YouTube ''ਤੇ ਲੱਗਾ ਦੋਸ਼, ਵੱਡੇ ਸਿਤਾਰਿਆਂ ਨੂੰ ਦੇ ਰਹੀ ਹੈ ਕੰਪਨੀ ਕੰਟੈਂਟ ਪਾਲਿਸੀ ''ਚ ਛੋਟ
Monday, Aug 12, 2019 - 10:52 AM (IST)

ਗੈਜੇਟ ਡੈਸਕ– ਵੀਡੀਓ ਸ਼ੇਅਰਿੰਗ ਵੈੱਬਸਾਈਟ YouTube ਇਕ ਵਾਰ ਫਿਰ ਵਿਵਾਦਾਂ ਦੇ ਘੇਰੇ ਵਿਚ ਫਸ ਗਈ ਹੈ। ਕੁਝ ਕੰਟੈਂਟ ਮਾਡਰੇਟਰਸ ਨੇ ਯੂ-ਟਿਊਬ 'ਤੇ ਦੋਸ਼ ਲਾਇਆ ਹੈ ਕਿ ਕੰਪਨੀ ਆਪਣੇ ਪਲੇਟਫਾਰਮ 'ਤੇ ਵੱਡੇ ਸਿਤਾਰਿਆਂ ਅਤੇ ਯੂ-ਟਿਊਬਰਸ ਨੂੰ ਛੋਟ ਦਿੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗਲਤ ਅਤੇ ਨਿਊਡ ਕੰਟੈਂਟ ਨੂੰ ਰੋਕਣ ਵਾਲੇ ਨਿਯਮਾਂ ਵਿਚ ਯੂ-ਟਿਊਬ ਵੱਡੇ ਸਿਤਾਰਿਆਂ ਨੂੰ ਛੋਟ ਦੇ ਰਹੀ ਹੈ, ਜੋ ਗਲਤ ਹੈ। ਦੋਸ਼ ਲਾਉਣ ਵਾਲੇ ਕੰਟੈਂਟ ਮਾਡਰੇਟਰਸ ਦਾ ਕਹਿਣਾ ਹੈ ਕਿ ਵੱਡੇ ਯੂ-ਟਿਊਬ ਸਿਤਾਰਿਆਂ ਤੋਂ ਵੀਡੀਓ ਸ਼ੇਅਰਿੰਗ ਵੈੱਬਸਾਈਟ YouTube ਨੂੰ ਭਾਰੀ ਕਮਾਈ ਹੁੰਦੀ ਹੈ। ਅਜਿਹੀ ਹਾਲਤ ਵਿਚ ਕੰਟੈਂਟ ਨੂੰ ਲੈ ਕੇ ਯੂ-ਟਿਊਬ ਇਨ੍ਹਾਂ ਸਿਤਾਰਿਆਂ ਲਈ ਖੁੱਲ੍ਹੇ ਦਿਲ ਵਾਲਾ ਰਵੱਈਆ ਰੱਖਦੀ ਹੈ।
ਇਨ੍ਹਾਂ YouTube ਚੈਨਲਾਂ ਨੂੰ ਹੋ ਰਿਹਾ ਹੈ ਸਭ ਤੋਂ ਜ਼ਿਆਦਾ ਫਾਇਦਾ
'ਵਾਸ਼ਿੰਗਟਨ ਪੋਸਟ' ਨੂੰ ਦਿੱਤੀ ਇੰਟਰਵਿਊ ਵਿਚ ਕੰਟੈਂਟ ਮਾਡਰੇਟਰਸ ਨੇ ਦੱਸਿਆ ਕਿ ਯੂ-ਟਿਊਬ ਦੇ ਢਿੱਲੇ ਰਵੱਈਏ ਦਾ ਫਾਇਦਾ ਸਭ ਤੋਂ ਜ਼ਿਆਦਾ ਮੰਨੇ-ਪ੍ਰਮੰਨੇ ਚੈਨਲ ਲੈ ਰਹੇ ਹਨ। ਉਦਾਹਰਣ ਦਿੰਦਿਆਂ ਉਨ੍ਹਾਂ ਕੁਝ ਕੰਟੈਂਟ ਕ੍ਰਿਏਟਰਸ ਦਾ ਨਾਂ ਵੀ ਦੱਸਿਆ ਅਤੇ ਕਿਹਾ ਕਿ ਇਨ੍ਹਾਂ ਵਿਚ PewDiePie, Steven Crowder ਤੇ Ligan Paul ਵੀ ਸ਼ਾਮਲ ਹਨ।
YouTube ਨੇ ਦਿੱਤੀ ਪ੍ਰਤੀਕਿਰਿਆ
ਯੂ-ਟਿਊਬ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਉਸ ਦੇ ਪਲੇਟਫਾਰਮ ਲਈ ਲਾਗੂ ਕੀਤੀ ਗਈ ਕੰਟੈਂਟ ਪਾਲਿਸੀ ਸਾਰਿਆਂ ਲਈ ਇਕੋ ਜਿਹੀ ਹੈ। ਯੂ-ਟਿਊਬ ਦੇ ਬੁਲਾਰੇ ਅਲੈਕਸ ਜੋਸੇਫ ਨੇ ਬਿਆਨ ਵਿਚ ਕਿਹਾ ਕਿ ਅਸੀਂ ਯੂ-ਟਿਊਬ ਦੀ ਪਾਲਿਸੀ 'ਤੇ ਸਖਤ ਨਜ਼ਰ ਰੱਖਦੇ ਹਾਂ। ਇਸ ਦੌਰਾਨ ਅਸੀਂ ਇਸ ਗੱਲ ਵੱਲ ਜ਼ਰਾ ਵੀ ਧਿਆਨ ਨਹੀਂ ਦਿੰਦੇ ਕਿ ਕ੍ਰਿਏਟਰ ਕੌਣ ਹੈ।
ਇਸ ਤੋਂ ਪਹਿਲਾਂ ਵੀ ਯੂ-ਟਿਊਬ 'ਤੇ ਲੱਗ ਚੁੱਕੇ ਹਨ ਦੋਸ਼
ਯੂ-ਟਿਊਬ 'ਤੇ ਇਸ ਤੋਂ ਪਹਿਲਾਂ ਵੀ ਨਫਰਤ ਫੈਲਾਉਣ ਵਾਲੇ ਅਤੇ ਗਲਤ ਕੰਟੈਂਟ ਨੂੰ ਪ੍ਰਮੋਟ ਕਰਨ ਦਾ ਦੋਸ਼ ਲੱਗ ਚੁੱਕਾ ਹੈ। ਦੱਸ ਦੇਈਏ ਕਿ ਕੰਟੈਂਟ ਮਾਡਰੇਟਰਸ ਨੇ ਯੂ-ਟਿਊਬ ਵੀਡੀਓਜ਼ ਦੇ ਰੇਟਿੰਗ ਕ੍ਰਾਈਟੇਰੀਆ ਨੂੰ ਲੈ ਕੇ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਇਹ ਵਿਊਅਰਜ਼ ਦੀ ਬਜਾਏ ਐਡਵਰਟਾਈਜ਼ਰਸ 'ਤੇ ਫੋਕਸ ਕਰਦਾ ਹੈ, ਜਿਸ ਕਾਰਣ ਯੂ-ਟਿਊਬ ਦੀਆਂ ਗਾਈਡਲਾਈਨਜ਼ ਨੂੰ ਸਮਝਣ ਵਿਚ ਸਾਨੂੰ ਮੁਸ਼ਕਲ ਹੁੰਦੀ ਹੈ। ਕੁਝ ਦਾ ਕਹਿਣਾ ਹੈ ਕਿ ਰੋਜ਼ਾਨਾ ਵੀਡੀਓਜ਼ ਦਾ ਰੀਵਿਊ ਕਰਨ ਕਾਰਣ ਯੂ-ਟਿਊਬ ਤੋਂ ਗਲਤ ਕੰਟੈਂਟ ਨੂੰ ਮਾਰਕ ਅਤੇ ਡਿਲੀਟ ਕਰਨ 'ਚ ਸਮਾਂ ਲੱਗ ਰਿਹਾ ਹੈ।
ਯੂ-ਟਿਊਬ ਨੂੰ ਹੈ ਆਪਣੀ ਟੈਕਨਾਲੋਜੀ 'ਤੇ ਭਰੋਸਾ
ਯੂ-ਟਿਊਬ ਦਾ ਕਹਿਣਾ ਹੈ ਕਿ ਉਹ 2 ਵੱਖ-ਵੱਖ ਨਿਰਧਾਰਤ ਕੀਤੇ ਗਏ ਮਾਪਦੰਡਾਂ 'ਤੇ ਕੰਮ ਕਰਦੀ ਹੈ। ਕੰਟੈਂਟ ਮਾਡਰੇਟਰਸ ਦੇ ਦੋਸ਼ਾਂ ਨੂੰ ਗਲਤ ਦੱਸਦਿਆਂ ਯੂ-ਟਿਊਬ ਨੇ ਸਪੱਸ਼ਟ ਕੀਤਾ ਕਿ ਜਿਨ੍ਹਾਂ ਨੂੰ ਇਸ਼ਤਿਹਾਰਾਂ ਨਾਲ ਫਾਇਦਾ ਹੁੰਦਾ ਹੈ, ਉਨ੍ਹਾਂ ਲਈ ਯੂ-ਟਿਊਬ ਦੇ ਨਿਯਮ ਦੂਜੇ ਕ੍ਰਿਏਟਰਸ ਦੇ ਮੁਕਾਬਲੇ ਹੋਰ ਵੀ ਸਖਤ ਹਨ। ਇਸ ਤੋਂ ਇਲਾਵਾ ਕਿਹਾ ਗਿਆ ਹੈ ਕਿ ਕੰਪਨੀ ਆਪਣੀਆਂ ਗਾਈਡਲਾਈਨਜ਼ ਨੂੰ ਲਾਗੂ ਕਰਨ ਅਤੇ ਗਲਤ ਕੰਟੈਂਟ ਨੂੰ ਰੋਕਣ ਲਈ ਟੈਕਨਾਲੋਜੀ ਦੀ ਪੂਰੀ ਮਦਦ ਲੈਂਦੀ ਹੈ।