30 ਸਾਲ ਦੀ ਉਮਰ ਤੋਂ ਬਾਅਦ ਸਰੀਰ ਦਿੰਦਾ ਹੈ ਦਿਲ ਦੀ ਕਮਜ਼ੋਰੀ ਦੇ ਇਹ ਸੰਕੇਤ, ਹੋ ਜਾਵੋ ਸਾਵਧਾਨ
Tuesday, Dec 06, 2022 - 02:50 PM (IST)

ਨਵੀਂ ਦਿੱਲੀ (ਬਿਊਰੋ)- ਦਿਲ ਸਰੀਰ ਦਾ ਬਹੁਤ ਮਹੱਤਵਪੂਰਨ ਅੰਗ ਹੈ। ਜਦੋਂ ਤੱਕ ਸਾਡਾ ਦਿਲ ਸਹੀ ਢੰਗ ਨਾਲ ਕੰਮ ਕਰਦਾ ਹੈ, ਉਦੋਂ ਤੱਕ ਸਾਡਾ ਸਰੀਰ ਬਿਨਾਂ ਕਿਸੇ ਸਮੱਸਿਆ ਦੇ ਚੱਲਦਾ ਰਹਿੰਦਾ ਹੈ, ਪਰ ਇਸ ਵਿੱਚ ਜ਼ਰਾ ਜਿਹੀ ਖ਼ਰਾਬੀ ਸਾਡੇ ਪੂਰੇ ਸਰੀਰ ਲਈ ਮੁਸੀਬਤ ਦਾ ਕਾਰਨ ਬਣ ਸਕਦੀ ਹੈ। ਇਹ ਸਭ ਕੁਝ ਜਾਣਨ ਦੇ ਬਾਵਜੂਦ ਵੀ ਕੀ ਤੁਸੀਂ ਆਪਣੇ ਦਿਲ ਦਾ ਸਹੀ ਤਰੀਕੇ ਨਾਲ ਖ਼ਿਆਲ ਰਖਦੇ ਹੋ?
ਇਸ ਦਾ ਜਵਾਬ ਸ਼ਾਇਦ ਨਾ ਵਿੱਚ ਹੋਵੇਗਾ ਕਿਉਂਕਿ ਜਿਸ ਤਰ੍ਹਾਂ ਨਾਲ ਅਸੀਂ ਅੱਜ ਦੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਅਪਣਾ ਰਹੇ ਹਾਂ ਉਸ ਕਾਰਨ 30 ਤੋਂ 40 ਸਾਲ ਦੀ ਉਮਰ ਵਿੱਚ ਹੀ ਸਾਡਾ ਦਿਲ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ 45 ਸਾਲ ਦੀ ਉਮਰ ਵਿੱਚ ਅਸੀਂ ਦਿਲ ਦੀਆਂ ਗੰਭੀਰ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਾਂ। ਅੱਜ ਅਸੀਂ ਤੁਹਾਨੂੰ ਦਿਲ ਨਾਲ ਜੁੜੀਆਂ ਸਮੱਸਿਆਵਾਂ ਦੀ ਪਛਾਣ ਬਾਰੇ ਦੱਸਾਂਗੇ-
ਥਕਾਵਟ ਮਹਿਸੂਸ ਕਰਨਾ
ਥਕਾਵਟ ਮਹਿਸੂਸ ਕਰਨਾ ਬਹੁਤ ਆਮ ਗੱਲ ਹੈ। ਇਸ ਨੂੰ ਕੋਈ ਵੀ ਮਹਿਸੂਸ ਕਰ ਸਕਦਾ ਹੈ। ਗਰਮੀਆਂ ਦੇ ਮੌਸਮ 'ਚ ਅਕਸਰ ਸਰੀਰ 'ਚੋਂ ਪਸੀਨੇ ਦੇ ਰੂਪ 'ਚ ਪਾਣੀ ਨਿਕਲਣ ਕਾਰਨ ਕਾਫੀ ਥਕਾਵਟ ਮਹਿਸੂਸ ਹੁੰਦੀ ਹੈ ਪਰ ਜੇਕਰ ਤੁਹਾਨੂੰ ਹਮੇਸ਼ਾ ਥਕਾਵਟ ਜਾਂ ਸਰੀਰ 'ਚ ਇਕ ਤਰ੍ਹਾਂ ਦਾ ਆਲਸ ਮਹਿਸੂਸ ਹੁੰਦਾ ਹੈ ਤਾਂ ਇਸ ਪ੍ਰਤੀ ਲਾਪਰਵਾਹੀ ਨਾ ਦਿਖਾਓ ਕਿਉਂਕਿ ਇਹ ਇੱਕ ਬੀਮਾਰ ਦਿਲ ਦੀ ਨਿਸ਼ਾਨੀ ਹੈ। ਇਹ ਇੱਕ ਸੰਕੇਤ ਹੈ, ਇਸ ਲਈ ਆਪਣੇ ਦਿਲ ਦਾ ਖਾਸ ਖਿਆਲ ਰੱਖੋ।
ਇਹ ਵੀ ਪੜ੍ਹੋ : ਸਰੋਂ ਦਾ ਤੇਲ ਹੈ ਸੂਪਰ ਆਇਲ, ਟਿਊਮਰ-ਕੈਂਸਰ ਤੇ ਗਠੀਆ ਦੇ ਰੋਗਾਂ ਤੋਂ ਕਰਦਾ ਹੈ ਬਚਾਅ
ਸਾਹ ਲੈਣ 'ਚ ਤਕਲੀਫ
ਜੇਕਰ ਤੁਹਾਨੂੰ ਕੁਝ ਪੌੜੀਆਂ ਚੜ੍ਹਨ ਤੋਂ ਬਾਅਦ ਜਾਂ ਕੁਝ ਦੂਰੀ ਤਕ ਤੁਰਨ ਤੋਂ ਬਾਅਦ ਸਾਹ ਲੈਣ 'ਚ ਦਿੱਕਤ ਆਉਣ ਲੱਗੇ ਤਾਂ ਇਹ ਚੰਗੀ ਗੱਲ ਨਹੀਂ ਹੈ। ਜੇਕਰ ਤੁਹਾਨੂੰ ਸਿਗਰਟ ਅਤੇ ਸ਼ਰਾਬ ਦੀ ਆਦਤ ਹੈ ਤਾਂ ਸਭ ਤੋਂ ਪਹਿਲਾਂ ਇਸ ਨੂੰ ਛੱਡ ਦਿਓ ਕਿਉਂਕਿ ਇਹ ਦਿਲ ਦੀ ਸਿਹਤ ਲਈ ਬਹੁਤ ਹਾਨੀਕਾਰਕ ਹੈ। ਲੰਬੇ ਸਮੇਂ ਤੱਕ ਇਨ੍ਹਾਂ ਦਾ ਸੇਵਨ ਕਰਨ ਵਾਲੇ ਲੋਕ ਦਿਲ ਦੀਆਂ ਗੰਭੀਰ ਬੀਮਾਰੀਆਂ ਤੋਂ ਪੀੜਤ ਹੋ ਸਕਦੇ ਹਨ, ਖਾਸ ਤੌਰ 'ਤੇ ਸਾਹ ਲੈਣ ਦੀ ਸਮੱਸਿਆ ਉਨ੍ਹਾਂ ਨੂੰ ਘੇਰ ਲੈਂਦੀ ਹੈ।
ਵਾਰ-ਵਾਰ ਚੱਕਰ ਆਉਣੇ
ਜੇਕਰ ਤੁਹਾਨੂੰ ਵਾਰ-ਵਾਰ ਚੱਕਰ ਆ ਰਹੇ ਹਨ ਜਾਂ ਬੈਠਣ ਤੋਂ ਬਾਅਦ ਤੁਹਾਨੂੰ ਠੀਕ ਮਹਿਸੂਸ ਹੋ ਰਿਹਾ ਹੈ ਅਤੇ ਉੱਠਣ ਅਤੇ ਥੋੜ੍ਹੀ ਦੂਰੀ 'ਤੇ ਚੱਲਣ 'ਤੇ ਹੀ ਤੁਹਾਨੂੰ ਚੱਕਰ ਆਉਂਦੇ ਹਨ ਤਾਂ ਇਹ ਠੀਕ ਨਹੀਂ ਹੈ, ਅਜਿਹੇ 'ਚ ਸਮੇਂ 'ਤੇ ਡਾਕਟਰ ਨਾਲ ਸੰਪਰਕ ਕਰੋ। ਕਈ ਵਾਰ ਦਿਲ ਵਿਚ ਬਲਾਕੇਜ ਜਾਂ ਵਾਲਵ ਨਾਲ ਜੁੜੀ ਕੋਈ ਸਮੱਸਿਆ ਹੋਣ 'ਤੇ ਵੀ ਅਜਿਹਾ ਹੁੰਦਾ ਹੈ। ਖੜ੍ਹੇ ਹੋਣ 'ਤੇ ਚੱਕਰ ਆਉਣ ਦੇ ਨਾਲ-ਨਾਲ ਸਿਰ 'ਚ ਕੁਝ ਮਹਿਸੂਸ ਹੋਣਾ ਚੰਗਾ ਸੰਕੇਤ ਨਹੀਂ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਬਿਨਾਂ ਕਿਸੇ ਲਾਪਰਵਾਹੀ ਦੇ ਡਾਕਟਰ ਨੂੰ ਮਿਲਣਾ ਚਾਹੀਦਾ ਹੈ।
ਛਾਤੀ 'ਚ ਦਰਦ
ਕਈ ਵਾਰ ਲੋਕ ਛਾਤੀ ਵਿੱਚ ਦਰਦ ਜਾਂ ਜਲਨ ਨੂੰ ਇਹ ਕਹਿ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ ਕਿ ਇਹ ਸਮੱਸਿਆ ਗੈਸ ਕਾਰਨ ਹੋ ਰਹੀ ਹੈ। ਜ਼ਰੂਰੀ ਨਹੀਂ ਹੈ ਕਿ ਛਾਤੀ ਵਿਚ ਦਰਦ ਹੋਣਾ ਇਸ ਗੱਲ ਦਾ ਸੰਕੇਤ ਹੈ ਕਿ ਦਿਲ ਦਾ ਦੌਰਾ ਪੈ ਸਕਦਾ ਹੈ, ਇਹ ਦਿਲ ਨਾਲ ਸਬੰਧਤ ਹੋਰ ਬੀਮਾਰੀਆਂ ਦਾ ਵੀ ਸੰਕੇਤ ਹੋ ਸਕਦਾ ਹੈ, ਇਸ ਲਈ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਜੇਕਰ ਅਜਿਹਾ ਕੁਝ ਵਾਰ-ਵਾਰ ਵਾਪਰਦਾ ਹੈ ਤਾਂ ਤੁਰੰਤ ਆਪਣੇ ਡਾਕਟਰ ਨੂੰ ਮਿਲੋ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।