ਹੋ ਜਾਓ ਸਾਵਧਾਨ, ਬਿਜਲੀ ਬੋਰਡ ਦੇ ਨਾਂ ''ਤੇ ਗ੍ਰਾਹਕਾਂ ਨੂੰ ਫਰਜ਼ੀ ਮੈਮੇਜ ਕੁਝ ਇਸ ਤਰੀਕੇ ਨਾਲ ਮਾਰੀ ਜਾ ਰਹੀ ਠੱਗੀ

11/24/2022 1:08:20 PM

ਫਿਰੋਜ਼ਪੁਰ (ਮਲਹੋਤਰਾ) : ਸੂਬੇ ਨੂੰ ਬਿਜਲੀ ਸਪਲਾਈ ਦੇ ਰਹੀ ਕੰਪਨੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਨਾਂ ’ਤੇ ਅੱਜ ਕੱਲ੍ਹ ਲੋਕਾਂ ਨੂੰ ਫਰਜ਼ੀ ਸੰਦੇਸ਼ ਭੇਜ ਕੇ ਉਨ੍ਹਾਂ ਦੇ ਬਿਜਲੀ ਕਨੈਕਸ਼ਨ ਕੱਟਣ ਦਾ ਡਰਾਵਾ ਦੇਣ ਵਾਲਾ ਗਿਰੋਹ ਕਾਫ਼ੀ ਚਰਚਾ ਵਿਚ ਹੈ। ਇਸ ਗਿਰੋਹ ਵੱਲੋਂ ਲੋਕਾਂ ਨੂੰ ਮੈਸੇਜ਼ ਭੇਜ ਕੇ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਵੇਂ ਇਸ ਸਬੰਧੀ ਪੀ. ਐੱਸ. ਪੀ. ਸੀ. ਐੱਲ. ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਵਿਭਾਗ ਕਿਸੇ ਨੂੰ ਵੀ ਅਜਿਹੇ ਸੰਦੇਸ਼ ਨਹੀਂ ਭੇਜ ਰਿਹਾ ਅਤੇ ਬਾਕਾਇਦਾ ਲੋਕਾਂ ਨੂੰ ਅਜਿਹੇ ਸੰਦੇਸ਼ਾਂ ਤੋਂ ਸਚੇਤ ਰਹਿਣ ਸਬੰਧੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਫਿਰ ਵੀ ਨਾ ਤਾਂ ਇਨ੍ਹਾਂ ਨੰਬਰਾਂ ’ਤੇ ਰੋਕ ਲੱਗ ਰਹੀ ਹੈ ਅਤੇ ਨਾ ਹੀ ਅਜਿਹੇ ਫਰਜ਼ੀ ਸੰਦੇਸ਼ਾਂ ’ਤੇ।

ਇਹ ਵੀ ਪੜ੍ਹੋ- ਸਾਢੇ 4 ਮਹੀਨਿਆਂ ਮਗਰੋਂ ਦਿੱਲੀ ਜਾਵੇਗਾ ਲਾਰੈਂਸ ਬਿਸ਼ਨੋਈ, NIA ਨੂੰ ਮਿਲਿਆ 10 ਦਿਨ ਦਾ ਰਿਮਾਂਡ

ਬੁੱਧਵਾਰ ਨੂੰ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਦੇ ਕਈ ਉਪਭੋਗਤਾਵਾਂ ਨੂੰ ਵੱਖ-ਵੱਖ ਨੰਬਰਾਂ ਤੋਂ ਇਹ ਮੈਸੇਜ਼ ਮਿਲਦਾ ਰਿਹਾ ਕਿ ਤੁਹਾਡੇ ਪਿਛਲੇ ਮਹੀਨੇ ਦਾ ਬਿੱਲ ਕਲੀਅਰ ਨਾ ਹੋਣ ਕਾਰਨ ਅੱਜ ਰਾਤ 9:30 ਵਜੇ ਤੁਹਾਡਾ ਬਿਜਲੀ ਕਨੈਕਸ਼ਨ ਕੱਟਿਆ ਜਾ ਸਕਦਾ ਹੈ। ਇਸ ਲਈ ਖਾਤਾ ਅਪਡੇਟ ਕਰਵਾਉਣ ਦੇ ਲਈ ਬਿਜਲੀ ਅਫ਼ਸਰ ਰਜੇਸ਼ ਕੁਮਾਰ ਨਾਲ ਸੰਪਰਕ ਕੀਤਾ ਜਾਵੇ। ਮੈਸੇਜ਼ ’ਚ ਰਜੇਸ਼ ਕੁਮਾਰ ਦੇ ਨਾਮ ਦੇ ਨਾਲ ਵੱਖ-ਵੱਖ ਨੰਬਰ ਵੀ ਠੱਗਾਂ ਵੱਲੋਂ ਭੇਜੇ ਜਾ ਰਹੇ ਹਨ। ਕੁਝ ਉਪਭੋਗਤਾਵਾਂ ਨੇ ਦੱਸਿਆ ਕਿ ਪਹਿਲੀ ਨਜ਼ਰ ’ਚ ਹੀ ਇਹ ਸੰਦੇਸ਼ ਫਰਜ਼ੀ ਨਜ਼ਰ ਆ ਰਿਹਾ ਸੀ, ਫਿਰ ਵੀ ਉਨ੍ਹਾਂ ਇਨ੍ਹਾਂ ਨੰਬਰਾਂ ’ਤੇ ਕਾਲ ਕੀਤੀ ਤਾਂ ਬਕਾਇਦਾ ਕੋਈ ਵਿਅਕਤੀ ਹਿੰਦੀ ਭਾਸ਼ਾ ’ਚ ਗੱਲ ਕਰਦੇ ਹੋਏ ਆਪਣੇ ਆਪ ਨੂੰ ਬਿਜਲੀ ਬੋਰਡ ਪਟਿਆਲਾ ਹੈਡਆਫਿਸ ਦਾ ਕਰਮਚਾਰੀ ਦੱਸ ਰਿਹਾ ਹੈ ਅਤੇ ਬਿਜਲੀ ਕਨੈਕਸ਼ਨ ਅਕਾਊਂਟ ਨੰਬਰ ਦੀ ਮੰਗ ਕਰ ਰਿਹਾ ਹੈ।

ਇਹ ਵੀ ਪੜ੍ਹੋ- ਮਰਨ ਵਰਤ 'ਤੇ ਬੈਠੇ ਡੱਲੇਵਾਲ ਦੀ ਅੰਦੋਲਨਕਾਰੀਆਂ ਨੂੰ ਅਪੀਲ, ਜੇਕਰ ਮੈਨੂੰ ਕੁਝ ਹੋ ਗਿਆ ਤਾਂ...

ਇਹੀ ਨਹੀਂ ਗੱਲ ਕਰਨ ਵਾਲਾ ਵਿਅਕਤੀ ਉਨ੍ਹਾਂ ਨੂੰ ਪਟਿਆਲਾ ਬਿਜਲੀ ਬੋਰਡ ਦਫਤਰ ਦੇ ਕਮਰਾ ਨੰਬਰ 4 ’ਚ ਆ ਕੇ ਮਿਲਣ ਦੀ ਗੱਲ ਵੀ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੋ ਲੋਕ ਇਨ੍ਹਾਂ ਠੱਗਾਂ ਦੀਆਂ ਗਤੀਵਿਧੀਆਂ ਦੀ ਸਮਝ ਰੱਖਦੇ ਹਨ, ਉਹ ਤਾਂ ਬਚ ਜਾਂਦੇ ਹਨ ਪਰ ਲੱਖਾਂ ਅਜਿਹੇ ਭੋਲੇ-ਭਾਲੇ ਲੋਕ ਹਨ, ਜੋ ਆਸਾਨੀ ਨਾਲ ਇਨ੍ਹਾਂ ਦੇ ਜਾਲ ਵਿਚ ਫਸ ਕੇ ਆਪਣਾ ਆਰਥਕ ਨੁਕਸਾਨ ਕਰਵਾ ਸਕਦੇ ਹਨ। ਇਸ ਲਈ ਬਿਜਲੀ ਵਿਭਾਗ ਅਜਿਹੇ ਸੰਦੇਸ਼ ਭੇਜਣ ਵਾਲਿਆਂ ਦਾ ਪਤਾ ਲਗਾ ਕੇ ਇਨ੍ਹਾਂ ਖਿਲਾਫ ਕਾਰਵਾਈ ਕਰਵਾਏ। ਫਰਜ਼ੀ ਸੰਦੇਸ਼ਾਂ ਸਬੰਧੀ ਜਦ ਪੀ. ਐੱਸ. ਪੀ. ਸੀ. ਐੱਲ. ਦੇ ਸਬ ਡਵੀਜ਼ਨ ਅਫਸਰ ਰਜਨੀਸ਼ ਢੀਂਗੜਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਕਿਸੇ ਵੀ ਗ੍ਰਾਹਕ ਨੂੰ ਅਜਿਹਾ ਮੈਸੇਜ਼ ਨਹੀਂ ਭੇਜਦਾ। ਜੇਕਰ ਕਿਸੇ ਗ੍ਰਾਹਕ ਦਾ ਕੋਈ ਪਿਛਲਾ ਬਿੱਲ ਬਕਾਇਆ ਹੈ ਤਾਂ ਉਸ ਦੇ ਅਗਲੇ ਬਿੱਲ ’ਚ ਪੁਰਾਣਾ ਬਕਾਇਆ ਜੋਡ਼ ਕੇ ਭੇਜ ਦਿੱਤਾ ਜਾਂਦਾ ਹੈ। ਕਿਸੇ ਨੂੰ ਵੀ ਅਜਿਹੇ ਮੈਸੇਜ ਨਹੀਂ ਭੇਜੇ ਜਾਂਦੇ। ਜੇਕਰ ਕਿਸੇ ਉਪਭੋਗਤਾ ਨੂੰ ਪੀ. ਸੀ. ਪੀ. ਸੀ. ਐੱਲ. ਦੇ ਨਾਂ ਤੇ ਅਜਿਹੇ ਕੋਈ ਸੰਦੇਸ਼ ਆ ਰਹੇ ਹਨ ਤਾਂ ਉਪਭੋਗਤਾ ਖੁਦ ਸਾਵਧਾਨ ਰਹਿਣ ਅਤੇ ਕਿਸੇ ਕਿਸਮ ਦੀ ਠੱਗੀ ਦਾ ਸ਼ਿਕਾਰ ਨਾ ਹੋਣ। ਵਿਭਾਗ ਵੀ ਇਨ੍ਹਾਂ ਠੱਗਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਨਾਲ ਹੀ ਲੋਕਾਂ ਨੂੰ ਜਾਗਰੂਕ ਵੀ ਕਰ ਰਿਹਾ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News