ਭਿੱਜੀ ਹੋਈ ਅੰਜੀਰ ਖਾਣਾ ਸਿਹਤ ਲਈ ਹੈ ਬਹੁਤ ਲਾਹੇਵੰਦ, ਫਾਇਦੇ ਜਾਣ ਹੋ ਜਾਵੋਗੇ ਹੈਰਾਨ
Wednesday, Jul 31, 2024 - 03:49 PM (IST)
ਜਲੰਧਰ : ਸੁੱਕੇ ਮੇਵਿਆਂ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਣ ਵਿਚ ਮਦਦ ਕਰਦਾ ਹੈ। ਇਨ੍ਹਾਂ ਸੁੱਕੇ ਮੇਵਿਆਂ 'ਚ ਅੰਜੀਰ ਵੀ ਸ਼ਾਮਲ ਹੈ। ਇਹ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਸ 'ਚ ਪੋਟਾਸ਼ੀਅਮ, ਕੈਲਸ਼ੀਅਮ ਵਰਗੇ ਗੁਣ ਪਾਏ ਜਾਂਦੇ ਹਨ, ਜੋ ਸਰੀਰ ਨੂੰ ਕਈ ਤਰ੍ਹਾਂ ਨਾਲ ਲਾਭ ਪਹੁੰਚਾਉਂਦੇ ਹਨ। ਹਾਲਾਂਕਿ ਅੰਜੀਰ ਖਾਣਾ ਕਿਸੇ ਵੀ ਤਰ੍ਹਾਂ ਨਾਲ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਪਰ ਇਨ੍ਹਾਂ ਨੂੰ ਭਿਓਂ ਕੇ ਖਾਲੀ ਪੇਟ ਖਾਣ ਨਾਲ ਖਾਸ ਫਾਇਦਾ ਹੁੰਦਾ ਹੈ। ਆਓ ਜਾਣਦੇ ਹਾਂ ਭਿੱਜੇ ਹੋਏ ਅੰਜੀਰ ਖਾਣ ਦੇ ਫਾਇਦੇ।
1. ਭਾਰ ਘਟਾਉਣ 'ਚ ਮਦਦਗਾਰ
ਅੰਜੀਰ 'ਚ ਫਾਈਬਰ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਜੋ ਭਾਰ ਘਟਾਉਣ 'ਚ ਮਦਦਗਾਰ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਪੇਟ ਲੰਬੇ ਸਮੇਂ ਤਕ ਭਰਿਆ ਮਹਿਸੂਸ ਹੁੰਦਾ ਹੈ। ਭਾਰ ਘਟਾਉਣ ਲਈ ਸਵੇਰੇ ਖਾਲੀ ਪੇਟ ਅੰਜੀਰ ਦਾ ਸੇਵਨ ਕਰਨਾ ਫਾਇਦੇਮੰਦ ਸਾਬਿਤ ਹੋ ਸਕਦਾ ਹੈ।
2. ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ
ਅੰਜੀਰ 'ਚ ਮੌਜੂਦ ਪੋਟਾਸ਼ੀਅਮ ਖ਼ੂਨ 'ਚ ਸ਼ੂਗਰ ਲੈਵਲ ਨੂੰ ਨਾਰਮਲ ਰੱਖਣ 'ਚ ਮਦਦ ਕਰਦਾ ਹੈ। ਟਾਈਪ-2 ਸ਼ੂਗਰ ਦੇ ਮਰੀਜ਼ਾਂ ਲਈ ਭਿੱਜੇ ਹੋਏ ਅੰਜੀਰ ਨੂੰ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ।
3. ਹੱਡੀਆਂ ਲਈ ਫਾਇਦੇਮੰਦ
ਅੰਜੀਰ ਵਿਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਹੱਡੀਆਂ ਦੇ ਵਿਕਾਸ ਲਈ ਸਹਾਇਕ ਹੁੰਦਾ ਹੈ। ਤੁਸੀਂ ਨਿਯਮਿਤ ਤੌਰ 'ਤੇ ਖਾਲੀ ਪੇਟ ਭਿੱਜੇ ਹੋਏ ਅੰਜੀਰ ਦਾ ਸੇਵਨ ਕਰ ਸਕਦੇ ਹੋ, ਜੋ ਹੱਡੀਆਂ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦਾ ਹੈ।
4. ਕਬਜ਼ ਦੂਰ ਕਰਨ 'ਚ ਮਦਦਗਾਰ
ਅੰਜੀਰ 'ਚ ਫਾਈਬਰ ਤੇ ਐਂਟੀ-ਆਕਸੀਡੈਂਟ ਗੁਣ ਕਾਫੀ ਮਾਤਰਾ 'ਚ ਮੌਜੂਦ ਹੁੰਦੇ ਹਨ, ਜੋ ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦਗਾਰ ਹੁੰਦੇ ਹਨ। ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਭਿੱਜੇ ਹੋਏ ਅੰਜੀਰ ਤੁਹਾਡੇ ਲਈ ਫਾਇਦੇਮੰਦ ਹੋ ਸਕਦੇ ਹਨ।
5. ਦਿਲ ਦੀ ਸਿਹਤ ਲਈ ਫਾਇਦੇਮੰਦ
ਅੰਜੀਰ ਵਿੱਚ ਮੌਜੂਦ ਐਂਟੀਆਕਸੀਡੈਂਟ ਗੁਣ ਦਿਲ ਦੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਤੁਸੀਂ ਦਿਲ ਨਾਲ ਜੁੜੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ।