25 ਹਜ਼ਾਰ ਰੁਪਏ ਤੋਂ ਸਸਤਾ ਹੋਵੇਗਾ Oneplus Z, ਆਈਫੋਨ SE ਨੂੰ ਮਿਲੇਗੀ ਟੱਕਰ
Monday, Jun 22, 2020 - 11:54 AM (IST)

ਗੈਜੇਟ ਡੈਸਕ– ਵਨਪਲੱਸ ਘੱਟ ਕੀਮਤ ਵਾਲਾ ਸਮਾਰਟਫੋਨ ਲਿਆਉਣ ਜਾ ਰਹੀ ਹੈ। ਇਸ ਦਾ ਨਾਂ Oneplus Z ਹੋ ਸਕਦਾ ਹੈ। ਕੰਪਨੀ ਨੇ ਇਸ ਫੋਨ ਦੀ ਅਧਿਕਾਰਤ ਪੁਸ਼ਟੀ ਤਾਂ ਨਹੀਂ ਕੀਤੀ, ਹਾਲਾਂਕਿ ਵਨਪਲੱਸ ਦੇ ਕੋ-ਫਾਊਂਡਰ ਕਾਰਲ ਪੇ ਦੇ ਟਵੀਟ ਤੋਂ ਇਸ ਡਿਵਾਈਸ ਦੀ ਕੀਮਤ ਦਾ ਅੰਦਾਜ਼ਾ ਜ਼ਰੂਰ ਹੋ ਜਾਂਦਾ ਹੈ। ਟਵੀਟ ਮੁਤਾਬਕ, ਫੋਨ ਦੀ ਸ਼ੁਰੂਆਤੀ ਕੀਮਤ 299 ਡਾਲਰ (ਕਰੀਬ 22,799 ਰੁਪਏ) ਹੋ ਸਕਦੀ ਹੈ। ਫੋਨ ਨੂੰ ਜੁਲਾਈ ’ਚ ਲਾਂਚ ਕੀਤਾ ਜਾ ਸਕਦਾ ਹੈ।
ਕੀ ਹੈ ਟਵੀਟ ’ਚ
ਕਾਰਲ ਪੇ ਦੇ ਇਸ ਟਵੀਟ ’ਚ 2014 ’ਚ ਕੀਤਾ ਗਿਆ ਕੰਪਨੀ ਦਾ ਇਕ ਪੁਰਾਣਾ ਟਵੀਟ ਲਿੰਕ ਹੈ। ਇਹ ਟਵੀਟ ਉਦੋਂ ਦਾ ਹੈ ਜਦੋਂ ਵਨਪਲੱਸ ਨੇ ਆਪਣਾ ਪਹਿਲਾ ਸਮਾਰਟਫੋਨ ‘ਵਨਪਲੱਸ ਵਨ’ ਪੇਸ਼ ਕੀਤਾ ਸੀ। ਇਸ ਟਵੀਟ ’ਚ ਨਵੇਂ ਫੋਨ ਦਾ ਨਾਂ ਤਾਂ ਨਹੀਂ ਲਿਆ ਗਿਆ, ਹਾਲਾਂਕਿ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਨਵੇਂ ਫੋਨ ਦੀ ਕੀਮਤ ਵਨਪਲੱਸ ਵਨ ਜਿੰਨੀ ਹੋ ਸਕਦੀ ਹੈ। ਦੱਸ ਦੇਈਏ ਕਿ ਵਨਪਲੱਸ ਵਨ ਫੋਨ ਨੂੰ ਕੰਪਨੀ ਨੇ 299 ਡਾਲਰ ਦੀ ਸ਼ੁਰੂਆਤੀ ਕੀਮਤ ’ਚ ਲਾਂਚ ਕੀਤਾ ਸੀ। ਇਹ ਕੀਮਤ ਫੋਨ ਦੇ 16 ਜੀ.ਬੀ. ਮਾਡਲ ਦੀ ਸੀ।
ਆਈਫੋਨ SE ਨੂੰ ਮਿਲੇਗੀ ਟੱਕਰ
ਅਫਵਾਹਾਂ ਦੀ ਮੰਨੀਏ ਤਾਂ ਐਪਲ ਆਈਫੋਨ SE ਅਤੇ ਗੂਗਲ ਪਿਕਸਲ 4A ਨੂੰ ਟੱਕਰ ਦੇਣ ਲਈ ਵਨਪਲੱਸ ਇਹ ਸਸਤਾ ਐਂਡਰਾਇਡ ਫੋਨ ਲਿਆ ਰਹੀ ਹੈ। ਜੇਕਰ ਫੋਨ ਦੀ ਕੀਮਤ 299 ਡਾਲਰ ਤਕ ਰਹਿੰਦੀ ਹੈ ਤਾਂ ਇਹ ਆਈਫੋਨ ਐੱਸ.ਈ. ਤੋਂ 100 ਡਾਲਰ ਅਤੇ ਪਿਕਸਲ 4ਏ ਤੋਂ 50 ਡਾਲਰ ਸਸਤਾ ਹੋਵੇਗਾ। ਅਜੇ ਵਨਪਲੱਸ ਦਾ ਕੋਈ ਵੀ ਫੋਨ ਕੀਮਤ ਦੇ ਮਾਮਲੇ ’ਚ ਆਈਫੋਨ ਐੱਸ.ਈ. ਨੂੰ ਟੱਕਰ ਨਹੀਂ ਦਿੰਦਾ। ਵਨਪਲੱਸ ਨੇ ਹਾਲ ਹੀ ’ਚ ਵਨਪਲੱਸ 8 ਅਤੇ ਵਨਪਲੱਸ 8 ਪ੍ਰੋ ਫੋਨ ਲਾਂਚ ਕੀਤੇ ਸਨ, ਉਹ ਆਈਫੋਨ 11 ਅਤੇ ਗਲੈਕਸੀ ਐੱਸ20 ਦੇ ਵਿਰੋਧੀ ਹਨ।