YouTube ’ਤੇ ਚਲਾਈਆਂ ਜਾ ਰਹੀਆਂ ਹਨ ਫੇਕ ਤੇ ਖਤਰਨਾਕ ਵੀਡੀਓਜ਼

11/11/2018 1:58:53 AM

ਗੈਜੇਟ ਡੈਸਕ-ਯੂ-ਟਿਊਬ ਨੂੰ ਲੈ ਕੇ ਹੁਣ ਅਜਿਹੀ ਸਨਸਨੀਖੇਜ਼ ਰਿਪੋਰਟ ਸਾਹਮਣੇ ਆਈ ਹੈ, ਜਿਸ ਨੂੰ ਪੜ੍ਹ ਕੇ ਤੁਸੀਂ ਹੈਰਾਨ ਰਹਿ ਜਾਓਗੇ। ਰਿਪੋਰਟ ਅਨੁਸਾਰ ਵਿਊਜ਼ ਦੇ ਚੱਕਰ ਵਿਚ You Tube ਰਾਹੀਂ ਤੁਹਾਡੇ ਤਕ ਫੇਕ ਤੇ ਖਤਰਨਾਕ ਵੀਡੀਓਜ਼ ਪਹੁੰਚਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚੋਂ ਬਹੁਤ ਸਾਰੀਆਂ ਵੀਡੀਓਜ਼ ਵਿਚ ਸੱਚਾਈ ਦੂਰ-ਦੂਰ ਤਕ ਦਿਖਾਈ ਨਹੀਂ ਦਿੰਦੀ। ਅਮਰੀਕਾ ਦੇ ਵਾਸ਼ਿੰਗਟਨ ’ਚ ਸਥਿਤ Pew Research center ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂ-ਟਿਊਬ ’ਤੇ ਵੱਡੀ ਗਿਣਤੀ ਵਿਚ ਫੇਕ ਵੀਡੀਓਜ਼ ਚਲਾਈਆਂ ਜਾ ਰਹੀਆਂ ਹਨ। ਅਧਿਐਨ ਅਨੁਸਾਰ ਅਮਰੀਕਾ ਦੇ 4,594 ਬਾਲਗ ਲੋਕਾਂ ’ਤੇ ਸਰਵੇਖਣ ਕਰਨ ’ਤੇ ਪਤਾ ਲੱਗਾ ਹੈ ਕਿ ਹਰ ਉਮਰ ਦੇ ਲੋਕ ਯੂ-ਟਿਊਬ ਚਲਾਉਂਦੇ ਹਨ ਅਤੇ ਉਸ ’ਤੇ ਮੌਜੂਦ ਹਰ ਤਰ੍ਹਾਂ ਦੀ ਜਾਣਕਾਰੀ ਨੂੰ ਲੈ ਕੇ ਅਪਲੋਡ ਹੋਈਆਂ ਵੀਡੀਓਜ਼ ਦੇਖਦੇ ਹਨ ਅਤੇ ਉਨ੍ਹਾਂ ਨੂੰ ਸਹੀ ਮੰਨਦੇ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਰਿਪੋਰਟਾਂ ਗਲਤ ਸਨ, ਜੋ ਲੋਕਾਂ ਤਕ ਇਸ ਪਲੇਟਫਾਰਮ ਰਾਹੀਂ ਪਹੁੰਚਾਈਆਂ ਜਾ ਰਹੀਆਂ ਸਨ।

ਵਧ ਰਹੀਆਂ ਹਨ ਯੂ-ਟਿਊਬ ਦੀਆਂ ਮੁਸ਼ਕਲਾਂ: ਗਲਤ ਵੀਡੀਓਜ਼ ਨੂੰ ਇਸ ਪਲੇਟਫਾਰਮ ਰਾਹੀਂ ਚਲਾਉਣ ’ਤੇ ਯੂ-ਟਿਊਬ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ ਕਿਉਂਕਿ ਹੁਣ ਲੋਕ ਇਸ ਰਾਹੀਂ ਖਬਰਾਂ ਆਦਿ ਵੀ ਦੇਖਦੇ ਹਨ, ਜਦਕਿ 53 ਫੀਸਦੀ ਲੋਕ ਉਹ ਹਨ, ਜੋ ਇਹ ਪਤਾ ਲਾਉਣ ਲਈ ਹਮੇਸ਼ਾ ਉਤਾਵਲੇ ਰਹਿੰਦੇ ਹਨ ਕਿ ਸਾਈਟ ’ਤੇ ਕੁਝ ਨਵਾਂ ਕੀ ਹੈ, ਜੋ ਉਨ੍ਹਾਂ ਦੀ ਮਦਦ ਕਰ ਸਕੇਗਾ।

65 ਸਾਲ ਦੇ ਲੋਕ ਵੀ ਵਰਤੋਂ ’ਚ ਲਿਆਉਂਦੇ ਹਨ ਇਹ ਪਲੇਟਫਾਰਮ : ਅਮਰੀਕਾ ’ਚ ਕੀਤੀ ਗਈ ਇਸ ਖੋਜ ਵਿਚ ਅੱਧਿਓਂ ਵੱਧ ਲੋਕ 18 ਤੋਂ 29 ਸਾਲ ਦੇ ਸਨ, ਜਦਕਿ 41 ਫੀਸਦੀ ਲੋਕਾਂ ਦੀ ਉਮਰ 65 ਸਾਲ ਸੀ ਮਤਲਬ ਅਮਰੀਕਾ ਵਿਚ ਜ਼ਿਆਦਾ ਉਮਰ ਦੇ ਲੋਕਾਂ ਵਿਚ ਵੀ ਯੂ-ਟਿਊਬ ਕਾਫੀ ਲੋਕਪ੍ਰਿਯ ਹੈ ਅਤੇ ਉਹ ਰੋਜ਼ਾਨਾ ਇਸ ਨੂੰ ਚਲਾਉਂਦੇ ਹਨ।

15 ਫੀਸਦੀ ਵੀਡੀਓਜ਼ ’ਚ ਨਹੀਂ ਕੋਈ ਸੱਚਾਈ
ਯੂ-ਟਿਊਬ ਰਾਹੀਂ ਵੱਡੀ ਮਾਤਰਾ ’ਚ ਸਮੱਸਿਆ ਭਰਿਆ ਕੰਟੈਂਟ ਚਲਾਇਆ ਜਾ ਰਿਹਾ ਹੈ। ਪਿਊ ਰਿਸਰਚ ਸੈਂਟਰ ਦਾ ਕਹਿਣਾ ਹੈ ਕਿ 5 ਵਿਚੋਂ 3 ਵੀਡੀਓਜ਼ ਵਿਚ ਸਮੱਸਿਆ ਦੇਖੀ ਗਈ ਹੈ, ਜਦਕਿ 15 ਫੀਸਦੀ ਵੀਡੀਓਜ਼ ਵਿਚ ਕੋਈ ਸੱਚਾਈ ਨਜ਼ਰ ਹੀ ਨਹੀਂ ਆਉਂਦੀ।

ਯੂ-ਟਿਊਬ ਨੇ ਦਿੱਤੀ ਪ੍ਰਤੀਕਿਰਿਆ
ਆਨਲਾਈਨ ਟੈਕਨਾਲੋਜੀ ਨਿਊਜ਼ ਵੈੱਬਸਾਈਟ ‘ਐਨਗੈਜੇਟ’ ਜਦੋਂ ਇਹ ਸਮੱਸਿਆ ਲੈ ਕੇ ਯੂ-ਟਿਊਬ ਤਕ ਪਹੁੰਚੀ ਤਾਂ ਯੂ-ਟਿਊਬ ਨੇ ਦੱਸਿਆ ਕਿ ਉਹ ਇਸ ਸਮੱਸਿਆ ਨਾਲ ਨਜਿੱਠਣ ਲਈ ਕੰਮ ਕਰ ਰਹੀ ਹੈ ਤਾਂ ਜੋ ਕੋਈ ਉਸ ਦੇ ਨਿਯਮਾਂ ਦੀ ਪਾਲਣਾ ਨਾ ਕਰਦੇ ਹੋਏ ਜੇ ਵੀਡੀਓਜ਼ ਪੋਸਟ ਕਰੇ ਤਾਂ ਜੋ ਉਸ ਨੂੰ ਰੋਕਿਆ ਜਾ ਸਕੇ। ਉਦਾਹਰਣ ਦਿੰਦਿਆਂ ਕੰਪਨੀ ਨੇ ਦੱਸਿਆ ਕਿ ਉਸ ਨੇ 2018 ਦੀ ਪਹਿਲੀ ਛਿਮਾਹੀ ਵਿਚ 17 ਮਿਲੀਅਨ ਵੀਡੀਓਜ਼ ਹਟਾਈਆਂ ਹਨ, ਜੋ ਉਸ ਦੀਆਂ ਨੀਤੀਆਂ ’ਤੇ ਖਰੀਆਂ ਨਹੀਂ ਉਤਰ ਰਹੀਆਂ ਸਨ। ਉਹ ਲਗਾਤਾਰ ਇਸ ’ਤੇੇ ਹੀ ਕੰਮ ਕਰ ਰਹੇ ਹਨ।


Related News