ਸਾਵਧਾਨ! ਸਮਾਰਟ ਚਸ਼ਮੇ ਬਣ ਰਹੇ ਕੁੜੀਆਂ ਦੀ ਪ੍ਰਾਈਵੇਸੀ ਲਈ ਵੱਡਾ ਖਤਰਾ, ਰਿਕਾਰਡ ਹੋ ਰਹੀਆਂ ਨੇ ਨਿੱਜੀ ਵੀਡੀਓ

Wednesday, Feb 04, 2026 - 01:52 PM (IST)

ਸਾਵਧਾਨ! ਸਮਾਰਟ ਚਸ਼ਮੇ ਬਣ ਰਹੇ ਕੁੜੀਆਂ ਦੀ ਪ੍ਰਾਈਵੇਸੀ ਲਈ ਵੱਡਾ ਖਤਰਾ, ਰਿਕਾਰਡ ਹੋ ਰਹੀਆਂ ਨੇ ਨਿੱਜੀ ਵੀਡੀਓ

ਵੈੱਬ ਡੈਸਕ - ਅਜੋਕੇ ਸਮੇਂ 'ਚ ਤਕਨਾਲੋਜੀ ਨੇ ਜਿੱਥੇ ਜ਼ਿੰਦਗੀ ਨੂੰ ਆਸਾਨ ਬਣਾਇਆ ਹੈ, ਉੱਥੇ ਹੀ ਕੁਝ ਲੋਕਾਂ ਨੇ ਨਵੇਂ ਉਪਕਰਨ, ਖਾਸ ਕਰਕੇ ਔਰਤਾਂ ਦੀ ਨਿੱਜਤਾ ਲਈ ਵੱਡਾ ਖਤਰਾ ਬਣਦੇ ਜਾ ਰਹੇ ਹਨ। ਬਾਜ਼ਾਰ 'ਚ ਆਏ ਨਵੇਂ 'ਸਮਾਰਟ ਗਲਾਸਿਜ਼' ਹੁਣ ਲੋਕਾਂ ਲਈ ਪਰੇਸ਼ਾਨੀ ਅਤੇ ਡਰ ਦਾ ਕਾਰਨ ਬਣ ਰਹੇ ਹਨ, ਕਿਉਂਕਿ ਇਨ੍ਹਾਂ 'ਚ ਛੋਟੇ ਕੈਮਰੇ ਲੁਕੇ ਹੁੰਦੇ ਹਨ, ਜਿਸ ਨਾਲ ਸਾਹਮਣੇ ਵਾਲੇ ਵਿਅਕਤੀ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਸ ਦੀ ਰਿਕਾਰਡਿੰਗ ਕੀਤੀ ਜਾ ਰਹੀ ਹੈ।

ਜਨਤਕ ਥਾਵਾਂ 'ਤੇ ਵਧਿਆ ਖਤਰਾ
ਰਿਪੋਰਟਾਂ ਅਨੁਸਾਰ, ਕੁਝ ਲੋਕ ਇਨ੍ਹਾਂ ਸਮਾਰਟ ਚਸ਼ਮਿਆਂ ਦੀ ਦੁਰਵਰਤੋਂ ਕਰ ਰਹੇ ਹਨ। ਆਪਣੇ ਆਪ ਨੂੰ ਸੋਸ਼ਲ ਮੀਡੀਆ ਕੰਟੈਂਟ ਕ੍ਰਿਏਟਰ ਜਾਂ 'ਪਿਕ-ਅੱਪ ਆਰਟਿਸਟ' ਅਖਵਾਉਣ ਵਾਲੇ ਲੋਕ ਬੱਸ ਸਟਾਪ, ਪਾਰਕ, ਬਾਜ਼ਾਰ, ਬੀਚ ਅਤੇ ਸੜਕਾਂ 'ਤੇ ਔਰਤਾਂ ਨਾਲ ਗੱਲਬਾਤ ਕਰਦੇ ਹਨ ਅਤੇ ਬਿਨਾਂ ਇਜਾਜ਼ਤ ਉਨ੍ਹਾਂ ਦੀ ਵੀਡੀਓ ਰਿਕਾਰਡ ਕਰ ਲੈਂਦੇ ਹਨ। ਬਾਅਦ 'ਚ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤੀਆਂ ਜਾਂਦੀਆਂ ਹਨ, ਜਿੱਥੇ ਲੋਕਾਂ ਵੱਲੋਂ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ। ਕਈ ਵਾਰ ਔਰਤਾਂ ਨੂੰ ਉਦੋਂ ਪਤਾ ਲੱਗਦਾ ਹੈ ਜਦੋਂ ਵੀਡੀਓ ਵਾਇਰਲ ਹੋ ਚੁੱਕੀ ਹੁੰਦੀ ਹੈ।

ਕਾਨੂੰਨ ਦੀ ਘਾਟ ਅਤੇ ਚੁਣੌਤੀਆਂ 
ਮੋਬਾਈਲ ਫੋਨ ਨਾਲ ਰਿਕਾਰਡਿੰਗ ਕਰਨ ਵੇਲੇ ਕੈਮਰਾ ਸਾਹਮਣੇ ਦਿਖਾਈ ਦਿੰਦਾ ਹੈ, ਪਰ ਸਮਾਰਟ ਚਸ਼ਮਿਆਂ 'ਚ ਕੈਮਰਾ ਛੁਪਿਆ ਹੋਣ ਕਾਰਨ ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੁੰਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਅਮਰੀਕਾ, ਬ੍ਰਿਟੇਨ ਅਤੇ ਭਾਰਤ ਵਰਗੇ ਦੇਸ਼ਾਂ 'ਚ ਅਜੇ ਤੱਕ ਪਬਲਿਕ ਥਾਵਾਂ 'ਤੇ ਰਿਕਾਰਡਿੰਗ ਨੂੰ ਲੈ ਕੇ ਕੋਈ ਸਖ਼ਤ ਕਾਨੂੰਨ ਨਹੀਂ ਬਣੇ ਹਨ। ਭਾਰਤ ਦੇ 'ਡਿਜੀਟਲ ਪਰਸਨਲ ਡੇਟਾ ਪ੍ਰੋਟੈਕਸ਼ਨ ਐਕਟ' 'ਚ ਵੀ ਇਸ ਸਬੰਧੀ ਕੋਈ ਸਪੱਸ਼ਟ ਦਿਸ਼ਾ-ਨਿਰਦੇਸ਼ ਨਹੀਂ ਹਨ।

 ਸਾਵਧਾਨੀ 
ਮਾਹਿਰਾਂ ਅਨੁਸਾਰ, ਔਰਤਾਂ ਨੂੰ ਹੁਣ ਜਨਤਕ ਥਾਵਾਂ 'ਤੇ ਜ਼ਿਆਦਾ ਸਤਰਕ ਰਹਿਣ ਦੀ ਲੋੜ ਹੈ। ਲੋਕਾਂ ਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸਮਾਰਟ ਚਸ਼ਮੇ ਕਿਵੇਂ ਦਿਖਾਈ ਦਿੰਦੇ ਹਨ ਤਾਂ ਜੋ ਉਹ ਆਪਣੀ ਸੁਰੱਖਿਆ ਕਰ ਸਕਣ। ਇਸ ਦੇ ਨਾਲ ਹੀ ਸਰਕਾਰ ਨੂੰ ਅਜਿਹੇ ਗੈਰ-ਕਾਨੂੰਨੀ ਕੰਮ ਕਰਨ ਵਾਲਿਆਂ 'ਤੇ ਕਾਰਵਾਈ ਕਰਨ ਲਈ ਸਖ਼ਤ ਨਿਯਮ ਬਣਾਉਣੇ ਚਾਹੀਦੇ ਹਨ ਅਤੇ ਟੈਕਨਾਲੋਜੀ ਕੰਪਨੀਆਂ ਨੂੰ ਅਜਿਹੇ ਫੀਚਰ ਲਿਆਉਣੇ ਚਾਹੀਦੇ ਹਨ ਜਿਸ ਨਾਲ ਰਿਕਾਰਡਿੰਗ ਵੇਲੇ ਸਾਹਮਣੇ ਵਾਲੇ ਨੂੰ ਕੋਈ ਸੰਕੇਤ ਮਿਲ ਸਕੇ।


author

Sunaina

Content Editor

Related News