ਪਾਵਰਕਾਮ ਵਲੋਂ ਇਨ੍ਹਾਂ ਪਰਿਵਾਰਾਂ ਨੂੰ ਵੱਡੀ ਰਾਹਤ, ਬਿਜਲੀ ਕੁਨੈਕਸ਼ਨਾਂ ਨੂੰ ਲੈ ਕੇ ਲਿਆ ਅਹਿਮ ਫ਼ੈਸਲਾ

Thursday, Apr 16, 2026 - 10:27 AM (IST)

ਪਾਵਰਕਾਮ ਵਲੋਂ ਇਨ੍ਹਾਂ ਪਰਿਵਾਰਾਂ ਨੂੰ ਵੱਡੀ ਰਾਹਤ, ਬਿਜਲੀ ਕੁਨੈਕਸ਼ਨਾਂ ਨੂੰ ਲੈ ਕੇ ਲਿਆ ਅਹਿਮ ਫ਼ੈਸਲਾ

ਜ਼ੀਰਕਪੁਰ (ਧੀਮਾਨ) : ਲੰਬੇ ਸਮੇਂ ਤੋਂ ਬਿਜਲੀ ਸੰਕਟ ਨਾਲ ਜੂਝ ਰਹੀ ਸੁਸ਼ਮਾ ਜੋਇਨੈਸਟ ਸੁਸਾਇਟੀ ਦੇ ਵਸਨੀਕਾਂ ਲਈ ਆਖ਼ਰਕਾਰ ਵੱਡੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਪਾਵਰਕਾਮ ਦੇ ਬੋਰਡ ਆਫ ਡਾਇਰੈਕਟਰ ਦੀ ਅਹਿਮ ਮੀਟਿੰਗ ਦੌਰਾਨ ਸੁਸਾਇਟੀ ਦੇ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਫ਼ੈਸਲਾ ਕੀਤਾ ਗਿਆ ਕਿ ਹੁਣ ਬਿਲਡਰ ਦੇ ਸਿੰਗਲ ਪੁਆਇੰਟ ਮੀਟਰ ਸਿਸਟਮ ਨੂੰ ਖ਼ਤਮ ਕਰਕੇ ਵਸਨੀਕਾਂ ਨੂੰ ਸਿੱਧੇ ਵੱਖਰੇ ਬਿਜਲੀ ਮੀਟਰ ਜਾਰੀ ਕੀਤੇ ਜਾਣਗੇ। ਇਹ ਫੈਸਲਾ ਨਾ ਸਿਰਫ਼ ਸੈਂਕੜੇ ਪਰਿਵਾਰਾਂ ਲਈ ਰਾਹਤ ਲੈ ਕੇ ਆਇਆ ਹੈ, ਸਗੋਂ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਵਿਵਾਦ ’ਤੇ ਵੀ ਵੱਡਾ ਹੱਲ ਮੰਨਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਫ਼ੈਸਲੇ ਦੇ ਤੁਰੰਤ ਬਾਅਦ ਹੀ ਪਾਵਰਕਾਮ ਵੱਲੋਂ ਵੀਰਵਾਰ ਤੋਂ ਸੁਸਾਇਟੀ ਅੰਦਰ ਹੀ ਵਿਸ਼ੇਸ਼ ਕੈਂਪ ਲਾਇਆ ਜਾ ਰਿਹਾ ਹੈ। ਇੱਥੇ ਵਸਨੀਕਾਂ ਤੋਂ ਮੀਟਰ ਜਾਰੀ ਕਰਨ ਲਈ ਲੋੜੀਂਦੇ ਦਸਤਾਵੇਜ਼ ਇਕੱਠੇ ਕੀਤੇ ਜਾਣਗੇ। ਇਸ ਕਦਮ ਨਾਲ ਲੋਕਾਂ ਨੂੰ ਦਫ਼ਤਰਾਂ ਦੇ ਚੱਕਰ ਕੱਟਣ ਤੋਂ ਰਾਹਤ ਮਿਲੇਗੀ ਅਤੇ ਪੂਰੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ। ਸੁਸਾਇਟੀ ਵਸਨੀਕ ਰੋਹਿਣੀ ਸਿੰਗਲਾ, ਪੁਨੀਤ ਕੁਮਾਰ, ਦੀਦਾਰ ਸਿੰਘ ਸਮੇਤ ਹੋਰਨਾਂ ਨੇ ਦੱਸਿਆ ਕਿ ਪਾਵਰਕਾਮ ਵੱਲੋਂ ਉਨ੍ਹਾਂ ਨੂੰ ਵੱਖਰੇ ਮੀਟਰ ਜਾਰੀ ਕਰਨ ਦੀ ਅਧਿਕਾਰਕ ਜਾਣਕਾਰੀ ਦੇ ਦਿੱਤੀ ਗਈ ਹੈ। ਇਹ ਦਿਨ ਸੁਸਾਇਟੀ ਦੇ ਲੋਕਾਂ ਲਈ ਦੀਵਾਲੀ ਤੋਂ ਘੱਟ ਨਹੀਂ ਹੈ, ਕਿਉਂਕਿ ਲੰਬੇ ਸਮੇਂ ਤੋਂ ਬਿਜਲੀ ਦੇ ਮੁੱਦੇ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹੁਣ ਵੱਖਰੇ ਮੀਟਰ ਮਿਲਣ ਨਾਲ ਲੋਕਾਂ ਨੂੰ ਸਿੱਧੀ ਤੇ ਸਥਿਰ ਬਿਜਲੀ ਸਪਲਾਈ ਮਿਲਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਟੋਲ ਪਲਾਜ਼ੇ ਤੇ ਨੈਸ਼ਨਲ ਹਾਈਵੇਅ ਰਹਿਣਗੇ ਬੰਦ, ਘਰੋਂ ਨਿਕਲਣ ਤੋਂ ਪਹਿਲਾਂ...

ਵਸਨੀਕਾਂ ਨੂੰ ਜਮ੍ਹਾਂ ਕਰਵਾਉਣੇ ਪੈਣਗੇ ਕੁੱਝ ਲਾਜ਼ਮੀ ਦਸਤਾਵੇਜ਼

ਪਾਵਰਕਾਮ ਦੀਆਂ ਹਦਾਇਤਾਂ ਮੁਤਾਬਕ ਮੀਟਰ ਲਗਵਾਉਣ ਲਈ ਵਸਨੀਕਾਂ ਨੂੰ ਕੁੱਝ ਲਾਜ਼ਮੀ ਦਸਤਾਵੇਜ਼ ਜਮ੍ਹਾਂ ਕਰਵਾਉਣੇ ਪੈਣਗੇ। ਇਸ ’ਚ ਪ੍ਰਾਰਥੀ ਦੀ ਫੋਟੋ, ਬਿਲਡਰ ਵੱਲੋਂ ਜਾਰੀ ਕੀਤਾ ਪੁਜ਼ੈਸ਼ਨ ਲੈਟਰ ਜਾਂ ਰਜਿਸਟਰੀ ਦੀ ਕਾਪੀ, ਆਧਾਰ ਕਾਰਡ ਦੀ ਕਾਪੀ ਤੇ ਫਲੈਟ ਦੋ ਵਿਅਕਤੀਆਂ ਦੇ ਨਾਮ ’ਤੇ ਹੈ ਤਾਂ ਇਕ ਦੇ ਨਾਮ ਮੀਟਰ ਲਾਉਣ ਲਈ ਦੂਜੇ ਵਿਅਕਤੀ ਵੱਲੋਂ ਸਹਿਮਤੀ ਪੱਤਰ ਸ਼ਾਮਲ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦਸਤਾਵੇਜ਼ ਪੂਰੇ ਹੋਣ ’ਤੇ ਤੇ ਲੋੜੀਂਦੀ ਫੀਸ ਜਮ੍ਹਾਂ ਹੋਣ ਤੋਂ ਬਾਅਦ ਤੁਰੰਤ ਮੀਟਰ ਜਾਰੀ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਪਾਵਰਕਾਮ ਦੇ ਨਿਗਰਾਨ ਇੰਜੀਨੀਅਰ ਅਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਲੋਕਾਂ ਦੀ ਸੁਵਿਧਾ ਨੂੰ ਧਿਆਨ ’ਚ ਰੱਖਦਿਆਂ ਕੈਂਪ ਸਿੱਧਾ ਸੁਸਾਇਟੀ ਅੰਦਰ ਲਾਇਆ ਗਿਆ ਹੈ ਤਾਂ ਜੋ ਕਿਸੇ ਨੂੰ ਵੀ ਬਾਹਰ ਦਫ਼ਤਰਾਂ ਦੇ ਚੱਕਰ ਨਾ ਲਾਉਣੇ ਪੈਣ। ਉਨ੍ਹਾਂ ਕਿਹਾ ਕਿ ਵਸਨੀਕ ਅਗਲੇ ਦੋ ਦਿਨਾਂ ’ਚ ਆਪਣੇ ਅਰਜ਼ੀਆਂ ਪੂਰੀ ਕਰਕੇ ਜਮ੍ਹਾਂ ਕਰਵਾ ਦਿੰਦੇ ਹਨ ਤਾਂ ਆਉਣ ਵਾਲੇ ਹਫ਼ਤੇ ’ਚ ਹੀ ਸੁਸਾਇਟੀ ਦੇ ਵੱਡੇ ਹਿੱਸੇ ’ਚ ਮੀਟਰ ਲਾਉਣ ਦੀ ਪ੍ਰਕਿਰਿਆ ਪੂਰੀ ਕਰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ 'ਚ 17 ਅਪ੍ਰੈਲ ਲਈ ਹੋਇਆ ਵੱਡਾ ਐਲਾਨ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

ਲੋਕਾਂ ਨੂੰ ਬਿਜਲੀ ਸੰਕਟ ਹੱਲ ਹੋਣ ਦੀ ਆਸ

ਸੁਸ਼ਮਾ ਵੈਲਸੀਆ ਸੁਸਾਇਟੀ ਸਬੰਧੀ ਪੁੱਛੇ ਜਾਣ ’ਤੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਮੌਜੂਦਾ ਮੀਟਿੰਗ ਦੌਰਾਨ ਇਸ ਮਾਮਲੇ ’ਤੇ ਕੋਈ ਵਿਚਾਰ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਿਸੇ ਵੀ ਸੁਸਾਇਟੀ ਨੂੰ ਬਿਜਲੀ ਕੁਨੈਕਸ਼ਨ ਦੇਣ ਲਈ ਰੈਗੂਲੇਟਰੀ ਨਿਯਮਾਂ ਦੀ ਪਾਲਣਾ ਲਾਜ਼ਮੀ ਹੈ ਤੇ ਹਰ ਮਾਮਲੇ ਨੂੰ ਵੱਖਰੇ ਤੌਰ ’ਤੇ ਹੀ ਦੇਖਿਆ ਜਾਂਦਾ ਹੈ। ਮਾਹਰਾਂ ਮਤਾਬਕ ਸੁਸ਼ਮਾ ਜੋਇਨੈਸਟ ਲਈ ਲਿਆ ਗਿਆ ਫ਼ੈਸਲਾ ਨਾ ਸਿਰਫ਼ ਸੁਸਾਇਟੀ ਲਈ ਮਿਸਾਲ ਬਣੇਗਾ, ਸਗੋਂ ਭਵਿੱਖ ’ਚ ਹੋਰ ਇਸ ਤਰ੍ਹਾਂ ਦੇ ਮਾਮਲਿਆਂ ਲਈ ਵੀ ਰਾਹ ਦਰਸਾਏਗਾ। ਫਿਲਹਾਲ ਸੁਸਾਇਟੀ ਦੇ ਵਸਨੀਕਾਂ ’ਚ ਖੁਸ਼ੀ ਦੀ ਲਹਿਰ ਹੈ ਅਤੇ ਲੋਕ ਉਮੀਦ ਕਰ ਰਹੇ ਹਨ ਕਿ ਹੁਣ ਬਿਜਲੀ ਸੰਕਟ ਦਾ ਪੂਰਾ ਹੱਲ ਜਲਦੀ ਹੀ ਹਕੀਕਤ ਬਣੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News