ਕਿਤੇ ਫਟ ਨਾ ਜਾਵੇ ਤੁਹਾਡਾ ਫੋਨ! ਚਾਰਜਰ ''ਤੇ ਲਿਖੇ ''R'' ਕੋਡ ਦਾ ਇਹ ਸੱਚ ਜਾਣ ਕੇ ਉੱਡ ਜਾਣਗੇ ਹੋਸ਼
Saturday, Apr 11, 2026 - 01:55 PM (IST)
ਗੈਜੇਟ ਡੈਸਕ - ਅੱਜ-ਕੱਲ੍ਹ ਜ਼ਿਆਦਾਤਰ ਸਮਾਰਟਫੋਨ ਕੰਪਨੀਆਂ ਨੇ ਡੱਬੇ 'ਚੋਂ ਚਾਰਜਰ ਦੇਣਾ ਬੰਦ ਕਰ ਦਿੱਤਾ ਹੈ। ਅਜਿਹੇ 'ਚ ਜਦੋਂ ਤੁਸੀਂ ਨਵਾਂ ਚਾਰਜਰ ਖਰੀਦਣ ਬਾਜ਼ਾਰ ਜਾਂਦੇ ਹੋ, ਤਾਂ ਅਸਲੀ ਅਤੇ ਨਕਲੀ ਦੀ ਪਛਾਣ ਕਰਨਾ ਇਕ ਵੱਡੀ ਚੁਣੌਤੀ ਬਣ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਚਾਰਜਰ ਦੇ ਪਿੱਛੇ ਲਿਖਿਆ ਇਕ ਛੋਟਾ ਜਿਹਾ 'R-Number' ਤੁਹਾਨੂੰ ਵੱਡੇ ਨੁਕਸਾਨ ਤੋਂ ਬਚਾ ਸਕਦਾ ਹੈ?
ਕੀ ਹੈ ਇਸ 'R' ਕੋਡ ਦਾ ਰਾਜ਼?
ਜੇਕਰ ਤੁਸੀਂ ਚਾਰਜਰ ਨੂੰ ਪਲਟ ਕੇ ਦੇਖੋਗੇ, ਤਾਂ ਉਸ 'ਤੇ 'R' ਨਾਲ ਸ਼ੁਰੂ ਹੋਣ ਵਾਲਾ ਇਕ ਕੋਡ (ਜਿਵੇਂ R-XXXXXXXX) ਅਤੇ BIS ਦਾ ਲੋਗੋ ਦਿਖਾਈ ਦੇਵੇਗਾ। ਇਹ ਕੋਈ ਸਾਧਾਰਨ ਨੰਬਰ ਨਹੀਂ, ਸਗੋਂ ਬਿਊਰੋ ਆਫ ਇੰਡੀਅਨ ਸਟੈਂਡਰਡਜ਼ ਵੱਲੋਂ ਜਾਰੀ ਕੀਤਾ ਗਿਆ ਇਕ ਅਧਿਕਾਰਤ ਰਜਿਸਟ੍ਰੇਸ਼ਨ ਕੋਡ ਹੈ। ਇਹ ਕੋਡ ਦਰਸਾਉਂਦਾ ਹੈ ਕਿ ਚਾਰਜਰ ਨੂੰ ਭਾਰਤ ਸਰਕਾਰ ਦੇ ਸਖ਼ਤ ਸੁਰੱਖਿਆ ਮਾਪਦੰਡਾਂ 'ਤੇ ਟੈਸਟ ਕੀਤਾ ਗਿਆ ਹੈ। ਇਸਦਾ ਮਤਲਬ ਹੈ ਕਿ ਚਾਰਜਰ ਓਵਰਹੀਟਿੰਗ, ਸ਼ਾਰਟ-ਸਰਕਟ ਅਤੇ ਹਾਈ-ਵੋਲਟੇਜ ਵਰਗੀਆਂ ਸਮੱਸਿਆਵਾਂ ਨਾਲ ਨਜਿੱਠਣ ਦੇ ਸਮਰੱਥ ਹੈ।
ਨਕਲੀ ਚਾਰਜਰ ਕਿਉਂ ਹੈ ਖ਼ਤਰਨਾਕ?
ਬਿਨਾਂ R-Number ਵਾਲਾ ਸਸਤਾ ਚਾਰਜਰ ਤੁਹਾਡੇ ਲਈ ਮਹਿੰਗਾ ਸਾਬਤ ਹੋ ਸਕਦਾ ਹੈ:
ਬੈਟਰੀ ਧਮਾਕਾ
- ਘਟੀਆ ਪੁਰਜ਼ਿਆਂ ਕਾਰਨ ਚਾਰਜਰ ਜਾਂ ਫੋਨ ਦੀ ਬੈਟਰੀ ਫਟ ਸਕਦੀ ਹੈ।
ਸਲੋ ਚਾਰਜਿੰਗ
- ਇਹ ਚਾਰਜਰ ਤੁਹਾਡੇ ਫੋਨ ਨੂੰ ਨੁਕਸਾਨ ਪਹੁੰਚਾਉਂਦੇ ਹਨ, ਜਿਸ ਨਾਲ ਬੈਟਰੀ ਬੈਕਅਪ ਘੱਟ ਜਾਂਦਾ ਹੈ।
ਕਰੰਟ ਦਾ ਖ਼ਤਰਾ
- ਇਨਸੂਲੇਸ਼ਨ ਖਰਾਬ ਹੋਣ ਕਾਰਨ ਤੁਹਾਨੂੰ ਬਿਜਲੀ ਦਾ ਝਟਕਾ ਲੱਗ ਸਕਦਾ ਹੈ।
ਅਸਲੀ ਅਤੇ ਨਕਲੀ ਦੀ ਪਛਾਣ ਕਿਵੇਂ ਕਰੀਏ?
ਨਕਲੀ ਚਾਰਜਰ ਬਣਾਉਣ ਵਾਲੇ ਅਕਸਰ ਫਰਜ਼ੀ BIS ਲੋਗੋ ਲਗਾ ਦਿੰਦੇ ਹਨ, ਪਰ ਤੁਸੀਂ ਇਸ ਦੀ ਸੱਚਾਈ ਮਿੰਟਾਂ 'ਚ ਜਾਣ ਸਕਦੇ ਹੋ:
BIS Care App
- ਆਪਣੇ ਫੋਨ 'ਚ ਇਹ ਸਰਕਾਰੀ ਐਪ ਡਾਊਨਲੋਡ ਕਰੋ।
Verify R-No
- ਐਪ 'ਚ 'Verify R-No' ਵਾਲੇ ਸੈਕਸ਼ਨ ਵਿੱਚ ਜਾਓ।
ਵੇਰਵੇ ਦੇਖੋ
- ਚਾਰਜਰ 'ਤੇ ਲਿਖਿਆ 'R' ਕੋਡ ਦਰਜ ਕਰੋ। ਜੇਕਰ ਚਾਰਜਰ ਅਸਲੀ ਹੈ, ਤਾਂ ਨਿਰਮਾਤਾ ਦਾ ਨਾਮ, ਬ੍ਰਾਂਡ ਅਤੇ ਉਤਪਾਦ ਦੀ ਪੂਰੀ ਜਾਣਕਾਰੀ ਤੁਹਾਡੇ ਸਾਹਮਣੇ ਆ ਜਾਵੇਗੀ।
ਅਗਲੀ ਵਾਰ ਚਾਰਜਰ ਖਰੀਦਦੇ ਸਮੇਂ ਉਸ ਦੀ ਚਮਕ-ਧਮਕ ਜਾਂ ਘੱਟ ਕੀਮਤ 'ਤੇ ਨਾ ਜਾਓ। ਚਾਰਜਰ ਦੇ ਪਿੱਛੇ R-Number ਜ਼ਰੂਰ ਚੈੱਕ ਕਰੋ। ਇਹ ਛੋਟਾ ਜਿਹਾ ਕਦਮ ਤੁਹਾਡੇ ਕੀਮਤੀ ਫੋਨ ਅਤੇ ਤੁਹਾਡੀ ਸੁਰੱਖਿਆ, ਦੋਵਾਂ ਲਈ ਬਹੁਤ ਜ਼ਰੂਰੀ ਹੈ।
