ਕੈਨੇਡਾ ਤੋਂ ਆਏ ਵਿਅਕਤੀ ਦੇ 6 ਹਜ਼ਾਰ ਡਾਲਰ ਚੋਰੀ ਕਰਨ ਵਾਲਿਆਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ
03/17/2023 4:29:54 PM

ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ ਉਪਮੰਡਲ ਦੇ ਪਿੰਡ ਮੰਮੂ ਖੇੜਾ ’ਚ ਕੈਨੇਡਾ ਤੋਂ ਆਏ ਇਕ ਵਿਅਕਤੀ ਦੇ 6 ਹਜ਼ਾਰ ਡਾਲਰ ਚੋਰੀ ਹੋਣ ਦੇ ਮਾਮਲੇ ’ਚ ਖੂਈਖੇੜਾ ਪੁਲਸ ਨੇ ਮਾਮਲਾ ਦਰਜ ਕਰਕੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਇਕ ਵਿਅਕਤੀ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਖੂਈਖੇੜਾ ਦੇ ਐੱਸ. ਐੱਚ. ਓ. ਸਚਿਨ ਕੁਮਾਰ ਨੇ ਦੱਸਿਆ ਕਿ ਉਪਮੰਡਲ ਦੇ ਪਿੰਡ ਮੰਮੂ ਖੇੜਾ ਵਾਸੀ ਸੁਖਮਨ ਜੋ ਕੈਨੇਡਾ ’ਚ ਰਹਿੰਦਾ ਹੈ, ਨੇ ਬਿਆਨ ਦਰਜ ਕਰਵਾਏ ਸਨ ਕਿ ਉਹ ਨਵੰਬਰ ਮਹੀਨੇ ’ਚ ਆਪਣੇ ਪਿੰਡ ਆਇਆ ਹੋਇਆ ਸੀ ਅਤੇ ਉਸ ਦੇ 6 ਹਜ਼ਾਰ ਡਾਲਰ ਚੋਰੀ ਹੋ ਗਏ।
ਇਹ ਵੀ ਪੜ੍ਹੋ- ਸਰਕਾਰ ਦਾ ਇਕ ਸਾਲ ਪੂਰਾ ਹੋਣ 'ਤੇ ਵਿੱਤ ਮੰਤਰੀ ਚੀਮਾ ਨੇ ਪੇਸ਼ ਕੀਤਾ ਰਿਪੋਰਟ ਕਾਰਡ
ਇਸ ਤੋਂ ਬਾਅਦ ਉਸ ਵੱਲੋਂ ਥਾਣਾ ਖੂਈਖੇੜਾ ’ਚ ਪਹੁੰਚ ਕੇ ਐੱਫ. ਆਈ. ਆਰ. ਦਰਜ ਕਰਵਾਈ ਗਈ ਸੀ, ਜਿਸ ਤਹਿਤ ਥਾਣਾ ਖੂਈਖੇੜਾ ਪੁਲਸ ਵੱਲੋਂ 5 ਮੁਲਜ਼ਮਾਂ ਕੁਲਦੀਪ ਕੁਮਾਰ ਅਤੇ ਵਿਕਰਮਜੀਤ ਸਿੰਘ ਵਾਸੀ ਪਿੰਡ ਮੰਮੂ ਖੇੜਾ, ਮਨੀਸ਼ ਕੁਮਾਰ ਵਾਸੀ ਅਬੋਹਰ, ਕ੍ਰਿਪਾਲ ਸਿੰਘ ਵਾਸੀ ਮੰਮੂ ਖੇੜਾ, ਦੀਪਕ ਸਵਾਮੀ ਵਾਸੀ ਅਬੋਹਰ ਨੂੰ ਨਾਮਜ਼ਦ ਕੀਤਾ ਗਿਆ ਅਤੇ 4 ਮੁਲਜ਼ਮਾਂ ਕੁਲਦੀਪ ਕੁਮਾਰ, ਵਿਕਰਮਜੀਤ ਸਿੰਘ, ਮਨੀਸ਼ ਕੁਮਾਰ, ਕਰਿਪਾਲ ਸਿੰਘ ਨੂੰ 3.65 ਲੱਖ ਰੁਪਏ ਅਤੇ ਹੋਰ ਸਾਮਾਨ ਸਮੇਤ ਕਾਬੂ ਕਰ ਲਿਆ ਗਿਆ।
ਇਹ ਵੀ ਪੜ੍ਹੋ- 2 ਸਾਲ ਦੇ ਮਾਸੂਮ ਸਿਰੋਂ ਉੱਠਿਆ ਪਿਓ ਦਾ ਹੱਥ, ਭਿਆਨਕ ਸੜਕ ਹਾਦਸੇ ਨੇ ਖੋਹਿਆ ਮਾਪਿਆਂ ਦਾ ਇਕਲੌਤਾ ਪੁੱਤ
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵੱਲੋਂ ਜੋ ਡਾਲਰ ਚੋਰੀ ਕੀਤੇ ਗਏ ਸਨ, ਉਨ੍ਹਾਂ ਨੂੰ ਕਿਸੇ ਅਣਪਛਾਤੇ ਵਿਅਕਤੀ ਤੋਂ ਕਨਵਰਟ ਕਰਵਾ ਲਿਆ ਗਿਆ ਸੀ। ਜਿਸ ਤੋਂ ਬਾਅਦ ਇਹ ਰਿਕਵਰੀ ਹੋਈ ਹੈ, ਜਦਕਿ ਦੀਪਕ ਸਵਾਮੀ ਵਾਸੀ ਅਬੋਹਰ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਇਸ ਤੋਂ ਇਲਾਵਾ ਫੜੇ ਗਏ ਵਿਅਕਤੀਆਂ ਕੋਲੋਂ ਇਕ ਘੜੀ ਅਤੇ ਚਸ਼ਮਾ ਬਰਾਮਦ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਪੰਜਵੇਂ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।