ਲੋਕ ਸਭਾ ਚੋਣਾਂ ’ਚ ਸਿਆਸੀ ਲੀਡਰਾਂ ਲਈ ਪ੍ਰੇਸ਼ਾਨੀ ਬਣੇ ਡੀਪਫੇਕ ਵੀਡੀਓਜ਼

Friday, May 03, 2024 - 04:14 PM (IST)

ਨਵੀਂ ਦਿੱਲੀ- ਇਸ ਵਾਰ ਲੋਕ ਸਭਾ ਚੋਣਾਂ ਵਿਚ ਡੀਪਫੇਕ ਵੀਡੀਓਜ਼ ਸਿਆਸੀ ਲੀਡਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ। ਹਾਲ ਹੀ ’ਚ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਜੁੜੀ ਇਕ ਜਾਅਲੀ ਵੀਡੀਓ ਦੀ ਜਾਂਚ ਦੇ ਸਬੰਧ ’ਚ ਦਿੱਲੀ ਪੁਲਸ ਨਾਲ ਸਹਿਯੋਗ ਕਰਨ ਲਈ ਵਾਧੂ ਸਮੇਂ ਦੀ ਮੰਗ ਕੀਤੀ ਹੈ। ਇਸ ਵੀਡੀਓ ’ਚ ਕਥਿਤ ਤੌਰ ’ਤੇ ਸ਼ਾਹ ਨੂੰ ਇਹ ਕਹਿੰਦਿਆਂ ਦਿਖਾਇਆ ਗਿਆ ਹੈ ਕਿ ਭਾਜਪਾ ਰਾਖਵਾਂਕਰਨ ਵਿਰੋਧੀ ਹੈ। ਇਹ ਮਾਮਲਾ ਦਿੱਲੀ ਹਾਈ ਕੋਰਟ ਵਿਚ ਵੀ ਵਿਚਾਰ ਅਧੀਨ ਹੈ। ਅਦਾਲਤ ਨੇ ਚੋਣ ਕਮਿਸ਼ਨ ਨੂੰ ਕੋਈ ਵੀ ਹਦਾਇਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਮਨਮੋਹਨ ਅਤੇ ਜਸਟਿਸ ਮਨਮੀਤ ਪ੍ਰੀਤਮ ਸਿੰਘ ਅਰੋੜਾ ਦੀ ਬੈਂਚ ਨੇ ਕਿਹਾ ਕਿ ਅਦਾਲਤ ਚੋਣਾਂ ਦੌਰਾਨ ਅਜਿਹੇ ਨਿਰਦੇਸ਼ ਨਹੀਂ ਦੇ ਸਕਦੀ। ਉਨ੍ਹਾਂ ਨੂੰ ਭਰੋਸਾ ਹੈ ਕਿ ਚੋਣ ਕਮਿਸ਼ਨ ਇਸ ’ਤੇ ਬਣਦੀ ਕਾਰਵਾਈ ਕਰੇਗਾ।

ਕੀ ਹੁੰਦੀ ਹੈ ਡੀਪਫੇਕ ਟੈਕਨਾਲੋਜੀ

ਡੀਪਫੇਕ ਟੈਕਨਾਲੋਜੀ ਦਾ ਮਤਲਬ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੇ ਜ਼ਰੀਏ ਡਿਜੀਟਲ ਮੀਡੀਆ ’ਚ ਹੇਰਫੇਰ ਕਰਨਾ ਹੈ। ਏ. ਆਈ. ਦੀ ਵਰਤੋਂ ਕਰ ਕੇ ਸ਼ਰਾਰਤੀ ਅਨਸਰ ਵੀਡੀਓ, ਆਡੀਓ ਅਤੇ ਫੋਟੋਆਂ ਦੀ ਐਡੀਟਿੰਗ ਨੂੰ ਅੰਜਾਮ ਦਿੰਦੇ ਹਨ। ਇਸ ਦੇ ਜ਼ਰੀਏ ਵੀਡੀਓ ’ਚ ਚਿਹਰਾ ਬਦਲਿਆ ਜਾਂਦਾ ਹੈ। ਇਕ ਤਰ੍ਹਾਂ ਨਾਲ, ਇਹ ਇਕ ਬਹੁਤ ਹੀ ਅਸਲੀ ਦਿਖਣ ਵਾਲੀ ਡਿਜੀਟਲ ਧੋਖਾਧੜੀ ਹੈ, ਇਸ ਲਈ ਇਸ ਨੂੰ ਡੀਪਫੇਕ ਦਾ ਨਾਂ ਦਿੱਤਾ ਗਿਆ ਹੈ।

ਵੱਡੀਆਂ ਹਸਤੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼

ਡੀਪਫੇਕ ਟੈਕਨਾਲੋਜੀ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਉਣ ਲਈ ਬਣਾਈ ਗਈ ਹੈ। ਖਾਸ ਤੌਰ ’ਤੇ ਮਸ਼ਹੂਰ ਹਸਤੀਆਂ, ਸਿਆਸੀ ਲੀਡਰਾਂ ਅਤੇ ਸੰਸਥਾਵਾਂ ਨੂੰ ਬਦਨਾਮ ਕਰਨ ਲਈ ਵਰਤੇ ਜਾਂਦੇ ਹਨ। ਇਸ ਤੋਂ ਇਲਾਵਾ ਝੂਠੇ ਸਬੂਤ ਤਿਆਰ ਕਰਨ, ਜਨਤਾ ਨੂੰ ਧੋਖਾ ਦੇਣ ਅਤੇ ਲੋਕਤੰਤਰੀ ਸੰਸਥਾਵਾਂ ਵਿਚ ਲੋਕਾਂ ਦੇ ਵਿਸ਼ਵਾਸ ਨੂੰ ਘਟਾਉਣ ਲਈ ਡੀਪਫੇਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਵਰਨਣਯੋਗ ਹੈ ਕਿ ਇਹ ਕੰਮ ਜਿਸ ਨਾਲ ਭਾਰੀ ਨੁਕਸਾਨ ਹੁੰਦਾ ਹੈ, ਬਹੁਤ ਘੱਟ ਸਾਧਨਾਂ ਨਾਲ ਕੀਤਾ ਜਾ ਸਕਦਾ ਹੈ।

ਅਸ਼ਲੀਲ ਵੀਡੀਓ ਬਣਾਉਣ ’ਚ ਵਰਤੋਂ

ਡੀਪਫੇਕ ਦੀ ਦੁਰਵਰਤੋਂ ਦਾ ਪਹਿਲਾ ਮਾਮਲਾ ਪੋਰਨੋਗ੍ਰਾਫੀ ’ਚ ਸਾਹਮਣੇ ਆਇਆ ਸੀ। ਇਕ ਆਨਲਾਈਨ ਆਈ. ਡੀ. ਪ੍ਰਮਾਣਿਤ ਕਰਨ ਵਾਲੀ ਸੇਨਸਿਟੀ ਡਾਟ ਏ. ਆਈ. ਵੈੱਬਸਾਈਟ ਦੇ ਮੁਤਾਬਕ 96 ਫੀਸਦੀ ਡੀਪਫੇਕ ਅਸ਼ਲੀਲ ਵੀਡੀਓਜ਼ ਹਨ। ਇਨ੍ਹਾਂ ਨੂੰ ਸਿਰਫ਼ ਅਸ਼ਲੀਲ ਵੈੱਬਸਾਈਟਾਂ ’ਤੇ ਹੀ 135 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਡੀਪਫੇਕ ਪੋਰਨੋਗ੍ਰਾਫੀ ਖਾਸ ਤੌਰ ’ਤੇ ਔਰਤਾਂ ਅਤੇ ਲੜਕੀਆਂ ਨੂੰ ਨਿਸ਼ਾਨਾ ਬਣਾਉਂਦੀ ਹੈ। ਅਸ਼ਲੀਲ ਡੀਪਫੇਕ ਧਮਕੀ ਵਾਲੇ ਹੋ ਸਕਦੇ ਹਨ।


Rakesh

Content Editor

Related News