ਹੁਣ ਬਿਨਾਂ ਸਿਮ ਦੇ ਫੋਨ ਵਿੱਚ ਨਹੀਂ ਚੱਲੇਗਾ WhatsApp! ਫਰਵਰੀ ਤੋਂ ਲਾਗੂ ਹੋਵੇਗਾ ਨਵਾਂ ਨਿਯਮ

Friday, Jan 16, 2026 - 06:23 PM (IST)

ਹੁਣ ਬਿਨਾਂ ਸਿਮ ਦੇ ਫੋਨ ਵਿੱਚ ਨਹੀਂ ਚੱਲੇਗਾ WhatsApp! ਫਰਵਰੀ ਤੋਂ ਲਾਗੂ ਹੋਵੇਗਾ ਨਵਾਂ ਨਿਯਮ

ਗੈਜੇਟ ਡੈਸਕ- ਤੁਸੀਂ ਵਟਸਐਪ, ਟੈਲੀਗ੍ਰਾਮ ਜਾਂ ਸਿਗਨਲ ਵਰਗੇ ਮੈਸੇਜਿੰਗ ਐਪਸ ਦੀ ਵਰਤੋਂ ਜੇਕਰ ਬਿਨਾਂ ਸਿਮ ਕਾਰਡ ਪਾਏ ਜਾਂ ਇੱਕ ਤੋਂ ਵੱਧ ਡਿਵਾਈਸਾਂ 'ਤੇ ਕਰਦੇ ਹੋ, ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਫਰਵਰੀ 2026 ਤੋਂ ਦੇਸ਼ ਵਿੱਚ 'ਸਿਮ ਬਾਇੰਡਿੰਗ' ਦਾ ਨਵਾਂ ਨਿਯਮ ਲਾਗੂ ਹੋਣ ਜਾ ਰਿਹਾ ਹੈ, ਜਿਸ ਤੋਂ ਬਾਅਦ ਮੈਸੇਜਿੰਗ ਐਪਸ ਦੀ ਵਰਤੋਂ ਕਰਨ ਦਾ ਤਰੀਕਾ ਪੂਰੀ ਤਰ੍ਹਾਂ ਬਦਲ ਜਾਵੇਗਾ।

ਕੀ ਹੈ SIM Binding?

ਸਿਮ ਬਾਇੰਡਿੰਗ ਦਾ ਮਤਲਬ ਹੈ ਕਿ ਜਿਸ ਮੋਬਾਈਲ ਨੰਬਰ ਨਾਲ ਤੁਸੀਂ ਆਪਣਾ ਵਟਸਐਪ ਜਾਂ ਕੋਈ ਹੋਰ ਐਪ ਰਜਿਸਟਰ ਕੀਤਾ ਹੈ, ਉਹ ਸਿਮ ਕਾਰਡ ਉਸੇ ਫੋਨ ਦੇ ਅੰਦਰ ਹੋਣਾ ਲਾਜ਼ਮੀ ਹੋਵੇਗਾ। ਜੇਕਰ ਤੁਸੀਂ ਫੋਨ ਵਿੱਚੋਂ ਸਿਮ ਕੱਢ ਦਿੰਦੇ ਹੋ, ਤਾਂ ਐਪ ਆਪਣੇ ਆਪ ਕੰਮ ਕਰਨਾ ਬੰਦ ਕਰ ਦੇਵੇਗੀ। ਇਸ ਨਾਲ ਮਲਟੀ-ਡਿਵਾਈਸ ਫੀਚਰ 'ਤੇ ਵੱਡਾ ਅਸਰ ਪਵੇਗਾ, ਕਿਉਂਕਿ ਹੁਣ ਬਿਨਾਂ ਵਾਰ-ਵਾਰ ਵੈਰੀਫਿਕੇਸ਼ਨ ਦੇ ਕਈ ਡਿਵਾਈਸਾਂ 'ਤੇ ਅਕਾਊਂਟ ਚਲਾਉਣਾ ਸੰਭਵ ਨਹੀਂ ਹੋਵੇਗਾ।

ਨਵੇਂ ਨਿਯਮਾਂ ਤਹਿਤ ਵਟਸਐਪ ਵੈੱਬ ਜਾਂ ਡੈਸਕਟਾਪ ਵਰਜ਼ਨ ਦੀ ਵਰਤੋਂ ਕਰਨ ਵਾਲਿਆਂ ਨੂੰ ਵੀ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਹੁਣ ਕੰਪਿਊਟਰ ਜਾਂ ਲੈਪਟਾਪ 'ਤੇ ਵਟਸਐਪ ਹਰ 6 ਘੰਟੇ ਬਾਅਦ ਆਪਣੇ ਆਪ ਲੌਗ-ਆਊਟ ਹੋ ਜਾਵੇਗਾ। ਇਸਦਾ ਮਤਲਬ ਹੈ ਕਿ ਦਫਤਰੀ ਕੰਮ ਦੌਰਾਨ ਯੂਜ਼ਰਸ ਨੂੰ ਹਰ 6 ਘੰਟੇ ਬਾਅਦ ਆਪਣਾ ਅਕਾਊਂਟ ਦੁਬਾਰਾ ਲਿੰਕ ਕਰਨਾ ਪਵੇਗਾ।

ਸਰਕਾਰ ਨੇ ਕਿਉਂ ਲਿਆ ਇਹ ਫੈਸਲਾ? 

ਭਾਰਤ ਸਰਕਾਰ ਦੇ ਦੂਰਸੰਚਾਰ ਵਿਭਾਗ (DoT) ਅਨੁਸਾਰ, ਇਹ ਫੈਸਲਾ ਵਧ ਰਹੀ ਸਾਈਬਰ ਧੋਖਾਧੜੀ ਨੂੰ ਰੋਕਣ ਲਈ ਲਿਆ ਗਿਆ ਹੈ। ਕਈ ਸਾਈਬਰ ਅਪਰਾਧੀ ਭਾਰਤੀ ਨੰਬਰਾਂ ਦੇ ਸਿਮ ਵਿਦੇਸ਼ ਲੈ ਜਾਂਦੇ ਹਨ ਅਤੇ ਇੰਟਰਨੈੱਟ ਕਾਲਿੰਗ ਰਾਹੀਂ ਫਰਾਡ ਕਰਦੇ ਹਨ। ਹੁਣ ਤੱਕ ਅਜਿਹੇ ਐਪਸ ਸਿਰਫ ਇੱਕ ਵਾਰ ਮੋਬਾਈਲ ਨੰਬਰ ਵੈਰੀਫਾਈ ਕਰਦੇ ਹਨ, ਜਿਸ ਕਾਰਨ ਅਪਰਾਧੀ ਇੱਕੋ ਅਕਾਊਂਟ ਨੂੰ ਕਈ ਡਿਵਾਈਸਾਂ 'ਤੇ ਆਸਾਨੀ ਨਾਲ ਚਲਾ ਲੈਂਦੇ ਹਨ। ਸਿਮ ਬਾਇੰਡਿੰਗ ਰਾਹੀਂ ਅਪਰਾਧੀਆਂ ਨੂੰ ਟ੍ਰੈਕ ਕਰਨਾ ਆਸਾਨ ਹੋ ਜਾਵੇਗਾ।

ਸਰਕਾਰ ਨੇ ਨਵੰਬਰ 2025 ਵਿੱਚ ਕੰਪਨੀਆਂ ਨੂੰ ਇਹ ਨਿਯਮ ਲਾਗੂ ਕਰਨ ਲਈ 90 ਦਿਨਾਂ ਦਾ ਸਮਾਂ ਦਿੱਤਾ ਸੀ, ਜੋ ਕਿ ਫਰਵਰੀ 2026 ਵਿੱਚ ਪੂਰਾ ਹੋ ਰਿਹਾ ਹੈ। ਜੇਕਰ ਸਰਕਾਰ ਵੱਲੋਂ ਕੋਈ ਨਵਾਂ ਅਪਡੇਟ ਨਹੀਂ ਆਉਂਦਾ, ਤਾਂ ਫਰਵਰੀ ਦੇ ਅੱਧ ਤੱਕ ਅਜਿਹੇ ਸਾਰੇ ਵਟਸਐਪ ਅਕਾਊਂਟ ਬੰਦ ਹੋ ਸਕਦੇ ਹਨ ਜਿਨ੍ਹਾਂ ਦਾ ਰਜਿਸਟਰਡ ਸਿਮ ਉਸ ਫੋਨ ਵਿੱਚ ਮੌਜੂਦ ਨਹੀਂ ਹੈ। ਫਿਲਹਾਲ ਟੈਕ ਕੰਪਨੀਆਂ ਅਤੇ ਯੂਜ਼ਰਸ ਦੀ ਨਜ਼ਰ ਸਰਕਾਰ ਦੇ ਅਗਲੇ ਕਦਮ 'ਤੇ ਟਿਕੀ ਹੋਈ ਹੈ ਕਿ ਕੀ ਇਸ ਸਮਾਂ ਸੀਮਾ ਨੂੰ ਵਧਾਇਆ ਜਾਵੇਗਾ ਜਾਂ ਨਹੀਂ।


author

Rakesh

Content Editor

Related News