ਮਿਆਰ ਨਾਲੋਂ 78 ਫੀਸਦੀ ਵੱਧ ਲੂਣ ਖਾ ਜਾਂਦੇ ਭਾਰਤੀ ਮਰਦ, ਕਈ ਬੀਮਾਰੀਆਂ ਨੂੰ ਦੇ ਰਹੇ ਸੱਦਾ

Friday, Sep 29, 2023 - 02:53 PM (IST)

ਮਿਆਰ ਨਾਲੋਂ 78 ਫੀਸਦੀ ਵੱਧ ਲੂਣ ਖਾ ਜਾਂਦੇ ਭਾਰਤੀ ਮਰਦ, ਕਈ ਬੀਮਾਰੀਆਂ ਨੂੰ ਦੇ ਰਹੇ ਸੱਦਾ

ਜਲੰਧਰ, (ਇੰਟ.)- ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਦੇ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਇਨਫੋਰਮੈਟਿਕਸ ਐਂਡ ਰਿਸਰਚ ਅਤੇ ਏਮਜ਼ ਦਿੱਲੀ ਦੇ ਖੋਜਕਾਰਾਂ ਵੱਲੋਂ ਕੀਤੀ ਗਈ ਖੋਜ ਅਨੁਸਾਰ ਇਕ ਔਸਤ ਭਾਰਤੀ ਨਿਰਧਾਰਤ ਮਿਆਰ (ਮਾਪਦੰਡ) ਨਾਲੋਂ 60 ਫੀਸਦੀ ਵੱਧ ਲੂਣ (ਨਮਕ) ਖਾ ਜਾਂਦੇ ਹਨ।

ਜੇਕਰ ਅਸੀਂ ਵਿਸ਼ਵ ਸਿਹਤ ਸੰਗਠਨ ਵੱਲੋਂ ਨਿਰਧਾਰਤ ਮਾਪਦੰਡਾਂ ’ਤੇ ਨਜ਼ਰ ਮਾਰੀਏ ਤਾਂ ਇਕ ਬਾਲਗ ਨੂੰ ਹਰ ਰੋਜ਼ ਲਗਭਗ ਪੰਜ ਗ੍ਰਾਮ ਜਾਂ ਇਸ ਤੋਂ ਘੱਟ ਲੂਣ ਦੀ ਵਰਤੋਂ ਕਰਨੀ ਚਾਹੀਦੀ ਹੈ, ਜਦ ਕਿ ਸੋਡੀਅਮ ਦੀ ਮਾਤਰਾ ਪ੍ਰਤੀ ਦਿਨ ਦੋ ਗ੍ਰਾਮ ਤੋਂ ਘੱਟ ਹੋਣੀ ਚਾਹੀਦੀ ਹੈ। ਅਧਿਐਨ ਅਨੁਸਾਰ, ਇਕ ਔਸਤ ਭਾਰਤੀ ਹਰ ਰੋਜ਼ ਅੱਠ ਗ੍ਰਾਮ ਲੂਣ ਖਾ ਜਾਂਦੇ ਹਨ। ਜੇਕਰ ਭਾਰਤੀ ਮਰਦਾਂ ਦੀ ਗੱਲ ਕਰੀਏ ਤਾਂ ਉਹ ਹਰ ਰੋਜ਼ ਔਸਤਨ 8.9 ਗ੍ਰਾਮ ਲੂਣ ਦਾ ਸੇਵਨ ਕਰਦੇ ਹਨ, ਜੋ ਕਿ ਨਿਰਧਾਰਤ ਮਾਪਦੰਡਾਂ ਤੋਂ ਲਗਭਗ 78 ਫੀਸਦੀ ਜ਼ਿਆਦਾ ਹੈ। ਬਹੁਤ ਜ਼ਿਆਦਾ ਲੂਣ ਦਾ ਸੇਵਨ ਕਰਨ ਨਾਲ ਭਾਰਤੀ ਕਈ ਬੀਮਾਰੀਆਂ ਨੂੰ ਸੱਦਾ ਦੇ ਰਹੇ ਹਨ।

ਔਰਤਾਂ ਵੀ ਖਾ ਰਹੀਆਂ 40 ਫੀਸਦੀ ਜ਼ਿਆਦਾ ਲੂਣ

ਅੰਤਰਰਾਸ਼ਟਰੀ ਜਰਨਲ ਨੇਚਰ ਸਾਇੰਟਿਫਿਕ ਰਿਪੋਰਟ ਵਿਚ ਪ੍ਰਕਾਸ਼ਿਤ ਇਸ ਅਧਿਐਨ ਦੇ ਨਤੀਜੇ ਦੱਸਦੇ ਹਨ ਕਿ ਲੂਣ ਦੇ ਸੇਵਨ ਦੇ ਮਾਮਲੇ ਵਿਚ ਭਾਰਤੀ ਔਰਤਾਂ ਮਰਦਾਂ ਨਾਲੋਂ ਪਿੱਛੇ ਹਨ, ਜੋ ਹਰ ਰੋਜ਼ ਲਗਭਗ 7.9 ਗ੍ਰਾਮ ਲੂਣ ਦਾ ਸੇਵਨ ਕਰ ਰਹੀਆਂ ਹਨ ਪਰ ਇਹ ਮਾਤਰਾ ਵੀ ਨਿਰਧਾਰਤ ਮਾਪਦੰਡਾਂ ਤੋਂ 40 ਫੀਸਦੀ ਵੱਧ ਹੈ। ਲੂਣ ਵਿਚ ਆਇਓਡੀਨ ਪਾਇਆ ਜਾਂਦਾ ਹੈ, ਜੋ ਸਰੀਰ ਲਈ ਜ਼ਰੂਰੀ ਹੈ ਪਰ ਇਸ ਦੇ ਨਾਲ ਹੀ ਭੋਜਨ ਵਿਚ ਲੂਣ ਦੀ ਸਹੀ ਮਾਤਰਾ ਵੱਲ ਧਿਆਨ ਦੇਣਾ ਵੀ ਜ਼ਰੂਰੀ ਹੈ ਕਿਉਂਕਿ ਅਜਿਹਾ ਨਾ ਕਰਨ ਨਾਲ ਕਈ ਬੀਮਾਰੀਆਂ ਅਤੇ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ।

ਮੋਟਾਪੇ ਤੋਂ ਪੀੜਤ ਵੀ ਆਦਤ ਤੋਂ ਮਜਬੂਰ

ਰਿਪੋਰਟ ’ਚ ਸਾਹਮਣੇ ਆਏ ਨਤੀਜਿਆਂ ਮੁਤਾਬਕ ਦੇਸ਼ ’ਚ ਮੋਟਾਪੇ ਤੋਂ ਪੀੜਤ ਲੋਕ ਵੀ ਰੋਜ਼ਾਨਾ ਔਸਤਨ 9.2 ਗ੍ਰਾਮ ਲੂਣ ਦਾ ਸੇਵਨ ਕਰ ਰਹੇ ਹਨ। ਇਸੇ ਤਰ੍ਹਾਂ ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਉਹ ਵੀ ਰੋਜ਼ਾਨਾ ਆਪਣੀ ਖੁਰਾਕ ’ਚ ਔਸਤਨ 8.5 ਗ੍ਰਾਮ ਲੂਣ ਲੈ ਰਹੇ ਹਨ, ਜੋ ਸਿਹਤ ਲਈ ਠੀਕ ਨਹੀਂ ਹੈ।

ਬੀਮਾਰੀਆਂ ਕਾਰਨ ਲੱਖਾਂ ਲੋਕ ਗੁਆ ​​ਚੁੱਕੇ ਆਪਣੀ ਜਾਨ

ਨੌਕਰੀ ਕਰਨ ਵਾਲਿਆਂ ਵਿਚ ਇਹ ਅੰਕੜਾ 8.6 ਗ੍ਰਾਮ ਦਰਜ ਕੀਤਾ ਗਿਆ, ਜਦ ਕਿ ਤੰਬਾਕੂ ਦਾ ਸੇਵਨ ਕਰਨ ਵਾਲੇ ਲੋਕ ਰੋਜ਼ਾਨਾ ਆਪਣੇ ਭੋਜਨ ਵਿਚ ਔਸਤਨ 8.3 ਗ੍ਰਾਮ ਲੂਣ ਦੀ ਵਰਤੋਂ ਕਰਦੇ ਹਨ, ਜੋ ਕਿ ਨਿਰਧਾਰਤ ਮਾਪਦੰਡਾਂ ਤੋਂ ਕਿਤੇ ਵੱਧ ਹੈ। ਖੋਜ ਨੇ ਦਿਖਾਇਆ ਹੈ ਕਿ ਭਾਰਤ ਵਿਚ ਲਗਭਗ 28.1 ਫੀਸਦੀ ਮੌਤਾਂ ਲਈ ਦਿਲ ਸਬੰਧੀ ਰੋਗ (ਸੀ.ਵੀ.ਡੀ.) ਜ਼ਿੰਮੇਵਾਰ ਹੈ। ਜੇਕਰ ਅਸੀਂ 2016 ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਦੇਸ਼ ’ਚ ਹਾਈ ਬਲੱਡ ਪ੍ਰੈਸ਼ਰ ਕਾਰਨ 16.3 ਲੱਖ ਲੋਕਾਂ ਦੀ ਮੌਤ ਹੋ ਗਈ ਸੀ, ਜੋ ਕਿ 1990 ’ਚ ਦਰਜ 7.8 ਲੱਖ ਮੌਤਾਂ ਤੋਂ ਦੁੱਗਣੀ ਹੈ। ਵਿਸ਼ਵ ਪੱਧਰ ’ਤੇ ਸੋਡੀਅਮ ਵਾਲੀ ਖੁਰਾਕ ਦੇ ਨਤੀਜੇ ਵਜੋਂ 7 ਕਰੋੜ ਅਪਾਹਿਜਤਾ-ਅਨੁਕੂਲ ਜੀਵਨ ਸਾਲਾਂ ਦਾ ਨੁਕਸਾਨ ਹੋਇਆ ਸੀ। ਇੰਨਾਂ ਹੀ ਇਸ ਸੋਡੀਅਮ ਅਤੇ ਇਸ ਨਾਲ ਸਬੰਧਤ ਦਿਲ ਦੀਆਂ ਬੀਮਾਰੀਆਂ ਕਾਰਨ 30 ਲੱਖ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀ।


author

Rakesh

Content Editor

Related News