ਮਹਿੰਗੇ ਪ੍ਰੋਡਕਟਸ ਨੂੰ ਆਖੋ ਅਲਵਿਦਾ, ਗੁਲਾਬੀ ਬੁੱਲ੍ਹਾਂ ਲਈ ਅਪਣਾਓ ਇਹ ਆਸਾਨ ਘਰੇਲੂ ਨੁਸਖ਼ੇ

Monday, May 08, 2023 - 12:33 PM (IST)

ਮਹਿੰਗੇ ਪ੍ਰੋਡਕਟਸ ਨੂੰ ਆਖੋ ਅਲਵਿਦਾ, ਗੁਲਾਬੀ ਬੁੱਲ੍ਹਾਂ ਲਈ ਅਪਣਾਓ ਇਹ ਆਸਾਨ ਘਰੇਲੂ ਨੁਸਖ਼ੇ

ਜਲੰਧਰ (ਬਿਊਰੋ)– ਬੁੱਲ੍ਹਾਂ ਦੀ ਸੁੰਦਰਤਾ ਚਿਹਰੇ ਦੀ ਸੁੰਦਰਤਾ ਨੂੰ ਵਧਾਉਣ ਦਾ ਕੰਮ ਕਰਦੀ ਹੈ। ਜੇਕਰ ਬੁੱਲ੍ਹ ਸੁੰਦਰ ਹੋਣ ਤਾਂ ਮੁਸਕਰਾਹਟ ਹੋਰ ਵੀ ਪਿਆਰੀ ਲੱਗਦੀ ਹੈ ਪਰ ਜੇਕਰ ਬੁੱਲ੍ਹਾਂ ਦੀ ਚਮੜੀ ਕਾਲੀ ਹੋਣ ਲੱਗ ਜਾਵੇ ਤਾਂ ਇਸ ਦਾ ਪੂਰੀ ਦਿੱਖ ’ਤੇ ਮਾੜਾ ਅਸਰ ਪੈਂਦਾ ਹੈ। ਕਾਲੇ ਬੁੱਲ੍ਹਾਂ ਕਾਰਨ ਚਿਹਰੇ ਦੀ ਸੁੰਦਰਤਾ ਵੀ ਫਿੱਕੀ ਪੈਣ ਲੱਗਦੀ ਹੈ। ਬੁੱਲ੍ਹਾਂ ਨੂੰ ਸੁੰਦਰ ਬਣਾਉਣ ਲਈ ਜ਼ਿਆਦਾਤਰ ਔਰਤਾਂ ਤੇ ਮਰਦ ਲਿਪ ਬਾਮ ਜਾਂ ਹੋਰ ਚੀਜ਼ਾਂ ਦੀ ਵਰਤੋਂ ਕਰਦੇ ਹਨ ਪਰ ਸਵਾਲ ਤਾਂ ਬੁੱਲ੍ਹਾਂ ਦੀ ਕੁਦਰਤੀ ਸੁੰਦਰਤਾ ਦਾ ਹੈ।

ਬਾਜ਼ਾਰ ’ਚ ਉਪਲੱਬਧ ਉਤਪਾਦ ਬੁੱਲ੍ਹਾਂ ਦੀ ਸੁੰਦਰਤਾ ਵਧਾਉਣ ਦੇ ਦਾਅਵੇ ਕਰਦੇ ਹਨ। ਕਈ ਘਰੇਲੂ ਨੁਸਖ਼ੇ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਬੁੱਲ੍ਹਾਂ ਨੂੰ ਮੁੜ ਤੋਂ ਗੁਲਾਬੀ ਬਣਾਇਆ ਜਾ ਸਕਦਾ ਹੈ।

ਬੁੱਲ੍ਹ ਕਾਲੇ ਕਿਉਂ ਹੁੰਦੇ ਹਨ?
ਚਮੜੀ ਦੀ ਰੰਗਤ ਦੇ ਪਿੱਛੇ ਮੇਲੇਨਿਨ ਅਹਿਮ ਭੂਮਿਕਾ ਨਿਭਾਉਂਦਾ ਹੈ, ਜੇਕਰ ਸਰੀਰ ’ਚ ਇਸ ਦਾ ਪੱਧਰ ਵਧਣ ਲੱਗੇ ਤਾਂ ਚਮੜੀ ਕਾਲੀ ਹੋਣ ਲੱਗਦੀ ਹੈ। ਇਹ ਯੂਵੀ ਰੇਜ਼ ਜਾਂ ਹਾਨੀਕਾਰਕ ਕਿਰਨਾਂ ਕਾਰਨ ਹੁੰਦਾ ਹੈ। ਜੇਕਰ ਬੁੱਲ੍ਹਾਂ ’ਤੇ ਲਗਾਤਾਰ ਸਸਤੀ ਲਿਪਸਟਿਕ ਲਗਾਈ ਜਾਵੇ ਤਾਂ ਉਨ੍ਹਾਂ ਦਾ ਰੰਗ ਗੂੜ੍ਹਾ ਹੋਣ ਲੱਗਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਕ ਉਮਰ ’ਚ ਸਰੀਰ ’ਚ ਕੋਲੇਜਨ ਦਾ ਉਤਪਾਦਨ ਘੱਟ ਜਾਂਦਾ ਹੈ ਤੇ ਚਮੜੀ ਕਾਲੀ ਹੋਣ ਦੀ ਸਮੱਸਿਆ ਹੋ ਜਾਂਦੀ ਹੈ।

ਇਸ ਤਰ੍ਹਾਂ ਬੁੱਲ੍ਹਾਂ ਨੂੰ ਗੁਲਾਬੀ ਬਣਾਇਆ ਜਾ ਸਕਦਾ ਹੈ

ਚੁਕੰਦਰ ਦਾ ਰਸ
ਸਰੀਰ ’ਚ ਖ਼ੂਨ ਦੀ ਘਾਟ ਦੂਰ ਕਰਨ ਵਾਲੇ ਚੁਕੰਦਰ ਨੂੰ ਸਕਿਨ ’ਤੇ ਲਗਾਉਣ ਦਾ ਵੀ ਫ਼ਾਇਦਾ ਹੈ। ਚਮੜੀ ਦੀ ਦੇਖਭਾਲ ਲਈ ਇਹ ਨੁਸਖ਼ਾ ਆਯੁਰਵੇਦ ’ਚ ਵੀ ਦੱਸਿਆ ਗਿਆ ਹੈ। ਚੁਕੰਦਰ ਦਾ ਰਸ ਇਕ ਕੌਲੀ ’ਚ ਕੱਢ ਲਓ, ਇਸ ਨੂੰ ਦਿਨ ’ਚ ਦੋ ਵਾਰ ਆਪਣੀਆਂ ਉਂਗਲਾਂ ਨਾਲ ਬੁੱਲ੍ਹਾਂ ’ਤੇ ਲਗਾਓ ਤੇ ਸੁੱਕਣ ਦਿਓ। ਇਸ ਤੋਂ ਬਾਅਦ ਬੁੱਲ੍ਹਾਂ ਨੂੰ ਸਾਧਾਰਨ ਪਾਣੀ ਨਾਲ ਜ਼ਰੂਰ ਧੋ ਲਓ।

ਖੀਰਾ
ਗਰਮੀ ਹੋਵੇ ਜਾਂ ਸਰਦੀ, ਹਰ ਮੌਸਮ ’ਚ ਚਮੜੀ ’ਚ ਨਮੀ ਬਣਾਈ ਰੱਖਣਾ ਜ਼ਰੂਰੀ ਹੈ। ਖੀਰੇ ’ਚ ਹਾਈਡ੍ਰੇਟਿੰਗ ਗੁਣ ਹੁੰਦਾ ਹੈ ਤੇ ਇਸ ਲਈ ਡਾਕਟਰ ਵੀ ਇਸ ਨੂੰ ਖਾਣ ਤੇ ਚਮੜੀ ਦੀ ਦੇਖਭਾਲ ’ਚ ਲਾਗੂ ਕਰਨ ਦੀ ਸਲਾਹ ਦਿੰਦੇ ਹਨ। ਬੁੱਲ੍ਹਾਂ ਦੀ ਦੇਖਭਾਲ ’ਚ ਖੀਰੇ ਦੀ ਵਰਤੋਂ ਕਰਨ ਲਈ ਇਸ ਦਾ ਰਸ ਕੱਢ ਕੇ ਫਰਿੱਜ ’ਚ ਰੱਖੋ। ਰੂੰ ਨੂੰ ਰਸ ’ਚ ਭਿਓਂ ਕੇ ਬੁੱਲ੍ਹਾਂ ’ਤੇ ਲਗਾਓ। ਦਿਨ ’ਚ ਘੱਟੋ-ਘੱਟ ਦੋ ਵਾਰ ਖੀਰੇ ਨੂੰ ਬੁੱਲ੍ਹਾਂ ’ਤੇ ਲਗਾਉਣਾ ਚਾਹੀਦਾ ਹੈ।

ਗੁਲਾਬ ਦੇ ਪੱਤੇ
ਲਾਲ ਜਾਂ ਗੁਲਾਬੀ ਗੁਲਾਬ ਦੀਆਂ ਪੱਤੀਆਂ ਵੀ ਬੁੱਲ੍ਹਾਂ ਨੂੰ ਗੁਲਾਬੀ ਬਣਾਉਣ ’ਚ ਮਦਦ ਕਰ ਸਕਦੀਆਂ ਹਨ। ਗੁਲਾਬ ਦੀਆਂ ਪੱਤੀਆਂ ਨੂੰ ਪੀਸ ਕੇ ਉਨ੍ਹਾਂ ਦਾ ਰਸ ਕੱਢ ਲਓ ਤੇ ਫਰਿੱਜ਼ ’ਚ ਰੱਖ ਦਿਓ। ਹੁਣ ਇਸ ਪੇਸਟ ਨੂੰ ਬੁੱਲ੍ਹਾਂ ’ਤੇ ਲਗਾਓ ਤੇ ਸੁੱਕਣ ਦਿਓ। ਬੁੱਲ੍ਹਾਂ ਨੂੰ ਗੁਲਾਬੀ ਬਣਾਉਣ ਦਾ ਇਹ ਤਰੀਕਾ ਆਸਾਨ ਤੇ ਵਧੀਆ ਹੈ। ਇਸ ਨੁਸਖ਼ੇ ਨੂੰ ਰੋਜ਼ਾਨਾ ਅਪਣਾਉਣ ਨਾਲ ਤੁਸੀਂ ਕੁਝ ਹੀ ਦਿਨਾਂ ’ਚ ਫਰਕ ਦੇਖ ਸਕੋਗੇ।

ਬੁੱਲ੍ਹਾਂ ਦੀ ਦੇਖਭਾਲ
ਬੁੱਲ੍ਹਾਂ ਲਈ ਘਰੇਲੂ ਨੁਸਖ਼ੇ ਅਪਣਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਵੀ ਸਾਫ਼ ਕਰਨਾ ਚਾਹੀਦਾ ਹੈ ਤੇ ਸਭ ਤੋਂ ਵਧੀਆ ਤਰੀਕਾ ਹੈ ਐਕਸਫੋਲੀਏਸ਼ਨ। ਸਕ੍ਰੱਬਿੰਗ ਲਈ ਤੁਸੀਂ ਕੌਫੀ ਤੇ ਸ਼ਹਿਦ ਨਾਲ ਬਣੇ ਦੇਸੀ ਸਕ੍ਰੱਬ ਦੀ ਵਰਤੋਂ ਬੁੱਲ੍ਹਾਂ ’ਤੇ ਕਰ ਸਕਦੇ ਹੋ।

ਨੋਟ– ਤੁਸੀਂ ਬੁੱਲ੍ਹਾਂ ਦੀ ਦੇਖਭਾਲ ਲਈ ਕਿਹੜਾ ਨੁਸਖ਼ਾ ਅਪਣਾਉਂਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News