ਬੇਸਹਾਰਾ ਪਸ਼ੂ ਕਾਰਣ ਵਾਪਰਿਆ ਹਾਦਸਾ, ਪਰਿਵਾਰ ਦੇ ਨੌਜਵਾਨ ਪੁੱਤ ਦੀ ਮੌਤ

Wednesday, Aug 06, 2025 - 05:25 PM (IST)

ਬੇਸਹਾਰਾ ਪਸ਼ੂ ਕਾਰਣ ਵਾਪਰਿਆ ਹਾਦਸਾ, ਪਰਿਵਾਰ ਦੇ ਨੌਜਵਾਨ ਪੁੱਤ ਦੀ ਮੌਤ

ਬਟਾਲਾ (ਸਾਹਿਲ, ਯੋਗੀ) : ਬੇਸਹਾਰਾ ਪਸ਼ੂ ਦੇ ਮੋਟਰਸਾਈਕਲ ਅੱਗੇ ਆਉਣ ਨਾਲ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਥਾਣਾ ਸੇਖਵਾਂ ਦੇ ਏ. ਐੱਸ. ਆਈ. ਬਲਰਾਜ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਭਜਨ ਮਸੀਹ ਪੁੱਤਰ ਫੰਦੀ ਮਸੀਹ ਵਾਸੀ ਪਿੰਡ ਪੁਰਾਣਾ ਨੇ ਬਿਆਨ ਦਰਜ ਕਰਵਾਏ ਕਿ ਉਸਦਾ ਲੜਕਾ ਅਭਿਸ਼ੇਕ ਮਸੀਹ (25) ਜੋ ਕਿ ਬਟਾਲਾ ਵਿਖੇ ਸਟੇਸ਼ਨਰੀ ਦੀ ਦੁਕਾਨ ’ਤੇ ਕੰਮ ਕਰਦਾ ਸੀ, ਬੀਤੀ 4 ਅਗਸਤ ਦੀ ਰਾਤ 9 ਵਜੇ ਦੇ ਕਰੀਬ ਆਪਣੇ ਮੋਟਰਸਾਈਕਲ ਨੰ. ਪੀ. ਬੀ. 35ਐੱਲ. 1316 ’ਤੇ ਸਵਾਰ ਹੋ ਕੇ ਨਿੱਜੀ ਕੰਮ ਲਈ ਘਰੋਂ ਅੱਡਾ ਵਡਾਲਾ ਗ੍ਰੰਥੀਆਂ ਵਿਖੇ ਗਿਆ ਸੀ।

ਇਸ ਦੌਰਾਨ ਜਦੋਂ ਉਹ ਵਾਪਸ ਆਪਣੇ ਪਿੰਡ ਨੂੰ ਆ ਰਿਹਾ ਸੀ ਤਾਂ ਰਸਤੇ ਵਿਚ ਅਚਾਨਕ ਉਸਦੇ ਲੜਕੇ ਦੇ ਮੋਟਰਸਾਈਕਲ ਅੱਗੇ ਬੇਸਹਾਰਾ ਪਸ਼ੂ ਆ ਗਿਆ, ਜਿਸ ਨੂੰ ਬਚਾਉਂਦਿਆਂ ਮੋਟਰਸਾਈਕਲ ਤੋਂ ਹੇਠਾਂ ਡਿੱਗਣ ਨਾਲ ਇਸਦੇ ਗੰਭੀਰ ਸੱਟ ਲੱਗ ਗਈ ਅਤੇ ਇਸਦੀ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਮ੍ਰਿਤਕ ਦੇ ਪਿਤਾ ਭਜਨ ਮਸੀਹ ਦੇ ਬਿਆਨ ’ਤੇ 194 ਬੀ. ਐੱਨ. ਐੱਸ. ਐੱਸ. ਤਹਿਤ ਬਣਦੀ ਕਾਨੂੰਨੀ ਕਾਰਵਾਈ ਥਾਣਾ ਸੇਖਵਾਂ ਵਿਖੇ ਕਰ ਦਿੱਤੀ ਗਈ ਹੈ।


author

Gurminder Singh

Content Editor

Related News