਦੇ ਹਨ।

6. ਹਲਦੀ
ਹਲਦੀ ਵੀ ਛਾਲਿਆਂ ਤੋਂ ਰਾਹਤ ਦਿਵਾਉਣ 'ਚ ਕਾਫੀ ਸਹਾਈ ਸਾਬਿਤ ਹੁੰਦੀ ਹੈ। ਰੋਜ਼ਾਨਾ ਸਵੇਰੇ-ਸ਼ਾਮ ਹਲਦੀ ਵਾਲੇ ਪਾਣੀ ਨਾਲ ਗਰਾਰੇ ਕਰਨ ਨਾਲ ਵੀ ਛਾਲਿਆਂ ਅਤੇ ਉਸ ਨਾਲ ਹੋਣ ਵਾਲੇ ਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ।

7. ਸ਼ਹਿਦ
ਕੁਝ ਦਿਨਾਂ ਤਕ ਸ਼ਹਿਦ ਲਗਾਉਣ ਨਾਲ ਵੀ ਮੂੰਹ ਅਤੇ ਜੀਭ ਦੇ ਛਾਲੇ ਠੀਕ ਹੋ ਜਾਂਦੇ ਹਨ। ਦਿਨ 'ਚ 3-4 ਵਾਰ ਛਾਲਿਆਂ 'ਤੇ ਸ਼ਹਿਦ ਲਗਾਓ। ਇਸ ਨਾਲ ਕਾਫ਼ੀ ਰਾਹਤ ਮਿਲੇਗੀ।

8. ਫਟਕੜੀ
ਫਟਕੜੀ ਨੂੰ ਛਾਲਿਆਂ ਵਾਲੀ ਥਾਂ 'ਤੇ 2 ਵਾਰ ਲਗਾਓ ਫਟਕੜੀ ਲਗਾਉਂਦੇ ਸਮੇਂ ਤੁਹਾਨੂੰ ਦਰਦ ਹੋਵੇਗੀ ਪਰ ਘਬਰਾਉਣ ਦੀ ਲੋੜ ਨਹੀਂ ਜਲਣ ਹੋਣਾ ਆਮ ਗੱਲ ਹੈ। ਇਸ ਨਾਲ ਤੁਹਾਨੂੰ ਕਾਫ਼ੀ ਫ਼ਾਇਦਾ ਮਿਲੇਗਾ।

9. ਐਲੋਵੇਰਾ
ਐਲੋਵੇਰਾ ਨੂੰ ਪ੍ਰਭਾਵਿਤ ਥਾਂਵਾ 'ਤੇ ਲਗਾਓ। ਐਲੋਵੇਰਾ ਲਗਾਉਣ ਨਾਲ ਜਖ਼ਮ ਜਲਦੀ ਭਰ ਜਾਵੇਗਾ। ਕੁਝ ਹੀ ਦਿਨਾਂ 'ਚ ਛਾਲਿਆਂ ਤੋਂ ਰਾਹਤ ਮਿਲੇਗੀ।


author

rajwinder kaur

Content Editor

Related News