Liver ਕੈਂਸਰ ਤੋਂ ਪਹਿਲਾਂ ਸਰੀਰ ''ਚ ਦਿਖਦੇ ਨੇ ਇਹ 5 ਲੱਛਣ, ਸਮੇਂ ਸਿਰ ਪਛਾਣ ਨਾਲ ਬਚ ਸਕਦੀ ਹੈ ਜਾਨ
Wednesday, Dec 10, 2025 - 04:49 PM (IST)
ਵੈੱਬ ਡੈਸਕ : ਲਿਵਰ ਸਾਡੇ ਸਰੀਰ ਦਾ ਇੱਕ ਬਹੁਤ ਜ਼ਰੂਰੀ ਅੰਗ ਹੈ ਜੋ ਖੂਨ ਨੂੰ ਸਾਫ਼ ਕਰਨ, ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ, ਪਾਚਨ ਕਿਰਿਆ ਨੂੰ ਠੀਕ ਰੱਖਣ ਅਤੇ ਸਰੀਰ ਨੂੰ ਊਰਜਾ ਦੇਣ ਵਰਗੇ ਮਹੱਤਵਪੂਰਨ ਕਾਰਜ ਕਰਦਾ ਹੈ। ਮਾਹਿਰਾਂ ਅਨੁਸਾਰ, ਲਿਵਰ ਕੈਂਸਰ ਦੀ ਸਭ ਤੋਂ ਖ਼ਤਰਨਾਕ ਗੱਲ ਇਹ ਹੈ ਕਿ ਸ਼ੁਰੂਆਤੀ ਪੜਾਅ ਵਿੱਚ ਇਸਦੇ ਲੱਛਣ ਸਪੱਸ਼ਟ ਰੂਪ ਵਿੱਚ ਦਿਖਾਈ ਨਹੀਂ ਦਿੰਦੇ ਹਨ। ਇਸ ਕਾਰਨ ਲੋਕ ਅਕਸਰ ਇਸਨੂੰ ਗੈਸ, ਐਸੀਡਿਟੀ ਜਾਂ ਆਮ ਕਮਜ਼ੋਰੀ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ, ਜੋ ਕਿ ਖ਼ਤਰਨਾਕ ਸਾਬਤ ਹੋ ਸਕਦਾ ਹੈ। ਪਰ ਜੇਕਰ ਕੁਝ ਖਾਸ ਲੱਛਣਾਂ ਨੂੰ ਸਮੇਂ ਸਿਰ ਪਛਾਣ ਲਿਆ ਜਾਵੇ, ਤਾਂ ਗੰਭੀਰ ਸਥਿਤੀ ਤੋਂ ਬਚਿਆ ਜਾ ਸਕਦਾ ਹੈ।
ਲਿਵਰ ਕੈਂਸਰ ਦੇ 5 ਮੁੱਖ ਸ਼ੁਰੂਆਤੀ ਸੰਕੇਤ
1. ਸਰੀਰ ਦੇ ਸੱਜੇ ਪਾਸੇ ਦਰਦ ਜਾਂ ਖਿਚਾਅ: ਕਿਉਂਕਿ ਲਿਵਰ ਸਰੀਰ ਦੇ ਸੱਜੇ ਹਿੱਸੇ ਵਿੱਚ ਹੁੰਦਾ ਹੈ, ਇਸ ਲਈ ਜਦੋਂ ਇਸ 'ਚ ਕੋਈ ਸਮੱਸਿਆ ਆਉਂਦੀ ਹੈ ਤਾਂ ਉਸੇ ਹਿੱਸੇ 'ਚ ਦਰਦ, ਭਾਰੀਪਨ ਜਾਂ ਖਿਚਾਅ ਮਹਿਸੂਸ ਹੁੰਦਾ ਹੈ। ਜੇਕਰ ਅਜਿਹਾ ਦਰਦ ਲਗਾਤਾਰ ਬਣਿਆ ਰਹੇ ਜਾਂ ਵਧਦਾ ਜਾਵੇ ਤਾਂ ਇਹ ਲਿਵਰ ਕੈਂਸਰ ਦੀ ਸ਼ੁਰੂਆਤ ਹੋ ਸਕਦੀ ਹੈ। ਇਸ ਦਰਦ ਨੂੰ ਗੈਸ ਸਮਝ ਕੇ ਅਣਦੇਖਿਆ ਕਰਨਾ ਖ਼ਤਰਨਾਕ ਸਾਬਤ ਹੋ ਸਕਦਾ ਹੈ।
2. ਤੇਜ਼ੀ ਨਾਲ ਭਾਰ ਘਟਣਾ: ਜੇਕਰ ਤੁਸੀਂ ਆਪਣੀ ਖੁਰਾਕ ਜਾਂ ਕਸਰਤ 'ਚ ਕੋਈ ਬਦਲਾਅ ਨਹੀਂ ਕਰ ਰਹੇ ਹੋ ਤੇ ਫਿਰ ਵੀ ਤੁਹਾਡਾ ਭਾਰ ਤੇਜ਼ੀ ਨਾਲ ਘਟ ਰਿਹਾ ਹੈ ਤਾਂ ਇਹ ਲਿਵਰ ਕੈਂਸਰ ਦਾ ਸੰਕੇਤ ਹੋ ਸਕਦਾ ਹੈ। ਦਰਅਸਲ, ਟਿਊਮਰ ਕਾਰਨ ਸਰੀਰ ਦੀ ਊਰਜਾ ਤੇਜ਼ੀ ਨਾਲ ਖਤਮ ਹੋਣ ਲੱਗਦੀ ਹੈ, ਜਿਸ ਨਾਲ ਬਿਨਾਂ ਕੁਝ ਕੀਤੇ ਵੀ ਭਾਰ ਘਟਣ ਲੱਗਦਾ ਹੈ।
3. ਭੁੱਖ ਘੱਟ ਲੱਗਣਾ ਤੇ ਜਲਦੀ ਢਿੱਡ ਭਰ ਜਾਣਾ: ਭੁੱਖ 'ਚ ਕਮੀ ਤੇ ਥੋੜ੍ਹਾ ਜਿਹਾ ਖਾਣਾ ਖਾਣ ਤੋਂ ਬਾਅਦ ਵੀ ਢਿੱਡ ਭਾਰਾ ਮਹਿਸੂਸ ਹੋਣਾ ਲਿਵਰ ਦੀ ਖਰਾਬ ਪਾਚਨ ਕਿਰਿਆ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਦਾ ਹੈ। ਇਹ ਵੀ ਲਿਵਰ ਕੈਂਸਰ ਦੇ ਸ਼ੁਰੂਆਤੀ ਸੰਕੇਤਾਂ ਵਿੱਚੋਂ ਇੱਕ ਹੋ ਸਕਦਾ ਹੈ।
4. ਪੀਲੀਆ (Jaundice): ਜਦੋਂ ਲਿਵਰ ਖਰਾਬ ਹੁੰਦਾ ਹੈ ਤਾਂ ਸਰੀਰ 'ਚ ਬਿਲੀਰੂਬਿਨ ਦੀ ਮਾਤਰਾ ਵਧ ਜਾਂਦੀ ਹੈ, ਜਿਸ ਕਾਰਨ ਅੱਖਾਂ ਅਤੇ ਚਮੜੀ ਪੀਲੀਆਂ ਪੈਣ ਲੱਗਦੀਆਂ ਹਨ। ਜੇਕਰ ਤੁਹਾਨੂੰ ਅਚਾਨਕ ਪੀਲੀਆ ਹੋ ਜਾਵੇ ਅਤੇ ਇਹ ਲੰਬੇ ਸਮੇਂ ਤੱਕ ਠੀਕ ਨਾ ਹੋਵੇ ਤਾਂ ਇਸਨੂੰ ਬਿਲਕੁਲ ਵੀ ਹਲਕੇ 'ਚ ਨਹੀਂ ਲੈਣਾ ਚਾਹੀਦਾ। ਇਹ ਲਿਵਰ ਕੈਂਸਰ ਦਾ ਇੱਕ ਗੰਭੀਰ ਚਿਤਾਵਨੀ ਸੰਕੇਤ ਹੋ ਸਕਦਾ ਹੈ।
5. ਲਗਾਤਾਰ ਥਕਾਵਟ ਅਤੇ ਕਮਜ਼ੋਰੀ: ਜਦੋਂ ਲਿਵਰ ਸਹੀ ਢੰਗ ਨਾਲ ਕੰਮ ਨਹੀਂ ਕਰ ਪਾਉਂਦਾ ਤਾਂ ਸਰੀਰ ਨੂੰ ਲੋੜੀਂਦੀ ਊਰਜਾ ਨਹੀਂ ਮਿਲਦੀ। ਇਸੇ ਕਾਰਨ ਲਗਾਤਾਰ ਥਕਾਵਟ, ਕਮਜ਼ੋਰੀ ਅਤੇ ਸੁਸਤੀ ਮਹਿਸੂਸ ਹੁੰਦੀ ਹੈ। ਇਹ ਥਕਾਵਟ ਆਰਾਮ ਕਰਨ ਤੋਂ ਬਾਅਦ ਵੀ ਦੂਰ ਨਹੀਂ ਹੁੰਦੀ ਹੈ, ਜੋ ਕੈਂਸਰ ਦੀ ਚਿਤਾਵਨੀ ਦਾ ਸੰਕੇਤ ਹੋ ਸਕਦੀ ਹੈ।
