Health Tips: ਮੂੰਹ ਹਨ੍ਹੇਰੇ ਉੱਠਣ ਵਾਲੇ ਲੋਕ ਹੋਰਾਂ ਨਾਲੋਂ ਹੁੰਦੇ ਨੇ ਵਧੇਰੇ ਸਿਹਤਮੰਦ, ਜਾਣੋ ਜਲਦੀ ਉੱਠਣ ਦੇ ਫ਼ਾਇਦੇ
Saturday, May 27, 2023 - 04:03 PM (IST)
ਜਲੰਧਰ (ਬਿਊਰੋ) - ਸਾਡੀ ਨੀਂਦ ਦੇ ਪੈਟਰਨ ਦੋ ਹਿੱਸਿਆਂ ਵਿੱਚ ਵੰਡੇ ਹੁੰਦੇ ਹਨ- ਇੱਕ ਜਲਦੀ ਉੱਠਣ ਵਾਲਾ ਅਤੇ ਦੂਜਾ ਦੇਰ ਰਾਤ ਤੱਕ ਜਾਗਣ ਵਾਲਾ। ਇਕ ਰਿਸਰਚ ਅਨੁਸਾਰ ਦੇਰ ਰਾਤ ਤੱਕ ਜਾਗਣ ਵਾਲੇ ਲੋਕਾਂ ਦੇ ਮੁਕਾਬਲੇ ਸਵੇਰੇ ਜਲਦੀ ਉੱਠਣ ਵਾਲੇ ਲੋਕ ਵਧੇਰੇ ਈਮਾਨਦਾਰ ਅਤੇ ਧਾਰਮਿਕ ਸੁਭਾਅ ਵਾਲੇ ਹੁੰਦੇ ਹਨ। ਅਜਿਹੇ ਲੋਕਾਂ ਦਾ ਜੀਵਨ ਖ਼ੁਸ਼ਹਾਲੀ ਵਾਲਾ ਹੁੰਦਾ ਹੈ। ਦੇਰ ਰਾਤ ਤੱਕ ਜਾਗਣ ਵਾਲੇ ਲੋਕਾਂ ਨੂੰ ਆਲਸੀ, ਗੈਰ-ਸਿਹਤਮੰਦ, ਅਨੁਸ਼ਾਸਨਹੀਣ, ਅਪਵਿੱਤਰ ਅਤੇ ਰਚਨਾਤਮਕ ਮੰਨਿਆ ਜਾਂਦਾ ਹੈ।
ਸਵੇਰੇ ਜਲਦੀ ਉੱਠਣ ਨਾਲ ਹੋਣ ਵਾਲੇ ਫ਼ਾਇਦੇ
ਚੁਸਤ-ਦਰੁਸਤ ਰਹਿਣ ਲਈ ਸਵੇਰੇ ਜਲਦੀ ਉੱਠੋ
ਸਵੇਰੇ ਜਲਦੀ ਉੱਠਣਾ ਕਈ ਲੋਕਾਂ ਲਈ ਬਹੁਤ ਔਖਾ ਕੰਮ ਹੁੰਦਾ ਹੈ। ਜੇਕਰ ਤੁਸੀਂ ਚੁਸਤ-ਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਵੇਰੇ ਜਲਦੀ ਉੱਠਣ ਦੀ ਆਦਤ ਪਾਉਣੀ ਚਾਹੀਦੀ ਹੈ। ਇਕ ਅਧਿਐਨ ਅਨੁਸਾਰ ਸਵੇਰੇ ਜਲਦੀ ਉੱਠਣ ਵਾਲੇ ਲੋਕਾਂ ਦੀ ਬੁੱਧੀ ਦੇਰ ਤੋਂ ਉੱਠਣ ਵਾਲੇ ਲੋਕਾਂ ਤੋਂ ਜ਼ਿਆਦਾ ਤੇਜ਼ ਹੁੰਦੀ ਹੈ। ਸਵੇਰੇ ਜਲਦੀ ਉੱਠਣ ਅਤੇ ਕਸਰਤ ਕਰਨ ਨਾਲ ਲੋਕ ਸਰੀਰਕ ਅਤੇ ਮਾਨਸਿਕ ਤੌਰ 'ਤੇ ਫਿੱਟ ਰਹਿੰਦੇ ਹਨ। ਇਸ ਨਾਲ ਤੁਹਾਡਾ ਦਿਮਾਗ ਤੇਜ਼ ਹੁੰਦਾ ਹੈ ਅਤੇ ਕੰਮ ਕਰਨ ਤੋਂ ਬਾਅਦ ਵੀ ਤੁਹਾਨੂੰ ਥਕਾਵਟ ਦਾ ਅਹਿਸਾਸ ਨਹੀਂ ਹੁੰਦਾ ਹੈ। ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਜਿਉਣਾ ਲੋਕਾਂ ਦੀ ਮਜ਼ਬੂਰੀ ਬਣ ਗਈ ਹੈ। ਵਿਅਸਥ ਜੀਵਨ ਸ਼ੈਲੀ ਹੋਣ ਕਾਰਨ ਅੱਜ-ਕੱਲ ਲੋਕ ਸਹੀ ਤਰੀਕੇ ਨਾਲ ਨੀਂਦ ਵੀ ਨਹੀਂ ਲੈ ਰਹੇ। ਸਾਰਾ ਦਿਨ ਵਿਅਸਥ ਹੋਣ ਕਾਰਨ ਲੋਕ ਜਲਦੀ ਸੌਣ ਅਤੇ ਜਲਦੀ ਉੱਠਣ ਦੇ ਨਿਯਮ ਦੀ ਪਾਲਣਾ ਨਹੀਂ ਕਰਦੇ।
ਸਰੀਰਕ ਅਤੇ ਮਾਨਸਿਕ ਵਿਕਾਸ
ਸਵੇਰੇ ਜਲਦੀ ਉੱਠਣ ਵਾਲੇ ਲੋਕਾਂ ਦੇ ਦਿਨ ਦੀ ਰੂਟੀਨ ਨਿਯਮਿਤ ਹੁੰਦੀ ਹੈ। ਉਹ ਕਸਰਤ, ਸੈਰ, ਇਸ਼ਨਾਨ, ਭੋਜਨ ਅਤੇ ਆਰਾਮ ਆਦਿ ਦੇ ਲਈ ਸਹੀ ਸਮਾਂ ਕੱਢ ਲੈਂਦੇ ਹਨ। ਇਸ ਨਾਲ ਸਰੀਰਕ ਊਰਜਾ ਬਣਦੀ ਹੈ ਅਤੇ ਤੁਹਾਡਾ ਸਰੀਰਕ ਅਤੇ ਮਾਨਸਿਕ ਵਿਕਾਸ ਚੰਗੀ ਤਰ੍ਹਾਂ ਹੋ ਜਾਂਦਾ ਹੈ।
ਆਰਾਮ ਕਰਨ ਦਾ ਸਮਾਂ
ਸਵੇਰੇ ਜਲਦੀ ਉੱਠਣ ਨਾਲ ਤੁਹਾਨੂੰ ਪੂਰੇ ਦਿਨ 'ਚ ਆਰਾਮ ਕਰਨ ਦਾ ਵੀ ਸਮਾਂ ਮਿਲਦਾ ਹੈ। ਸਾਰੇ ਕੰਮ ਕਰਨ ਤੋਂ ਬਾਅਦ ਤੁਸੀਂ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਸਮਾਂ ਬਿਤਾ ਸਕਦੇ ਹਨ। ਇਸ ਨਾਲ ਤੁਸੀਂ ਪੂਰਾ ਦਿਨ ਤਣਾਅ ਤੋਂ ਦੂਰ ਰਹੋਗੇ।
ਸਰੀਰ ਬੀਮਾਰੀਆਂ ਤੋਂ ਰਹਿੰਦਾ ਹੈ ਦੂਰ
ਅੱਜ ਦੇ ਸਮੇਂ ਵਿੱਚ ਸਾਡੀ ਗ਼ਲਤ ਜੀਵਨ ਸ਼ੈਲੀ ਕਾਰਨ ਬਹੁਤ ਸਾਰੀਆਂ ਬੀਮਾਰੀਆਂ ਜਨਮ ਲੈ ਰਹੀਆਂ ਹਨ। ਸਵੇਰੇ ਜਲਦੀ ਉੱਠਣ ਨਾਲ ਅਸੀਂ ਸਰੀਰ ਦੀਆਂ ਕਈ ਬੀਮਾਰੀਆਂ ਤੋਂ ਦੂਰ ਰਹਿ ਸਕਦੇ ਹਾਂ। ਜੇਕਰ ਤੁਸੀਂ ਸਵੇਰੇ ਜਲਦੀ ਉੱਠਦੇ ਹੋ ਤਾਂ ਤੁਸੀਂ ਆਪਣੇ ਸਾਰੇ ਕੰਮ ਸਮੇਂ ਸਿਰ ਕਰ ਲੈਂਦੇ ਹੋ, ਜਿਸ ਨਾਲ ਤੁਹਾਨੂੰ ਥਕਾਵਟ ਨਹੀਂ ਹੁੰਦੀ। ਜਲਦੀ ਉੱਠਣ ਨਾਲ ਸਾਰਾ ਦਿਨ ਸਰੀਰ ਵਿੱਚ ਤਾਜ਼ਗੀ ਬਣੀ ਰਹਿੰਦੀ ਹੈ ਅਤੇ ਹਾਰਮੋਨਸ ਵੀ ਸਹੀ ਤਰੀਕੇ ਨਾਲ ਕੰਮ ਕਰਦੇ ਹਨ।