ਹੁਣ ਬਿਨਾਂ ''ਸੀਕਰੇਟ ਕੋਡ'' ਦੇ ਨਹੀਂ ਹੋ ਸਕੇਗੀ ਚੈਟ! WhatsApp ''ਚ ਆ ਰਿਹੈ ਧਮਾਕੇਦਾਰ ਫੀਚਰ
Tuesday, Jan 13, 2026 - 06:19 PM (IST)
ਗੈਜੇਟ ਡੈਸਕ- ਦੁਨੀਆ ਭਰ ਵਿੱਚ ਮਸ਼ਹੂਰ ਮੈਸੇਜਿੰਗ ਐਪ ਵਟਸਐਪ ਆਪਣੇ ਐਂਡਰਾਇਡ ਯੂਜ਼ਰਜ਼ ਲਈ ਇੱਕ ਬੇਹੱਦ ਖਾਸ ਅਤੇ ਧਮਾਕੇਦਾਰ ਪ੍ਰਾਈਵੇਸੀ ਫੀਚਰ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਇਸ ਨਵੇਂ ਫੀਚਰ ਦੇ ਆਉਣ ਨਾਲ, ਹੁਣ ਕੋਈ ਵੀ ਅਣਜਾਣ ਵਿਅਕਤੀ ਤੁਹਾਨੂੰ ਉਦੋਂ ਤੱਕ ਮੈਸੇਜ ਜਾਂ ਕਾਲ ਨਹੀਂ ਕਰ ਸਕੇਗਾ, ਜਦੋਂ ਤੱਕ ਉਸ ਕੋਲ ਤੁਹਾਡਾ ਤੈਅ ਕੀਤਾ ਹੋਇਆ 'ਸੀਕਰੇਟ ਕੋਡ' (Username Key) ਨਹੀਂ ਹੋਵੇਗਾ।
ਕੀ ਹੈ Username Key?
ਵਟਸਐਪ ਦੇ ਇਸ ਨਵੇਂ ਸਿਸਟਮ ਵਿੱਚ ਯੂਜ਼ਰਜ਼ ਨੂੰ ਆਪਣਾ ਇੱਕ ਨਿੱਜੀ ਸੀਕਰੇਟ ਕੋਡ ਸੈੱਟ ਕਰਨਾ ਹੋਵੇਗਾ। ਜੇਕਰ ਕੋਈ ਵਿਅਕਤੀ ਪਹਿਲੀ ਵਾਰ ਤੁਹਾਡੇ ਨਾਲ ਚੈਟ ਸ਼ੁਰੂ ਕਰਨਾ ਚਾਹੁੰਦਾ ਹੈ, ਤਾਂ ਉਸ ਨੂੰ ਇਹ ਕੋਡ ਭਰਨਾ ਪਵੇਗਾ। ਗਲਤ ਕੋਡ ਪਾਉਣ 'ਤੇ ਨਾ ਤਾਂ ਮੈਸੇਜ ਭੇਜਿਆ ਜਾ ਸਕੇਗਾ ਅਤੇ ਨਾ ਹੀ ਕਾਲ ਕੀਤੀ ਜਾ ਸਕੇਗੀ। ਸਕ੍ਰੀਨ 'ਤੇ ਸਾਫ ਦਿਖਾਈ ਦੇਵੇਗਾ ਕਿ ਇਹ ਰਿਸੀਵਰ ਦੀ ਪ੍ਰਾਈਵੇਸੀ ਸੈਟਿੰਗ ਹੈ। ਸਹੀ ਕੋਡ ਪਾਉਣ ਤੋਂ ਬਾਅਦ ਹੀ ਚੈਟ ਆਮ ਵਾਂਗ ਸ਼ੁਰੂ ਹੋ ਸਕੇਗੀ।
ਸਪੈਮ ਅਤੇ ਫਰਾਡ ਕਾਲਾਂ ਤੋਂ ਮਿਲੇਗਾ ਛੁਟਕਾਰਾ
ਇਹ ਫੀਚਰ ਖਾਸ ਤੌਰ 'ਤੇ ਸਪੈਮ ਮੈਸੇਜਾਂ, ਫਰਾਡ ਕਾਲਾਂ ਅਤੇ ਅਣਚਾਹੇ ਸੰਪਰਕਾਂ ਨੂੰ ਰੋਕਣ ਲਈ ਡਿਜ਼ਾਈਨ ਕੀਤਾ ਜਾ ਰਿਹਾ ਹੈ। ਇਸ ਨਾਲ ਯੂਜ਼ਰਜ਼ ਦਾ ਫੋਨ ਨੰਬਰ ਵੀ ਲੁਕਿਆ ਰਹੇਗਾ, ਜਿਸ ਨਾਲ ਵਾਧੂ ਸੁਰੱਖਿਆ ਮਿਲੇਗੀ। ਯੂਜ਼ਰਜ਼ ਆਪਣਾ ਯੂਜ਼ਰਨੇਮ ਪਬਲਿਕ ਰੱਖ ਸਕਦੇ ਹਨ, ਪਰ ਡਾਇਰੈਕਟ ਮੈਸੇਜ ਸਿਰਫ ਉਨ੍ਹਾਂ ਲੋਕਾਂ ਤੱਕ ਹੀ ਸੀਮਤ ਰਹਿਣਗੇ ਜਿਨ੍ਹਾਂ ਕੋਲ ਇਹ 'ਕੀਅ' ਹੋਵੇਗੀ। ਇਹ ਸਾਰੀ ਗੱਲਬਾਤ ਐਂਡ-ਟੂ-ਐਂਡ ਇਨਕ੍ਰਿਪਸ਼ਨ ਨਾਲ ਪੂਰੀ ਤਰ੍ਹਾਂ ਸੁਰੱਖਿਅਤ ਰਹੇਗੀ।
ਰਿਪੋਰਟਾਂ ਅਨੁਸਾਰ, ਵਟਸਐਪ ਇਸ ਫੀਚਰ ਨੂੰ ਐਂਡਰਾਇਡ ਬੀਟਾ ਵਰਜ਼ਨ 2.26.2.2 ਵਿੱਚ ਟੈਸਟ ਕਰ ਰਿਹਾ ਹੈ। ਫਿਲਹਾਲ ਇਹ ਫੀਚਰ ਡਿਵੈਲਪਮੈਂਟ ਫੇਜ਼ ਵਿੱਚ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ 2026 ਦੇ ਅੰਤ ਤੱਕ ਜਾਂ ਆਉਣ ਵਾਲੇ ਕਿਸੇ ਵੱਡੇ ਅਪਡੇਟ ਵਿੱਚ ਰੋਲਆਊਟ ਕੀਤਾ ਜਾ ਸਕਦਾ ਹੈ।
ਇਹ ਫੀਚਰ ਉਨ੍ਹਾਂ ਯੂਜ਼ਰਜ਼ ਲਈ ਬੇਹੱਦ ਫਾਇਦੇਮੰਦ ਸਾਬਤ ਹੋਵੇਗਾ ਜੋ ਸੋਸ਼ਲ ਮੀਡੀਆ 'ਤੇ ਜ਼ਿਆਦਾ ਸਰਗਰਮ ਰਹਿੰਦੇ ਹਨ ਅਤੇ ਆਪਣੀ ਪ੍ਰਾਈਵੇਸੀ ਨੂੰ ਲੈ ਕੇ ਬਹੁਤ ਸੁਚੇਤ ਹਨ।
