Summer Drink : ਗਰਮੀਆਂ ’ਚ ਪੀਓ ਇਹ ਦੇਸੀ ਡ੍ਰਿੰਕ, ਸਰੀਰ ਰਹੇਗਾ ਠੰਡਾ ਤੇ ਇਮਿਊਨਿਟੀ ਹੋਵੇਗੀ ਮਜ਼ਬੂਤ
Thursday, Jun 01, 2023 - 12:28 PM (IST)
ਜਲੰਧਰ (ਬਿਊਰੋ)– ਦੇਸ਼ ਭਰ ’ਚ ਵਧਦਾ ਤਾਪਮਾਨ, ਕੜਾਕੇ ਦੀ ਧੁੱਪ ਤੇ ਅੱਤ ਦੀ ਗਰਮੀ ਨੇ ਲੋਕਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ। ਇਸ ਮੌਸਮ ’ਚ ਗਰਮੀ ਦੇ ਕਾਰਨ ਲੋਕਾਂ ਨੂੰ ਅਕਸਰ ਸਿਰਦਰਦ, ਬੇਚੈਨੀ, ਘਬਰਾਹਟ, ਚਿੜਚਿੜਾਪਨ, ਢਿੱਡ ਦਰਦ ਤੇ ਹੋਰ ਕਈ ਸਿਹਤ ਸਮੱਸਿਆਵਾਂ ਹੋਣ ਲੱਗਦੀਆਂ ਹਨ। ਅਜਿਹੇ ’ਚ ਇਸ ਮੌਸਮ ’ਚ ਆਪਣੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਨਾਲ ਹੀ ਗਰਮੀ ਤੋਂ ਬਚਣ ਲਈ ਆਪਣੇ ਆਪ ਨੂੰ ਹਾਈਡ੍ਰੇਟ ਕਰਨ ਲਈ ਹੈਲਥੀ ਡ੍ਰਿੰਕਸ ਨੂੰ ਆਪਣੀ ਖੁਰਾਕ ’ਚ ਸ਼ਾਮਲ ਕਰਨਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਇਨ੍ਹਾਂ ’ਚੋਂ ਇਕ ਦੇਸੀ ਡ੍ਰਿੰਕ ਬਾਰੇ ਦੱਸਣ ਜਾ ਰਹੇ ਹਾਂ–
ਦਰਅਸਲ, ਗਰਮੀਆਂ ਦੇ ਮੌਸਮ ’ਚ ਲੋਕ ਧੁੱਪ, ਗਰਮੀ ਤੇ ਪਸੀਨੇ ਕਾਰਨ ਸੁਸਤ ਤੇ ਥਕਾਵਟ ਮਹਿਸੂਸ ਕਰਦੇ ਹਨ। ਅਜਿਹੇ ’ਚ ਲੱਸੀ ਮਿੰਟਾਂ ’ਚ ਤੁਹਾਨੂੰ ਤਰੋਤਾਜ਼ਾ ਕਰਨ ਦਾ ਕੰਮ ਕਰਦੀ ਹੈ। ਇਸ ਦੇ ਨਾਲ ਹੀ ਇਹ ਡੀਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਵੀ ਰਾਹਤ ਦਿਵਾਉਂਦੀ ਹੈ ਤੇ ਇਸ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ। ਦੱਸ ਦੇਈਏ ਕਿ ਲੱਸੀ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਬੀ12 ਦਾ ਚੰਗਾ ਸਰੋਤ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ–
ਇਸ ਤਰ੍ਹਾਂ ਬਣਾਓ ਟੇਸਟੀ ਲੱਸੀ
ਲੱਸੀ ਬਣਾਉਣ ਲਈ ਤੁਹਾਨੂੰ ਦਹੀਂ, ਪਾਣੀ, ਭੁੰਨੇ ਹੋਏ ਜੀਰੇ ਤੇ ਨਮਕ ਦੀ ਜ਼ਰੂਰਤ ਹੈ। ਇਸ ਨੂੰ ਤਿਆਰ ਕਰਨ ਲਈ ਪਹਿਲਾਂ ਦਹੀਂ ਲਓ ਤੇ ਇਸ ਨੂੰ ਚੰਗੀ ਤਰ੍ਹਾਂ ਫੈਂਟ ਲਓ। ਇਸ ਤੋਂ ਬਾਅਦ ਇਸ ’ਚ ਪਾਣੀ, 1 ਚੱਮਚ ਭੁੰਨਿਆ ਜੀਰਾ ਪਾਊਡਰ ਤੇ ਅੱਧਾ ਚਮਚਾ ਲੂਣ ਪਾ ਕੇ ਚੰਗੀ ਤਰ੍ਹਾਂ ਮਿਲਾਓ। ਹੁਣ ਇਸ ਨੂੰ ਠੰਡਾ ਹੋਣ ਲਈ ਫਰਿੱਜ ’ਚ ਰੱਖੋ। ਠੰਡਾ ਹੋਣ ਤੋਂ ਬਾਅਦ ਇਸ ਨੂੰ ਪੁਦੀਨੇ ਦੀਆਂ ਪੱਤੀਆਂ ਨਾਲ ਗਾਰਨਿਸ਼ ਕਰਕੇ ਸਰਵ ਕਰੋ।
ਗਰਮੀਆਂ ’ਚ ਦਹੀਂ ਤੇ ਲੱਸੀ ਦਾ ਸੇਵਨ ਜ਼ਰੂਰ ਕਰੋ
ਤੁਹਾਨੂੰ ਦੱਸ ਦੇਈਏ ਕਿ ਗਰਮੀਆਂ ਦੇ ਮੌਸਮ ’ਚ ਦਹੀਂ ਤੇ ਲੱਸੀ ਵਰਗੀਆਂ ਠੰਡੀਆਂ ਚੀਜ਼ਾਂ ਦਾ ਨਿਯਮਿਤ ਸੇਵਨ ਕਰਨ ਨਾਲ ਸਰੀਰ ਦਾ ਤਾਪਮਾਨ ਕੰਟਰੋਲ ’ਚ ਰਹਿੰਦਾ ਹੈ ਤੇ ਇਸ ਨਾਲ ਸਿਹਤ ਵੀ ਬਹੁਤ ਵਧੀਆ ਰਹਿੰਦੀ ਹੈ। ਇਸ ਦੇ ਨਾਲ ਹੀ ਇਹ ਖਾਣੇ ਦਾ ਸਵਾਦ ਵੀ ਵਧਾਉਂਦਾ ਹੈ। ਦੂਜੇ ਪਾਸੇ ਗਰਮੀਆਂ ਦੇ ਮੌਸਮ ’ਚ ਦਹੀਂ ਤੇ ਮੱਖਣ ਦਾ ਸੇਵਨ ਨਾ ਸਿਰਫ ਸਰੀਰ ਦੀ ਗਰਮੀ ਤੋਂ ਰਾਹਤ ਦਿੰਦਾ ਹੈ, ਸਗੋਂ ਇਹ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਅਸਲ ’ਚ ਇਸ ’ਚ ਕਾਫੀ ਮਾਤਰਾ ’ਚ ਕੈਲਸ਼ੀਅਮ ਪਾਇਆ ਜਾਂਦਾ ਹੈ।
ਨੋਟ– ਤੁਸੀਂ ਗਰਮੀਆਂ ’ਚ ਲੱਸੀ ਪੀਂਦੇ ਹੋ ਜਾਂ ਨਹੀਂ? ਕੁਮੈਂਟ ਕਰਕੇ ਜ਼ਰੂਰ ਦੱਸੋ।