ਖਾਣਾ ਖਾਣ ਤੋਂ ਬਾਅਦ ਢਿੱਡ ’ਚ ਮਹਿਸੂਸ ਹੁੰਦੈ ਭਾਰੀਪਨ ਤਾਂ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ, ਮਿਲੇਗੀ ਰਾਹਤ

Tuesday, Dec 27, 2022 - 12:05 PM (IST)

ਖਾਣਾ ਖਾਣ ਤੋਂ ਬਾਅਦ ਢਿੱਡ ’ਚ ਮਹਿਸੂਸ ਹੁੰਦੈ ਭਾਰੀਪਨ ਤਾਂ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ, ਮਿਲੇਗੀ ਰਾਹਤ

ਜਲੰਧਰ (ਬਿਊਰੋ)– ਜਦੋਂ ਤੁਸੀਂ ਢਿੱਡ ਭਰ ਕੇ ਭੋਜਨ ਕਰ ਲੈਂਦੇ ਹੋ ਤਾਂ ਇਸ ਨਾਲ ਤੁਹਾਨੂੰ ਭਾਰੀਪਨ ਮਹਿਸੂਸ ਹੋਣ ਲੱਗਦਾ ਹੈ। ਕੁਝ ਲੋਕਾਂ ਨੂੰ ਇਸ ਭਾਰੀਪਨ ਕਾਰਨ ਨੀਂਦ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਤੁਹਾਨੂੰ ਬੇਚੈਨੀ ਮਹਿਸੂਸ ਹੋਣ ਲੱਗਦੀ ਹੈ। ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਸਭ ਤੋਂ ਸੌਖਾ ਤੇ ਬਿਹਤਰੀਨ ਤਰੀਕਾ ਇਹ ਹੈ ਕਿ ਤੁਸੀਂ ਕਦੇ ਵੀ ਖਾਣਾ ਜ਼ਿਆਦਾ ਜਾਂ ਢਿੱਡ ਭਰ ਕੇ ਨਾ ਖਾਓ। ਅਜਿਹਾ ਮੰਨਿਆ ਜਾਂਦਾ ਹੈ ਕਿ ਆਪਣੀ ਭੁੱਖ ਤੋਂ ਇਕ ਰੋਟੀ ਘੱਟ ਖਾਣਾ ਸਭ ਤੋਂ ਸਹੀ ਆਦਤ ਹੈ। ਜੇਕਰ ਤੁਹਾਨੂੰ ਇਸ ਦੇ ਬਾਵਜੂਦ ਖਾਣਾ ਖਾਣ ਤੋਂ ਬਾਅਦ ਭਾਰੀਪਨ ਮਹਿਸੂਸ ਹੁੰਦਾ ਹੈ ਤਾਂ ਤੁਹਾਨੂੰ ਇਸ ਸਮੱਸਿਆ ਨੂੰ ਦੂਰ ਕਰਨ ਲਈ ਕੁਝ ਉਪਾਅ ਅਪਣਾਉਣੇ ਚਾਹੀਦੇ ਹਨ, ਜੋ ਹੇਠ ਲਿਖੇ ਅਨੁਸਾਰ ਹਨ–

ਸੌਂਫ ਤੇ ਮਿਸ਼ਰੀ
ਹੋਟਲਾਂ ’ਚ ਖਾਣਾ ਖਾਣ ਤੋਂ ਬਾਅਦ ਸੌਂਫ ਤੇ ਮਿਸ਼ਰੀ ਦਿੱਤੀ ਜਾਂਦੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸੌਂਫ ਤੇ ਮਿਸ਼ਰੀ ਢਿੱਡ ’ਚ ਹੋਣ ਵਾਲੇ ਭਾਰੀਪਨ ਨੂੰ ਰੋਕਦੀਆਂ ਹਨ। ਇਸ ਤੋਂ ਇਲਾਵਾ ਇਸ ਦੀ ਵਰਤੋਂ ਮਾਊਥ ਫ੍ਰੈਸ਼ਨਰ ਦੇ ਤੌਰ ’ਤੇ ਵੀ ਕੀਤੀ ਜਾਂਦੀ ਹੈ।

ਭਿੱਜੇ ਹੋਏ ਅਲਸੀ ਦੇ ਬੀਜਾਂ ਦਾ ਸੇਵਨ
ਖਾਣਾ ਖਾਣ ਤੋਂ ਬਾਅਦ ਅਲਸੀ ਦੇ ਭਿੱਜੇ ਬੀਜਾਂ ਦਾ ਸੇਵਨ ਕਰਨਾ ਵੀ ਲਾਭਦਾਇਕ ਹੁੰਦਾ ਹੈ। ਇਸ ਨਾਲ ਢਿੱਡ ’ਚ ਭਾਰੀਪਨ ਨਹੀਂ ਹੁੰਦਾ। ਇਹ ਪਾਚਨ ਸ਼ਕਤੀ ਵਧਾਉਂਦਾ ਹੈ ਤੇ ਢਿੱਡ ਨੂੰ ਠੀਕ ਤਰ੍ਹਾਂ ਸਾਫ਼ ਕਰਦਾ ਹੈ। ਢਿੱਡ ’ਚ ਗੜਬੜੀ ਕਾਰਨ ਭਾਰੀਪਨ ਦੀ ਸਮੱਸਿਆ ਆਉਂਦੀ ਹੈ, ਇਸ ਲਈ ਇਸ ਦਾ ਧਿਆਨ ਰੱਖਣਾ ਜ਼ਰੂਰੀ ਹੈ।

ਹਰੀ ਇਲਾਇਚੀ
ਖਾਣਾ ਖਾਣ ਤੋਂ ਤੁਰੰਤ ਬਾਅਦ ਇਲਾਇਚੀ ਖਾਣ ਨਾਲ ਤੁਹਾਡੇ ਢਿੱਡ ਦਾ ਭਾਰੀਪਨ ਦੂਰ ਹੋ ਜਾਵੇਗਾ। ਖਾਣੇ ਤੋਂ ਬਾਅਦ ਇਲਾਇਚੀ ਜਿਹੀਆਂ ਹਰਬਲ ਚੀਜ਼ਾਂ ਦਾ ਸੇਵਨ ਖਾਣਾ ਪਚਾਉਣ ’ਚ ਮਦਦਗਾਰ ਹੈ। ਇਲਾਇਚੀ ਤੁਹਾਡੇ ਢਿੱਡ ਨੂੰ ਫੁੱਲਣ ਤੋਂ ਰੋਕਦੀ ਹੈ। ਇਸ ਲਈ ਖਾਣਾ ਖਾਣ ਤੋਂ ਬਾਅਦ 1-2 ਹਰੀਆਂ ਇਲਾਇਚੀਆਂ ਖਾਓ।

ਸ਼ਹਿਦ
ਸ਼ਹਿਦ ਇਕ ਅਜਿਹੀ ਔਸ਼ਧੀ ਹੈ, ਜੋ ਖਾਣ ’ਚ ਸਵਾਦ ਤੇ ਸਿਹਤ ਦੇ ਲਿਹਾਜ਼ ਨਾਲ ਲਾਭਕਾਰੀ ਹੈ। ਖਾਣਾ ਖਾਣ ਤੋਂ ਬਾਅਦ ਸ਼ਹਿਦ ਦਾ ਸੇਵਨ ਕਰਨ ਨਾਲ ਇਹ ਢਿੱਡ ’ਚ ਭਾਰੀਪਨ ਦੀ ਸਮੱਸਿਆ ਨੂੰ ਦੂਰ ਕਰਨ ’ਚ ਮਦਦ ਕਰਦਾ ਹੈ। ਤਿੰਨੇ ਸਮੇਂ ਖਾਣਾ ਖਾਣ ਤੋਂ ਬਾਅਦ 1 ਜਾਂ 2 ਚਮਚ ਸ਼ਹਿਦ ਦਾ ਸੇਵਨ ਕਰਨ ਨਾਲ ਤੁਹਾਡੀ ਪਾਚਨ ਸ਼ਕਤੀ, ਇਮਿਊਨਿਟੀ ਸਮੇਤ ਕਈ ਹੋਰ ਫ਼ਾਇਦੇ ਮਿਲਣਗੇ।

ਨੋਟ– ਤੁਸੀਂ ਢਿੱਡ ’ਚ ਮਹਿਸੂਸ ਹੁੰਦੇ ਭਾਰੀਪਨ ਨੂੰ ਕਿਵੇਂ ਦੂਰ ਕਰਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News