ਸਾਵਧਾਨ! ਤੁਹਾਡੇ ਫੋਨ ’ਚੋਂ ਹਰ ਮਹੀਨੇ ਚੋਰੀ ਹੋ ਰਿਹੈ 10GB ਡਾਟਾ

03/18/2019 5:08:48 PM

ਗੈਜੇਟ ਡੈਸਕ– ਟੈਲੀਕਾਮ ਕੰਪਨੀਆਂ ’ਚ ਵਧ ਰਹੀ ਮੁਕਾਬਲੇਬਾਜ਼ੀ ਦੇ ਚਲਦੇ ਭਾਰਤ ’ਚ ਇੰਟਰਨੈੱਟ ਡਾਟਾ ਕਾਫੀ ਸਸਤਾ ਹੋ ਗਿਆ ਹੈ। ਅਜਿਹੇ ’ਚ ਜਦੋਂ ਯੂਜ਼ਰਜ਼ ਨੂੰ ਇੰਟਰਨੈੱਟ ਡਾਟਾ ਕਾਫੀ ਜ਼ਿਆਦਾ ਮਿਲ ਰਿਹਾ ਹੈ ਤਾਂ ਉਹ ਆਪਣੇ ਡਾਟਾ ਯੂਸੇਜ਼ ਪੈਟਰਨ ’ਤੇ ਧਿਆਨ ਨਹੀਂ ਦਿੰਦੇ। ਇਕ ਆਨਲਾਈਨ ਫਰਾਡ ਦੇ ਚਲਦੇ ਯੂਜ਼ਰਜ਼ ਦਾ ਕਰੀਬ 10 ਜੀ.ਬੀ. ਮੋਬਾਇਲ ਡਾਟਾ ਗਾਇਬ ਹੋ ਰਿਹਾ ਹੈ ਅਤੇ ਜ਼ਿਆਦਾਤਰ ਯੂਜ਼ਰਜ਼ ਨੂੰ ਇਸ ਦਾ ਪਤਾ ਨਹੀਂ ਚੱਲਦਾ। ਅਜਿਹੇ ’ਚ ਕਿਤੇ ਤੁਸੀਂ ਵੀ ਇਸ ਦਾ ਸ਼ਿਕਾਰ ਤਾਂ ਨਹੀਂ ਹੋ ਰਹੇ, ਇਹ ਸਮਝਣਾ ਜ਼ਰੂਰੀ ਹੈ। 

ਪਿਛਲੇ ਮਹੀਨੇ ਸਾਹਮਣੇ ਆਇਆ ਸੀ ਕਿ ਐਂਡਰਾਇਡ ਯੂਜ਼ਰਜ਼ ਸਿਰਫ ਮੋਬਾਇਲ ਡਾਟਾ ਹੀ ਨਹੀਂ ਗੁਆ ਰਹੇ, ਸਗੋਂ ਇਸ ਦੇ ਚਲਦੇ ਉਨ੍ਹਾਂ ਦੇ ਸਮਾਰਟਫੋਨ ਦੀ ਬੈਟਰੀ ਵੀ ਤੇਜ਼ੀ ਨਾਲ ਖਤਮ ਹੋ ਜਾਂਦੀ ਹੈ। Oracle ਦੇ ਰਿਸਰਚਾਂ ਮੁਤਾਬਕ, ਇਕ ਐਡ ਫਰਾਡ ਕਾਰਨ ਲੱਖਾਂ ਐਂਡਰਾਇਡ ਯੂਜ਼ਰਜ਼ ਦਾ ਢੇਰ ਸਾਰਾ ਮੋਬਾਇਲ ਡਾਟਾ ਕੰਜ਼ਿਊਮ ਹੋਇਆ ਹੈ ਅਤੇ ਡਿਵਾਈਸ ਦੀ ਬੈਟਰੀ ਲਾਈਫ ’ਤੇ ਵ ਇਸ ਨੇ ਅਸਰ ਪਾਇਆ ਹੈ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਕੋਡ ਨੂੰ ‘DrainerBot' ਨਾਂ ਦਿੱਤਾ ਗਿਆ ਹੈ। 

ਪੋਸਟ ਮੁਤਾਬਕ, ਇਹ ਕੋਡ ਯੂਜ਼ਰਜ਼ ਦੀ ਜਾਣਕਾਰੀ ਦੇ ਬਿਨਾਂ ਕਈ ਜੀ.ਬੀ. ਐਡ ਸਮਾਰਟਫੋਨਜ਼ ’ਚ ਡਾਊਨਲੋਡ ਕਰ ਦਿੰਦਾ ਹੈ। ਇਹ ਕੋਡ ਇਨਫੈਕਟਿਡ ਐਪਸ ਦੀ ਮਦਦ ਨਾਲ ਯੂਜ਼ਰਜ਼ ਦਾ ਮੋਬਾਇਲ ਡਾਟਾ ਯੂਜ਼ ਕਰਦਾ ਹੈ। ਓਰੈਕਲ ਦੇ ਰਿਸਰਚਰਾਂ ਨੇ ਦੱਸਿਆ ਕਿ ਸੈਂਕੜੇ ਐਂਡਰਾਇਡ ਐਪਸ ਅਜਿਹੇ ਹਨ ਜਿਨ੍ਹਾਂ ਨੂੰ ਇਕ ਕਰੋੜ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਗਿਆ ਹੈ ਅਤੇ ਇਹ ਐਪਸ ਇਸ ਕੋਡ ਨਾਲ ਇਨਫੈਕਟਿਡ ਹਨ। ਇਹ ਐਡ ਫਰਾਡ ਹਰ ਮਹੀਨੇ ਕਰੀਬ 10 ਜੀ.ਬੀ. ਤਕ ਡਾਟਾ ਕੰਜ਼ਿਊਮ ਕਰ ਰਿਹਾ ਸੀ।

ਇਸ ਬੋਟ ਕੋਡ ਨਾਲ ਡਚ ਕੰਪਨੀ Tapcore ਦਾ ਪਤਾ ਲੱਗਾ ਹੈ। Tapcore ਨੇ ਇਸ ਨਾਲ ਜੁੜੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਇਹ ਸਾਰੇ ਐਪ ਹੁਣ ਤਕ ਗੂਗਲ ਪਲੇਅ ਸਟੋਰ ’ਤੇ ਉਪਲੱਬਧ ਸਨ ਅਤੇ ਓਰੈਕਲ ਦੇ ਮਾਰਕ ਕਰਨ ਤੋਂ ਬਾਅਦ ਗੂਗਲ ਨੇ ਪਲੇਅ ਸਟੋਰ ’ਤੇ ਇਨ੍ਹਾਂ ਐਪਸ ਨੂੰ ਬਲੈਕਲਿਸਟ ਕਰ ਦਿੱਤਾ ਹੈ। ਹਾਲਾਂਕਿ ਓਰੈਕਲ ਦਾ ਕਹਿਣਾ ਹੈ ਕਿ ਹੁਣ ਵੀ ਅਜਿਹੇ ਕਈ ਐਪਸ ਪਲੇਅ ਸਟੋਰ ’ਤੇ ਉਪਲੱਬਧ ਹਨ। 

ਓਰੈਕਲ ਨੇ ਆਪਣੇ ਵਲੋਂ ਇਸ ਤੋਂ ਬਚਣ ਲਈ ਕੁਝ ਟਿਪਸ ਦਿੱਤੇ ਹਨ ਜੋ ਆਪਨੂੰ ਧਿਆਨ ’ਚ ਰੱਖਣੇ ਚਾਹੀਦੇ ਹਨ। ਕੰਪਨੀ ਨੇ ਕੁਝ ਐਪਸ ਬਾਰੇ ਦੱਸਿਆ ਹੈ ਜੋ ਇਸ ਨਾਲ ਇਫੈਕਟਿਡ ਹਨ। ਇਨ੍ਹਾਂ ’ਚ ਕਲੈਸ਼ ਆਫ ਕਲੈਨਸ, ਸਾਲੀਟਾਇਰ 4 ਸੀਜਨਸ, ਪਰਫੈਕਟ 365 ਵਰਗੇ ਐਪਸ਼ਨ ਸ਼ਾਮਲ ਹਨ। ਇਸ ਤੋਂ ਇਲਾਵਾ ਇਸ ਗੱਲ ਦਾ ਧਿਆਨ ਰੱਖੋ ਕਿ ਕੀ ਬਿਨਾਂ ਜ਼ਿਆਦਾ ਇਸਤੇਮਾਲ ਕੀਤੇ ਵੀ ਤੁਹਾਡੇ ਫੋਨ ਦੀ ਬੈਟਰੀ ਖਤਮ ਹੋ ਰਹੀ ਹੈ ਜਾਂ ਫੋਨ ਗਰਮ ਹੋ ਰਿਹਾ ਹੈ। ਕਿਸੇ ਐਪ ਨੂੰ ਡਾਊਨਲੋਡ ਕਰਨ ਤੋਂ ਬਾਅਦ ਜੇਕਰ ਤੁਹਾਡਾ ਡਾਟਾ ਜ਼ਿਆਦਾ ਖਰਚ ਹੋ ਰਿਹਾ ਹੈ ਤਾਂ ਹੋ ਸਕਦਾ ਹੈ ਕਿ ਤੁਸੀਂ ਇਸ ਫਰਾਡ ਦੇ ਸ਼ਿਕਾਰ ਹੋਵੋ। 


Related News