ਨਵੀਂ 'ਜੰਗ' ਦੀ ਤਿਆਰੀ 'ਚ ਹੈ ਅਮਰੀਕਾ ? ਪੈਂਟਾਗਨ, Nvidia ਤੇ Microsoft ਵਿਚਾਲੇ ਹੋਇਆ ਵੱਡਾ AI ਸਮਝੌਤਾ!

Saturday, May 02, 2026 - 12:49 PM (IST)

ਨਵੀਂ 'ਜੰਗ' ਦੀ ਤਿਆਰੀ 'ਚ ਹੈ ਅਮਰੀਕਾ ?  ਪੈਂਟਾਗਨ, Nvidia ਤੇ Microsoft ਵਿਚਾਲੇ ਹੋਇਆ ਵੱਡਾ AI ਸਮਝੌਤਾ!

ਗੈਜੇਟ ਡੈਸਕ - ਅਮਰੀਕਾ ਹੁਣ ਆਉਣ ਵਾਲੇ ਸਮੇਂ ਦੀਆਂ ਜੰਗਾਂ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (AI) 'ਤੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਭਰੋਸਾ ਕਰ ਰਿਹਾ ਹੈ। ਪੈਂਟਾਗਨ (ਅਮਰੀਕੀ ਰੱਖਿਆ ਵਿਭਾਗ) ਨੇ ਨਵੀਡੀਆ, ਮਾਈਕਰੋਸਾਫਟ, ਐਮਾਜ਼ਾਨ ਅਤੇ ਓਰੇਕਲ ਵਰਗੀਆਂ ਦੁਨੀਆ ਦੀਆਂ ਦਿੱਗਜ ਤਕਨੀਕੀ ਕੰਪਨੀਆਂ ਨਾਲ ਇਕ ਬਹੁਤ ਵੱਡਾ ਅਤੇ ਅਹਿਮ ਸਮਝੌਤਾ ਕੀਤਾ ਹੈ। ਇਸ ਸੌਦੇ ਦੇ ਤਹਿਤ, ਹੁਣ ਇਨ੍ਹਾਂ ਕੰਪਨੀਆਂ ਦੀ ਤਕਨੀਕ ਦੀ ਵਰਤੋਂ ਅਮਰੀਕੀ ਸੈਨਾ ਦੇ ਸਭ ਤੋਂ ਗੁਪਤ ਅਤੇ ਸੰਵੇਦਨਸ਼ੀਲ ਮਿਸ਼ਨਾਂ 'ਚ ਕੀਤੀ ਜਾਵੇਗੀ।

ਸਭ ਤੋਂ ਸੁਰੱਖਿਅਤ ਮਿਲਟਰੀ ਨੈੱਟਵਰਕ ਤੱਕ ਹੋਵੇਗੀ ਪਹੁੰਚ
ਸੂਤਰਾਂ ਅਨੁਸਾਰ, ਪੈਂਟਾਗਨ ਨੇ ਇਨ੍ਹਾਂ ਕੰਪਨੀਆਂ ਨੂੰ ਅਮਰੀਕਾ ਦੇ ਸਭ ਤੋਂ ਉੱਚ ਪੱਧਰੀ ਗੁਪਤ ਨੈੱਟਵਰਕਾਂ 'ਇੰਪੈਕਟ ਲੈਵਲ 6' ਅਤੇ 'ਇੰਪੈਕਟ ਲੈਵਲ 7' 'ਤੇ ਆਪਣੀ ਏਆਈ ਤਕਨੀਕ ਤਾਇਨਾਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਉਹ ਨੈੱਟਵਰਕ ਹਨ ਜਿੱਥੇ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਬੇਹੱਦ ਖੁਫੀਆ ਡਾਟਾ ਅਤੇ ਮਹੱਤਵਪੂਰਨ ਫੌਜੀ ਆਪਰੇਸ਼ਨਾਂ ਦੀ ਜਾਣਕਾਰੀ ਹੁੰਦੀ ਹੈ। ਅਮਰੀਕੀ ਰੱਖਿਆ ਵਿਭਾਗ ਦਾ ਮੰਨਣਾ ਹੈ ਕਿ ਸੈਨਾ ਨੂੰ “ਏਆਈ-ਫਰਸਟ ਫਾਈਟਿੰਗ ਫੋਰਸ” ਬਣਾਉਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ।

ਜੰਗ ਦੇ ਮੈਦਾਨ 'ਚ ਕਿਵੇਂ ਹੋਵੇਗੀ ਵਰਤੋਂ?
ਇਸ ਸਮਝੌਤੇ ਤੋਂ ਬਾਅਦ ਏਆਈ ਦੀ ਵਰਤੋਂ ਕਈ ਅਹਿਮ ਫੌਜੀ ਕੰਮਾਂ 'ਚ ਕੀਤੀ ਜਾਵੇਗੀ :-

ਤੇਜ਼ੀ ਨਾਲ ਫੈਸਲੇ ਲੈਣਾ
 ਜੰਗ ਦੇ ਮੈਦਾਨ 'ਚ ਹਾਲਾਤ ਨੂੰ ਦੇਖਦੇ ਹੋਏ ਮਸ਼ੀਨਾਂ ਤੇਜ਼ੀ ਨਾਲ ਰਣਨੀਤੀ ਬਣਾਉਣ 'ਚ ਮਦਦ ਕਰਨਗੀਆਂ।

ਡਾਟਾ ਵਿਸ਼ਲੇਸ਼ਣ
 ਵਿਸ਼ਾਲ ਡਾਟਾ ਅਤੇ ਖੁਫੀਆ ਜਾਣਕਾਰੀਆਂ ਦਾ ਵਿਸ਼ਲੇਸ਼ਣ ਕਰਕੇ ਅਸਲ ਸਮੇਂ 'ਚ ਸਹੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।

ਗੁਪਤ ਮਿਸ਼ਨ
 ਅਮਰੀਕੀ ਸਰਕਾਰ ਨੂੰ ਗੁਪਤ ਫੌਜੀ ਮੁਹਿੰਮਾਂ 'ਚ ਇਨ੍ਹਾਂ ਤਕਨੀਕਾਂ ਦੀ ਵਰਤੋਂ ਕਰਨ ਦੀ ਪੂਰੀ ਖੁੱਲ੍ਹ ਹੋਵੇਗੀ।

ਵਧਦੀ ਨਿਰਭਰਤਾ 'ਤੇ ਉੱਠ ਰਹੇ ਨੇ ਸਵਾਲ
ਹਾਲਾਂਕਿ ਇਹ ਕਦਮ ਅਮਰੀਕਾ ਦੀ ਫੌਜੀ ਤਾਕਤ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਵੇਗਾ, ਪਰ ਮਾਹਿਰਾਂ ਨੇ ਇਸ 'ਤੇ ਚਿੰਤਾ ਵੀ ਜਤਾਈ ਹੈ। ਕਈ ਮਾਹਰਾਂ ਦਾ ਕਹਿਣਾ ਹੈ ਕਿ ਜੀਵਨ ਅਤੇ ਮੌਤ ਨਾਲ ਜੁੜੇ ਫੈਸਲਿਆਂ 'ਚ ਮਸ਼ੀਨਾਂ (AI) 'ਤੇ ਬਹੁਤ ਜ਼ਿਆਦਾ ਨਿਰਭਰਤਾ ਖਤਰਨਾਕ ਹੋ ਸਕਦੀ ਹੈ ਕਿਉਂਕਿ ਏਆਈ ਸਿਸਟਮ ਵੀ ਗਲਤੀਆਂ ਕਰ ਸਕਦੇ ਹਨ। 

ਇਹ ਵੀ ਦੱਸਣਯੋਗ ਹੈ ਕਿ ਇਸ ਸਮਝੌਤੇ 'ਚ ਸਾਫ ਲਿਖਿਆ ਗਿਆ ਹੈ ਕਿ ਇਨ੍ਹਾਂ ਕੰਪਨੀਆਂ ਕੋਲ ਸਰਕਾਰ ਦੁਆਰਾ ਕੀਤੇ ਜਾਣ ਵਾਲੇ ਇਸ ਦੇ ਉਪਯੋਗ ਨੂੰ ਰੋਕਣ ਦਾ ਕੋਈ ਅਧਿਕਾਰ ਨਹੀਂ ਹੋਵੇਗਾ, ਹਾਲਾਂਕਿ ਇਸ ਦੀ ਵਰਤੋਂ ਘਰੇਲੂ ਪੱਧਰ 'ਤੇ ਲੋਕਾਂ ਦੀ ਨਿਗਰਾਨੀ ਲਈ ਨਹੀਂ ਕੀਤੀ ਜਾਵੇਗੀ। ਪੈਂਟਾਗਨ ਦੇ ਇਸ ਕਦਮ ਨੇ ਦੁਨੀਆ ਭਰ 'ਚ ਇਕ ਨਵੀਂ ਬਹਿਸ ਛੇੜ ਦਿੱਤੀ ਹੈ ਕਿ ਕੀ ਅਸੀਂ ਏਆਈ-ਅਧਾਰਿਤ ਜੰਗ ਦੇ ਯੁੱਗ 'ਚ ਦਾਖਲ ਹੋ ਰਹੇ ਹਾਂ।


author

Sunaina

Content Editor

Related News