ਟਿੱਪਰ ਦੀ ਲਪੇਟ ਵਿਚ ਆਉਣ ਨਾਲ ਮੋਟਰਸਾਈਕਲ ਚਾਲਕ ਦੀ ਮੌਤ
06/03/2023 3:09:57 PM

ਸੁਜਾਨਪੁਰ (ਜੋਤੀ) : ਬੀਤੀ ਦੇਰ ਰਾਤ ਪਠਾਨਕੋਟ-ਜੰਮੂ ਰਾਸ਼ਟਰੀ ਰਾਜ ਮਾਰਗ ਵਿਚ ਪੁੱਲ ਨੰਬਰ 12 ਸੁੰਦਰਚੱਕ ਦਾ ਮੋੜ ਦੇ ਨੇੜੇ ਅਚਾਨਕ ਇਕ ਮੋਟਰਸਾਈਕਲ ਦੇ ਇਕ ਟਿੱਪਰ ਦੀ ਲਪੇਟ ਵਿਚ ਆਉਣ ਨਾਲ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਪ੍ਰਕਾਸ਼ ’ਚ ਆਇਆ ਹੈ। ਇਸ ਸਬੰਧੀ ਸੁਜਾਨਪੁਰ ਪੁਲਸ ਥਾਣਾ ਮੁਖੀ ਅਨਿਲ ਪਵਾਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਹਿਚਾਣ ਸੁਨੀਲ ਕੁਮਾਰ ਪੁੱਤਰ ਬੰਸੀ ਲਾਲ ਨਿਵਾਸੀ ਸ਼ਾਹਪੁਰੀਗੇਟ ਸੁਜਾਨਪੁਰ ਦੇ ਰੂਪ ਵਿਚ ਹੋਈ। ਜਦਕਿ ਦੋਸ਼ੀ ਟਿੱਪਰ ਚਾਲਕ ਦੀ ਪਹਿਚਾਣ ਸੁੱਚਾ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਦਿਆਲਪੁਰ ਬਟਾਲਾ ਦੇ ਰੂਪ ਵਿਚ ਹੋਈ।
ਥਾਣਾ ਮੁਖੀ ਪਵਾਰ ਨੇ ਦੱਸਿਆ ਕਿ ਮ੍ਰਿਤਕ ਦੇ ਭਤੀਜੇ ਖੋਜੀਰਾਮ ਪੁੱਤਰ ਮੰਗਲ ਦਾਸ ਵਾਸੀ ਸ਼ਾਹਪੁਰੀਗੇਟ ਸੁਜਾਨਪੁਰ ਵਿਚ ਪੁਲਸ ਨੂੰ ਆਪਣੇ ਬਿਆਨ ਵਿਚ ਦੱਸਿਆ ਕਿ ਸੁਨੀਲ ਕੁਮਾਰ ਆਪਣੇ ਮੋਟਰਸਾਈਕਲ ’ਤੇ ਮਲਿਕਪੁਰ ਤੋਂ ਸੁਜਾਨਪੁਰ ਵੱਲ ਆ ਰਿਹਾ ਸੀ, ਜਦਕਿ ਉਹ ਉਸ ਦੇ ਪਿੱਛੇ ਹੋਰ ਮੋਟਰਸਾਈਕਲ ’ਤੇ ਆ ਰਿਹਾ ਸੀ। ਇਸ ਦੌਰਾਨ ਉਕਤ ਟਿੱਪਰ ਚਾਲਕ ਨੇ ਸੁਨੀਲ ਕੁਮਾਰ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਨਾਲ ਉਸ ਦੀ ਮੌਕੇ ’ਤੇ ਮੌਤ ਹੋ ਗਈ। ਜਿਸ ਦੇ ਚੱਲਦੇ ਪੁਲਸ ਨੇ ਦੋਵਾਂ ਵਾਹਨਾਂ ਨੂੰ ਆਪਣੇ ਕਬਜ਼ੇ ’ਚ ਲੈ ਕੇ ਭਤੀਜੇ ਖੋਜੀਰਾਮ ਦੇ ਬਿਆਨਾਂ ’ਤੇ ਟਿੱਪਰ ਚਾਲਕ ਖਿਲਾਫ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।