100 ਡਿਵੈੱਲਪਰਸ ਨੇ ਫੇਸਬੁੱਕ ਤੋਂ ਚੋਰੀ ਕੀਤਾ ਤੁਹਾਡਾ ਨਿੱਜੀ ਡਾਟਾ
Wednesday, Nov 06, 2019 - 07:21 PM (IST)
ਗੈਜੇਟ ਡੈਸਕ—ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਲੰਬੇ ਸਮੇਂ ਤੋਂ ਡਾਟਾ ਲੀਕ ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ। ਇਕ ਵਾਰ ਫਿਰ ਤੋਂ ਕੰਪਨੀ ਨੇ ਮੰਨੀਆ ਹੈ ਕਿ ਕਰੀਬ 100 ਐਪ ਡਿਵੈੱਲਪਰਸ ਨੇ ਗਲਤ ਤਰੀਕੇ ਨਾਲ ਯੂਜ਼ਰਸ ਦੇ ਡਾਟਾ ਨੂੰ ਐਕਸੈੱਸ ਕੀਤਾ ਹੈ, ਜਿਸ 'ਚ ਪ੍ਰੋਫਾਇਲ ਫੋਟੋ, ਗਰੁੱਪ ਐਕਟੀਵਿਟੀ ਅਤੇ ਹੋਰ ਕੋਈ ਜਾਣਕਾਰੀਆਂ ਸ਼ਾਮਲ ਸਨ। ਪਰ ਕੰਪਨੀ ਨੇ ਇਸ ਜਾਣਕਾਰੀ ਦੀ ਆਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ।
ਬੀਤੇ ਸਾਲ ਫੇਸਬੁੱਕ ਨੇ ਯੂਜ਼ਰਸ ਦੇ ਡਾਟਾ ਦੀ ਸੁਰੱਖਿਆ ਨੂੰ ਧਿਆਨ 'ਚ ਰੱਖ ਕੇ ਕਈ ਗਰੁੱਪਸ 'ਤੇ ਬੈਨ ਲਗਾਏ ਸਨ। ਸੂਤਰਾਂ ਦਾ ਮੰਨਣਾ ਹੈ ਕਿ ਡਾਟਾ ਹੈਕ ਦੇ ਮਾਮਲੇ 'ਚ ਡਿਵੈੱਲਪਰਸ ਦੀ ਗਿਣਤੀ ਜ਼ਿਆਦਾ ਹੋਵੇਗੀ। ਫੇਸਬੁੱਕ ਨੇ ਹੁਣ ਤਕ ਡਿਵੈੱਲਪਰਸ ਦੇ ਨਾਂ ਜਨਤਕ ਨਹੀਂ ਕੀਤੇ ਹਨ। ਉੱਥੇ ਦੂਜੇ ਪਾਸੇ ਕੰਪਨੀ ਨੂੰ ਹੁਣ ਤਕ ਪਤਾ ਨਹੀਂ ਚੱਲਿਆ ਹੈ ਕਿ ਯੂਜ਼ਰਸ ਦੇ ਡਾਟਾ ਨੂੰ ਕਿਥੋ ਮਾਨਿਟਰ ਕੀਤਾ ਜਾ ਰਿਹਾ ਹੈ।
ਡਿਵੈੱਲਪਰਸ ਨੂੰ ਮਿਲਿਆ ਪ੍ਰੋਫਾਇਲ ਫੋਟੋ ਦਾ ਐਕਸੈੱਸ
ਫੇਸਬੁੱਕ ਨੇ ਆਪਣੀ ਆਧਿਕਾਰਤ ਪੋਸਟ 'ਚ ਕਿਹਾ ਕਿ ਅਸੀਂ ਆਪਣੀ ਜਾਂਚ 'ਚ ਪਾਇਆ ਹੈ ਕਿ ਡਿਵੈੱਲਪਰਸ ਗਰੁੱਪ ਏ.ਪੀ.ਆਈ. (ਦੋ ਐਪ ਦੇ ਕਨੈਕਸ਼ਨ ਦਾ ਲਿੰਕ) ਰਾਹੀਂ ਯੂਜ਼ਰਸ ਦੀ ਪ੍ਰਾਫਾਇਲ ਫੋਟੋ ਅਤੇ ਨਾਂ ਵਰਗੀਆਂ ਜਾਣਕਾਰੀਆਂ ਨੂੰ ਚੋਰੀ ਕਰ ਰਹੇ ਹਨ। ਅਸੀਂ ਪਹਿਲਾਂ ਵੀ ਇਨ੍ਹਾਂ ਐਪਸ ਦੇ ਐਕਸੈੱਸ ਨੂੰ ਹਟਾ ਦਿੱਤਾ ਸੀ। ਸਾਡੇ ਵੱਲੋਂ ਗਰੁੱਪ ਏ.ਪੀ.ਆਈ. 'ਚ ਰੋਕ ਲਗਾਈ ਗਈ ਸੀ ਪਰ ਇਸ ਤੋਂ ਬਾਅਦ ਵੀ ਡਿਵੈੱਲਪਰਸ ਨੇ ਡਾਟਾ ਐਕਸੈੱਸ ਕੀਤਾ ਸੀ। ਫੇਸਬੁੱਕ ਨੇ ਯੂਜ਼ਰਸ ਦੇ ਡਾਟਾ ਨੂੰ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਬਣਾਉਣ ਲਈ ਗਰੁੱਪ ਏ.ਪੀ.ਆਈ. ਦੇ ਪਲੇਟਫਾਰਮ 'ਚ ਕਈ ਬਦਲਾਅ ਕੀਤੇ ਸਨ। ਉੱਥੇ 2018 'ਚ ਫੇਸਬੁੱਕ ਨੇ ਐਪ ਡਿਵੈੱਲਪਰਸ ਲਈ ਨਵੇਂ ਨਿਯਮ ਬਣਾਏ ਸਨ ਜਿਸ ਨਾਲ ਉਨ੍ਹਾਂ ਨੂੰ ਗਰੁੱਪ ਏ.ਪੀ.ਆਈ. ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਅਨੁਮਤਿ ਲੈਣੀ ਹੁੰਦੀ ਸੀ।
ਤਿੰਨ ਮਹੀਨੇ ਪਹਿਲੇ 11 ਡਿਵੈੱਲਪਰਸ ਨੇ ਡਾਟਾ ਕੀਤਾ ਐਕਸੈੱਸ
11 ਡਿਵੈੱਲਪਰਸ ਨੇ ਤਿੰਨ ਮਹੀਨੇ ਪਹਿਲਾਂ ਫੇਸਬੁੱਕ ਦੇ ਗਰੁੱਪ ਨਾਲ ਜੁੜੇ ਯੂਜ਼ਰਸ ਦੀ ਜਾਣਕਾਰੀਆਂ ਹਾਸਲ ਕੀਤੀਆਂ ਸਨ। ਡਿਵੈੱਲਪਰਸ ਨੇ ਥਰਡ-ਪਾਰਟੀ ਐਪਸ ਦੀ ਸਹਾਇਤਾ ਨਾਲ ਗਰੁੱਪ ਮੈਂਬਰਸ ਦੇ ਡਾਟਾ ਐਕਸੈੱਸ ਕੀਤੇ ਸਨ ਪਰ ਇਸ ਦੀ ਜਾਣਕਾਰੀ ਯੂਜ਼ਰਸ ਨੂੰ ਨਹੀਂ ਸੀ।
