ਗੂਗਲ ਪਲੇਅ ਸਟੋਰ ''ਤੇ ਫਿਰ ਮਿਲੇ ਮਾਲਵੇਅਰ ਵਾਲੇ ਐਪਸ, ਭਾਰਤੀ ਯੂਜ਼ਰਜ਼ ਨੂੰ ਬਣਾ ਰਹੇ ਨਿਸ਼ਾਨਾ

Wednesday, Jun 21, 2023 - 01:32 PM (IST)

ਗੂਗਲ ਪਲੇਅ ਸਟੋਰ ''ਤੇ ਫਿਰ ਮਿਲੇ ਮਾਲਵੇਅਰ ਵਾਲੇ ਐਪਸ, ਭਾਰਤੀ ਯੂਜ਼ਰਜ਼ ਨੂੰ ਬਣਾ ਰਹੇ ਨਿਸ਼ਾਨਾ

ਗੈਜੇਟ ਡੈਸਕ- ਸਾਈਬਰ ਸਕਿਓਰਿਟੀ ਫਰਮ CYFIRMA ਦੀ ਇਕ ਰਿਪੋਰਟ ਮੁਤਾਬਕ, ਗੂਗਲ ਪਲੇਅ ਸਟੋਰ 'ਤੇ ਕਈ ਅਜਿਹੇ ਐਪਸ ਦੀ ਪਛਾਣ ਹੋਈ ਹੈ ਜੋ ਕਿ ਮਾਲਵੇਅਰ ਨਾਲ ਲੈਸ ਹਨ। ਇਨ੍ਹਾਂ ਮਾਲਵੇਅਰ ਵਾਲੇ ਐਪਸ ਨੂੰ “SecurITY Industry” ਦੇ ਅਕਾਊਂਟ ਤੋਂ ਪਬਲਿਸ਼ ਕੀਤਾ ਗਿਆ ਹੈ। ਇਸ ਡਿਵੈਲਪਰ ਦੇ ਕਈ ਸਾਰੇ ਐਪਸ 'ਚ ਮਾਲਵੇਅਰ ਹਨ। ਇਨ੍ਹਾਂ ਮਾਲਵੇਅਰ ਦਾ ਕੁਨੈਕਸ਼ਨ ਇਕ ਹੈਕਰ ਗਰੁਪ DoNot ਨਾਲ ਵੀ ਹੈ। ਇਸੇ ਗਰੁਪ ਨੇ ਪਹਿਲਾਂ ਜੰਮੂ-ਕਸ਼ਮੀਰ 'ਚ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਸੀ। ਹੁਣ ਇਹ ਗਰੁਪ ਪਾਕਿਸਤਾਨ ਅਤੇ ਭਾਰਤ ਦੇ ਹੋਰ ਹਿੱਸਿਆਂ 'ਚ ਸਰਗਰਮ ਹੋ ਰਿਹਾ ਹੈ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਜਿਨ੍ਹਾਂ ਐਪਸ 'ਚ ਮਾਲਵੇਅਰ ਮਿਲਿਆ ਹੈ, ਉਨ੍ਹਾਂ 'ਚ Device Basic Plus, nSure Chat ਅਤੇ iKHfaa VPN ਦੇ ਨਾਂ ਸ਼ਾਮਲ ਹਨ। nSure Chat ਅਤੇ iKHfaa VPN ਨੂੰ ਖਾਸਤੌਰ 'ਤੇ ਮਾਲਵੇਅਰ ਲਈ ਹੀ ਡਿਜ਼ਾਈਨ ਕੀਤਾ ਗਿਆ ਹੈ। ਇਹ ਐਪਸ ਯੂਜ਼ਰਜ਼ ਦੀ ਜਾਣਕਾਰੀ ਦੇ ਬਿਨਾਂ ਉਸਦੇ ਫੋਨ ਦੇ ਕਾਨਟੈਕਟ, ਲੋਕੇਸ਼ਨ ਅਤੇ ਮੈਸੇਜ ਵਰਗੀ ਜ਼ਰੂਰੀ ਜਾਣਕਾਰੀ ਇਕੱਠੀ ਕਰਦੇ ਹਨ। iKHfaa VPN ਯੂਜ਼ਰਜ਼ ਨੂੰ ਥਰਡ ਪਾਰਟੀ ਸਾਈਟ 'ਤੇ ਰੀਡਾਇਰੈਕਟ ਕਰਦਾ ਹੈ।

ਇਹ ਐਪਸ AES/CBC/PKCS5PADDING ਐਨਕ੍ਰਿਪਸ਼ਨ ਦਾ ਇਸਤੇਮਾਲ ਕਰਦੇ ਹਨ। ਇਨ੍ਹਾਂ ਐਪਸ ਦਾ ਐਨਕ੍ਰਿਪਸ਼ਨ ਪਹਿਲਾਂ ਵਾਲੇ ਮਾਲਵੇਅਰ ਐਪਸ ਵਰਗਾ ਹੀ ਹੈ, ਹਾਲਾਂਕਿ ਇਸ ਮਾਲਵੇਅਰ ਨਾਲ ਕਿੰਨੇ ਲੋਕ ਪ੍ਰਭਾਵਿਤ ਹੋਏ ਹਨ, ਇਸਦੀ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਕਈ ਯੂਜ਼ਰਜ਼ ਵਟਸਐਪ ਗੋਲਡ ਐਪ ਦਾ ਇਸਤੇਮਾਲ ਕਰਦੇ ਹਨ। ਅਜਿਹੇ ਯੂਜ਼ਰਜ਼ ਦੇ ਫੋਨ 'ਚ ਇਨ੍ਹਾਂ ਮਾਲਵੇਅਰ ਐਪਸ ਦਾ ਪਹੁੰਚਣਾ ਆਸਾਨ ਹੋ ਜਾਂਦਾ ਹੈ।

ਦੱਸ ਦੇਈਏ ਕਿ ਸ਼ੁਰੂਆਤ 'ਚ ਹੀ ਕਰੀਬ 60,000 ਅਜਿਹੇ ਐਂਡਰਾਇਡ ਐਪਸ ਦੀ ਪਛਾਣ ਹੋਈ ਹੈ ਜਿਨ੍ਹਾਂ 'ਚ ਮਾਲਵੇਅਰ ਹੈ। ਇਸਦੀ ਜਾਣਕਾਰੀ Bitdefender ਨੇ ਆਪਣੀ ਇਕ ਰਿਪੋਰਟ 'ਚ ਦਿੱਤੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਐਪਸ 'ਚ ਮਾਲਵੇਅਰ ਪਿਛਲੇ 6 ਮਹੀਨਿਆਂ ਤੋਂ ਮੌਜੂਦ ਹੈ ਪਰ ਇਸਦੀ ਪਛਾਣ ਨਹੀਂ ਹੋ ਪਾ ਰਹੀ ਸੀ। ਇਨ੍ਹਾਂ ਮਾਲਵੇਅਰ ਨੂੰ ਪੈਸੇ ਠੱਗਣ ਦੇ ਹਿਸਾਬ ਨਾਲ ਡਿਜ਼ਾਈਨ ਕੀਤਾ ਗਿਆ ਹੈ।


author

Rakesh

Content Editor

Related News