ਇੰਟਰਨੈੱਟ ਟ੍ਰੈਫਿਕ ਹਾਈਜੈਕ! Google ਦੀਆਂ ਸੇਵਾਵਾਂ ’ਚ ਆਈ ਰੁਕਾਵਟ

11/13/2018 5:48:43 PM

ਜਲੰਧਰ– ਸੋਮਵਾਰ ਨੂੰ ਇੰਟਰਨੈੱਟ ਟ੍ਰੈਫਿਕ ਹਾਈਜੈੱਕ ਹੋ ਗਈ, ਜਿਸ ਕਾਰਨ ਗੂਗਲ ਦੀਆਂ ਕਈ ਮਹੱਤਵਪੂਰਨ ਸੇਵਾਵਾਂ ਪ੍ਰਭਾਵਿਤ ਹੋਈਆਂ। ਕੁਝ ਗੂਗਲ ਯੂਜ਼ਰਜ਼ ਨੇ ਦੱਸਿਆ ਕਿ ਯੂਟਿਊਬ ਵਰਗੀਆਂ ਕਈ ਗੂਗਲ ਸੇਵਾਵਾਂ ਜਾਂ ਤਾਂ ਬਹੁਤ ਸਲੋਅ ਚੱਲ ਰਹੀਆਂ ਸਨ ਜਾਂ ਬਿਲਕੁਲ ਬੰਦ ਪਈਆਂ ਸਨ। ਇਸ ਤੋਂ ਇਲਾਵਾ ਸਰਚ ਅਤੇ ਕਲਾਊਡ ਹੋਸਟਿੰਗ ਵਰਗੀਆਂ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ। ਇੰਟਰਨੈੱਟ ਦੀ ਮਾਨੀਟਰਿੰਗ ਕਰਨ ਵਾਲੀਆਂ ਕੰਪਨੀਆਂ ਮੁਤਾਬਕ, ਇਹ ਸਾਰੀਆਂ ਸੇਵਾਵਾਂ ਕਰੀਬ 2 ਘੰਟੇ ਤਕ ਪ੍ਰਭਾਵਿਤ ਰਹੀਆਂ ਅਤੇ ਸ਼ਾਮ ਨੂੰ ਕਰੀਬ ਸਾਢੇ ਪੰਜ ਵਜੇ (ਸਥਾਨਕ ਸਮੇਂ ਮੁਤਾਬਕ) ਜਾ ਕੇ ਚਾਲੂ ਹੋ ਸਕੀਆਂ। 

ਮੰਨਿਆ ਜਾ ਰਿਹਾ ਹੈ ਕਿ ਅਜਿਹਾ ਚੀਨ, ਨਾਈਜੀਰੀਆ ਅਤੇ ਰੂਸ ਵਰਗੇ ਦੇਸ਼ਾਂ ’ਚ ਇੰਟਰਨੈੱਟ ਟ੍ਰੈਫਿਕ ਦੀ ਦਿਸ਼ਾ ’ਚ ਤਬਦੀਲੀ (misdirected) ਕਾਰਨ ਹੋਇਆ। ਗੂਗਲ ਦੀਆਂ ਸੇਵਾਵਾਂ ਤਕ ਪਹੁੰਚਣ ਵਾਲੇ ਡਾਟਾ ਟ੍ਰੈਫਿਕ ਦਾ ਮਾਰਗ ਬਦਲ ਕੇ ਰੂਸ ਅਤੇ ਚੀਨ ਦੇ ਨੈੱਟਵਰਕਾਂ ’ਤੇ ਆਉਣ ਕਾਰਨ ਗੂਗਲ ਦੀਆਂ ਕੁਝ ਸੇਵਾਵਾਂ ਬੰਦ ਹੋ ਗਈਆਂ। ਇਸ ਮਾਮਲੇ ’ਚ ਰੂਸੀ ਅਤੇ ਚੀਨੀ ਟੈਲੀਕਾਮ ਕੰਪਨੀਆਂ ਤੋਂ ਇਲਾਵਾ ਇਕ ਨਾਈਜੀਰੀਆਈ ਇੰਟਰਨੈੱਟ ਕੰਪਨੀ ਦਾ ਨਾਂ ਸਾਹਮਣੇ ਆਇਆ ਹੈ।

PunjabKesari

ਗੂਗਲ ਨੇ ਸੋਮਵਾਰ ਨੂੰ ਹੀ ਆਪਣੇ ਅਧਿਕਾਰਤ ਪੇਜ ’ਤੇ ਆਪਣੀਆਂ ਸੇਵਾਵਾਂ ’ਚ ਪੈਦਾ ਹੋਈ ਰੁਕਾਵਟ ਬਾਰੇ ਜਾਣਕਾਰੀ ਦਿੱਤੀ ਸੀ। ਨੈੱਟਵਰਕ ਇੰਟੈਲੀਜੈਂਸ ਕੰਪਨੀ ThousandEyes ਦੇ ਇਕ ਐਗਜ਼ੀਕਿਊਟਿਵ ਮੁਤਾਬਕ ਇਹ ਹਾਈਜੈੱਕ ਬੇਹੱਦ ਬੁਰਾ ਸੀ, ਜਿਸ ਨੇ ਗੂਗਲ ਨੂੰ ਬੇਹੱਦ ਨੁਕਸਾਨ ਪਹੁੰਚਾਇਆ। ਇਸ ਤਰ੍ਹਾਂ ਦੇ ਦਿਸ਼ਾ ਪਰਿਵਰਤਨ (rerouting) ਕਾਰਨ ਜਾਸੂਸੀ ਅਤੇ ਚੋਰੀ ਵੀ ਹੋ ਸਕਦੀ ਹੈ।

ਦੱਸ ਦੇਈਏ ਕਿ ਓਪਚਾਰਿਕ ਤੌਰ ’ਤੇ ਬਾਰਡਰ ਗੇਟਵੇਅ ਪ੍ਰੋਟੋਕੋਲ ਹਾਈਜੈਕਿੰਗ ਦੇ ਤੌਰ ’ਤੇ ਜਾਣੀ ਜਾਣ ਵਾਲੀ ਇਸ ਪ੍ਰਕਿਰਿਆ ਰਾਹੀਂ ਜ਼ਰੂਰੀ ਸੇਵਾਵਾਂ ਨੂੰ ਆਫਲਾਈਨ ਕਰਕੇ ਜਾਸੂਸੀ ਅਤੇ ਵਿੱਤੀ ਚੋਰੀ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹਾਲਾਂਕਿ, ਗੂਗਲ ਸੇਵਾਵਾਂ ਤਕ ਪਹੁੰਚਣ ਵਾਲਾ 97 ਫੀਸਦੀ ਨੈੱਟਵਰਕ ਐਨਕ੍ਰਿਪਟਿਡ ਹੈ ਜੋ ਦਿਸ਼ਾ ਪਰਿਵਰਤਨ ਹੋਣ ਦੇ ਬਾਵਜੂਦ ਕਿਸੇ ਤਰ੍ਹਾਂ ਦੇ ਖਤਰੇ ਤੋਂ ਬਚਿਆ ਰਹਿੰਦਾ ਹੈ। 


Related News