ਹੇਅਰ ਸਟਾਈਲਿਸਟ ਜਾਵੇਦ ਹਬੀਬ ਦੀ ਨਵੀਂ ਕਿਤਾਬ ‘ਬਿਊਟੀਫੁੱਲ ਹੇਅਰ ਬਿਊਟੀਫੁੱਲ ਯੂ’ ਜਲਦ ਹੋਵੇਗੀ ਰਿਲੀਜ਼

Monday, May 22, 2023 - 12:39 PM (IST)

ਚੰਡੀਗੜ੍ਹ (ਬਿਊਰੋ)– ਦੇਸ਼ ਦੇ ਚੋਟੀ ਦੇ ਹੇਅਰ ਸਟਾਈਲਿਸਟ ਜਾਵੇਦ ਹਬੀਬ ਦੀ ਨਵੀਂ ਕਿਤਾਬ ‘ਬਿਊਟੀਫੁੱਲ ਹੇਅਰ ਬਿਊਟੀਫੁੱਲ ਯੂ’ ਜਲਦ ਹੀ ਬਾਜ਼ਾਰ ’ਚ ਆਉਣ ਵਾਲੀ ਹੈ। ਜਾਵੇਦ ਹਬੀਬ, ਇਕਲੌਤੇ ਭਾਰਤੀ ਹੇਅਰ ਸਟਾਈਲਿਸਟ ਹਨ, ਜਿਨ੍ਹਾਂ ਨੇ ਮੌਰਿਸ ਸਕੂਲ ਆਫ਼ ਹੇਅਰ ਡਿਜ਼ਾਈਨ ਲੰਡਨ ਤੋਂ ਪੜ੍ਹਾਈ ਕੀਤੀ ਹੈ ਤੇ ਟਾਈਮਜ਼ ਤੇ ਫੋਰਬਸ ਮੈਗਜ਼ੀਨ ’ਚ ਪ੍ਰਕਾਸ਼ਿਤ ਹੋਏ ਹਨ। ਉਨ੍ਹਾਂ ਨੇ ਆਪਣੀ ਕਿਤਾਬ ਬਾਰੇ ਕਿਹਾ ਕਿ ਇਹ ਕਿਤਾਬ ਭਾਰਤੀ ਸੰਦਰਭ ’ਚ ਵਾਲਾਂ ਬਾਰੇ ਲੋਕਾਂ ਦੇ ਮਨਾਂ ’ਚ ਮੌਜੂਦ ਭੰਬਲਭੂਸੇ ਤੇ ਸ਼ੰਕਿਆਂ ਨੂੰ ਦੂਰ ਕਰੇਗੀ।

ਆਪਣੀ ਕਿਤਾਬ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਵਾਲਾਂ ਦੀ ਸਿਹਤ ਜ਼ਿਆਦਾਤਰ ਆਦਮੀ ਦੀ ਨਿੱਜੀ ਸੋਚ/ਮਾਨਸਿਕ ਸਥਿਤੀ ’ਤੇ ਨਿਰਭਰ ਕਰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਦੀਆਂ 75 ਫ਼ੀਸਦੀ ਔਰਤਾਂ 40 ਸਾਲ ਦੀ ਉਮਰ ਤੋਂ ਬਾਅਦ ਆਪਣੇ ਖ਼ਰਾਬ ਵਾਲਾਂ ਕਾਰਨ ਚਿੜਚਿੜੀਆਂ ਹੋ ਜਾਂਦੀਆਂ ਹਨ ਤੇ ਇਸ ਦਾ ਅਸਰ ਉਨ੍ਹਾਂ ਦੇ ਵਿਵਹਾਰ ’ਤੇ ਵੀ ਦੇਖਣ ਨੂੰ ਮਿਲਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਾਲਾਂ ਦੀ ਜ਼ਿਆਦਾਤਰ ਸਮੱਸਿਆ ਖੋਪੜੀ ’ਚ ਜੰਮੀ ਗੰਦਗੀ ਕਾਰਨ ਹੁੰਦੀ ਹੈ ਤੇ ਰੋਜ਼ਾਨਾ ਰੋਜ਼ਾਨਾ ਸਿਰ ਦੀ ਸਫ਼ਾਈ ਕਰਨ ਨਾਲ ਵਾਲਾਂ ਦੀ ਜ਼ਿਆਦਾਤਰ ਸਮੱਸਿਆ ਨਹੀਂ ਹੁੰਦੀ।

ਹੇਅਰ ਸਟਾਈਲਿਸਟ ਜਾਵੇਦ ਹਬੀਬ ਦਾ ਕਹਿਣਾ ਹੈ ਕਿ ਵਾਲਾਂ ਨੂੰ ਵੱਖਰਾ ਪੋਸ਼ਣ ਦੇਣ ਦਾ ਸੰਕਲਪ ਮਹਿਜ਼ ਇਕ ਭੁਲੇਖਾ ਹੈ ਤੇ ਕੰਪਨੀਆਂ ਵਲੋਂ ਆਪਣੇ ਉਤਪਾਦ ਵੇਚਣ ਲਈ ਇਹ ਮਾਰਕੀਟਿੰਗ ਰਣਨੀਤੀ ਦਾ ਹੀ ਇਕ ਹਿੱਸਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸਲ ’ਚ ਵਾਲਾਂ ਦੀ ਸਿਹਤ ਹੀ ਸਮੁੱਚੀ ਸਿਹਤ ਹੈ ਤੇ ਜੇਕਰ ਕੋਈ ਵਿਅਕਤੀ ਸਰੀਰਕ ਤੇ ਮਾਨਸਿਕ ਤੌਰ ’ਤੇ ਮਜ਼ਬੂਤ ਹੈ ਤਾਂ ਚਮੜੀ ਤੇ ਵਾਲਾਂ ਦੀ ਸਿਹਤ ਆਪਣੇ ਆਪ ਹੀ ਚੰਗੀ ਹੋ ਜਾਂਦੀ ਹੈ ਤੇ ਵਾਲਾਂ ਦੀ ਸਿਹਤ ਨੂੰ ਮਨੁੱਖ ਦੀ ਸਮੁੱਚੀ ਸਿਹਤ ਤੋਂ ਵੱਖ ਕਰਕੇ ਕਦੇ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਦਾ ਕਹਿਣਾ ਹੈ ਕਿ ਲੜਕੇ ਤੇ ਲੜਕੀਆਂ ਦੇ ਵਾਲਾਂ ਦੀ ਬਣਤਰ ਇਕੋ-ਜਿਹੀ ਹੁੰਦੀ ਹੈ ਤੇ ਇਸ ਬਾਰੇ ਫਰਕ ਦੀ ਥਿਊਰੀ ਨੂੰ ਗਲਤ ਦੱਸਦਿਆਂ ਉਨ੍ਹਾਂ ਕਿਹਾ ਕਿ ਵਾਲਾਂ ਦੀ ਦੇਖਭਾਲ ਦੋਵਾਂ ਲਈ ਇਕੋ ਜਿਹੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੋਵਿਡ ਮਹਾਮਾਰੀ ’ਚ ਤਣਾਅ ਤੇ ਉਦਾਸੀ ਕਾਰਨ ਵਾਲ ਝੜਨ ਦੀ ਸਮੱਸਿਆ ਲਗਭਗ ਸਾਰੇ ਲੋਕਾਂ ’ਚ ਦੇਖੀ ਗਈ ਤੇ ਇਹ ਸ਼ਹਿਰੀ ਖੇਤਰਾਂ ’ਚ ਮਹਾਮਾਰੀ ਵਾਂਗ ਫੈਲ ਗਈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News