ਸੈਲਫੀ ਸਟਿੱਕ ਪਿੱਛੋਂ ਆਇਆ ਟਵਿਸਟਿਡ ਐਕਸ਼ਨਕੈਮ, 4K ਵੀਡੀਓ ਬਣਾਉਣ ’ਚ ਕਰੇਗਾ ਮਦਦ
Monday, Oct 15, 2018 - 11:06 AM (IST)

ਗੈਜੇਟ ਡੈਸਕ– ਦੁਨੀਆ ਭਰ ਵਿਚ ਸਮਾਰਟਫੋਨ ਐਕਸੈੱਸਰੀਜ਼ ਦੀ ਧੁੰਮ ਮਚੀ ਹੋਈ ਹੈ। ਸੈਲਫੀ ਸਟਿੱਕ ਪਿੱਛੋਂ ਹੁਣ ਸਮਾਰਟਫੋਨ ਲਈ ਅਜਿਹਾ ਟਵਿਸਟਿਡ ਐਕਸ਼ਨਕੈਮ ਤਿਆਰ ਕੀਤਾ ਗਿਆ ਹੈ, ਜੋ ਬਿਹਤਰੀਨ ਵੀਡੀਓ ਬਣਾਉਣ ’ਚ ਮਦਦ ਕਰੇਗਾ। ਇਸ ਨਾਲ ਫੋਟੋਆਂ ਵੀ ਨਵੇਂ-ਨਵੇਂ ਐਂਗਲ ਤੋਂ ਕਲਿੱਕ ਕਰਨ ਵਿਚ ਮਦਦ ਮਿਲੇਗੀ। ਇਸ ਨੂੰ ਕੈਲੀਫੋਰਨੀਆ ਦੇ ਸ਼ਹਿਰ ਲੇਕ ਫੋਰੈਸਟ ਦੀ ਗੈਜੇਟ ਨਿਰਮਾਤਾ ਕੰਪਨੀ boud ਨੇ ਤਿਆਰ ਕੀਤਾ ਹੈ। Oppy ਨਾਂ ਦੀ ਇਹ ਐਕਸੈੱਸਰੀ ਜਲਦੀ ਹੀ 129 ਡਾਲਰ (ਲਗਭਗ 9,498 ਰੁਪਏ) ਵਿਚ ਵਿਕਰੀ ਲਈ ਮੁਹੱਈਆ ਕਰਵਾਈ ਜਾਵੇਗੀ।
Oppy ਨਾਂ ਦੀ ਇਸ ਸਮਾਰਟਫੋਨ ਐਕਸੈੱਸਰੀ ਨੂੰ ਦੇਖਣ ਵਿਚ ਛੋਟੀ ਬਣਾਇਆ ਗਿਆ ਹੈ ਪਰ ਸੰਭਾਵਨਾ ਹੈ ਕਿ ਇਹ ਤੁਹਾਡੇ ਸਮਾਰਟਫੋਨ ਵਿਚ ਲੱਗੇ ਕੈਮਰੇ ਤੋਂ ਵੀ ਜ਼ਿਆਦਾ ਚੰਗੀ ਕੁਆਲਿਟੀ ਦੇਵੇਗੀ। ਇਨ੍ਹਾਂ ਵਿਚ ਲੱਗੇ ਦੋਵੇਂ ਕੈਮਰਿਆਂ ਨਾਲ 24 ਫਰੇਮ ਪ੍ਰਤੀ ਸੈਕੰਡ ਦੀ ਰਫਤਾਰ ਨਾਲ 4K ਰੈਗੂਲਰ ਮੋਸ਼ਨ ਵੀਡੀਓ ਰਿਕਾਰਡ ਕੀਤੀ ਜਾ ਸਕਦੀ ਹੈ। ਯੂਜ਼ਰ 60 ਫਰੇਮ ਪ੍ਰਤੀ ਸੈਕੰਡ ਦੀ ਰਫਤਾਰ ਨਾਲ 1080 ਪਿਕਸਲਜ਼ ਦੀ ਵੀਡੀਓ ਰਿਕਾਰਡ ਕਰ ਸਕਣਗੇ। ਇਸ ਦੀ ਮਦਦ ਨਾਲ 120 ਫਰੇਮ ਪ੍ਰਤੀ ਸੈਕੰਡ ਦੀ ਰਫਤਾਰ ਨਾਲ 720 ਪਿਕਸਲਜ਼ ਦੀ ਸਲੋਅ ਮੋਸ਼ਨ ਵੀਡੀਓ ਰਿਕਾਰਡ ਕਰਨ ਵਿਚ ਮਦਦ ਮਿਲੇਗੀ।
2 ਕੈਮਰਾ ਲੈਂਜ਼
ਕੰਪਨੀ ਨੇ ਦੱਸਿਆ ਕਿ Oppy ਨਾਂ ਦੀ ਇਸ ਐਕਸੈੱਸਰੀ ਵਿਚ 2 ਕੈਮਰਾ ਲੈਂਜ਼ ਲਾਏ ਗਏ ਹਨ। ਰਾਤ ਵੇਲੇ ਵੀਡੀਓ ਬਣਾਉਣ ਲਈ ਇਸ ਵਿਚ ਮੈਨੁਅਲੀ ਐਕਟੀਵੇਟਿਡ LED ਸਪਾਟਲਾਈਟ ਵੀ ਫਿੱਟ ਕੀਤੀ ਗਈ ਹੈ। ਇਸ ਨੂੰ ਖਾਸ ਤੌਰ ’ਤੇ ਰੀਵਿਊ ਸ਼ਾਟਸ ਤੇ ਲਾਈਵ ਸਟੀਮ ਵੀਡੀਓ ਬਣਾਉਣ ਲਈ ਵਰਤੋਂ ਵਿਚ ਲਿਆਂਦਾ ਜਾਵੇਗਾ।
ਖਿੱਚ ਸਕੋਗੇ 13MP ਦੀਆਂ ਫੋਟੋਆਂ
ਇਸ ਐਕਸੈੱਸਰੀ ਨਾਲ 13 ਮੈਗਾ-ਪਿਕਸਲਜ਼ ਦੀਆਂ ਸਟਿਲ ਫੋਟੋਆਂ ਖਿੱਚੀਆਂ ਜਾ ਸਕਦੀਆਂ ਹਨ। ਇਸ ਨਾਲ ਰਿਕਾਰਡ ਹੋ ਰਹੀ ਵੀਡੀਓ ਤੇ ਫੋਟੋਆਂ ਮਾਈਕ੍ਰੋ USD ਮੈਮਰੀ ਕਾਰਡ ਵਿਚ ਸੇਵ ਹੁੰਦੀਆਂ ਹਨ। ਸੁਰੱਖਿਆ ਲਈ ਇਸ ਨੂੰ ਸਪਲੈਸ਼ ਪਰੂਫ ਬਣਾਇਆ ਗਿਆ ਹੈ ਮਤਲਬ ਵੀਡੀਓ ਬਣਾਉਣ ਵੇਲੇ ਜੇ ਇਸ ’ਤੇ ਪਾਣੀ ਵੀ ਪੈਂਦਾ ਹੈ ਤਾਂ ਇਹ ਐਕਸੈੱਸਰੀ ਖਰਾਬ ਨਹੀਂ ਹੋਵੇਗੀ ਮਤਲਬ ਇਸ ਨੂੰ ਸਮੁੰਦਰੀ ਕੰਢੇ ’ਤੇ ਵੀ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ।
950 -mAh ਦੀ ਬੈਟਰੀ
ਕੰਪਨੀ ਨੇ ਇਸ ਵਿਚ 950-mAh ਦੀ ਲੀਥੀਅਮ ਆਇਨ ਬੈਟਰੀ ਲਾਈ ਹੈ, ਜੋ USB ਪੋਰਟ ਨਾਲ ਚਾਰਜ ਹੁੰਦੀ ਹੈ ਅਤੇ 90 ਮਿੰਟਾਂ ਦਾ ਬੈਟਰੀ ਬੈਕਅੱਪ ਦਿੰਦੀ ਹੈ। ਇਸ ਨੂੰ ਬਲਿਊਟੁੱਥ ਰਾਹੀਂ iOS ਤੇ ਐਂਡ੍ਰਾਇਡ ਸਮਾਰਟਫੋਨਸ ਨਾਲ ਜੋੜ ਕੇ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ।