ਸ਼ਾਰਟ ਸਰਕਟ ਕਾਰਨ ਘਰ ''ਚ ਲੱਗੀ ਅੱਗ, ਵਿਧਵਾ ਔਰਤ ਦੀ ਉਮਰ ਭਰ ਦੀ ਕਮਾਈ ਸੜ ਕੇ ਸੁਆਹ
Thursday, Oct 08, 2026 - 04:24 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਸਥਾਨਕ ਭੁੱਲਰ ਕਲੋਨੀ ਦੀ ਗਲੀ ਨੰਬਰ 9 ਵਿਚ ਅੱਜ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਇਕ ਘਰ ਵਿਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਵੇਖਦਿਆਂ ਹੀ ਵੇਖਦਿਆਂ ਘਰ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਪੀੜਤ ਵਿਧਵਾ ਔਰਤ ਮਨਜੀਤ ਕੌਰ ਨੇ ਹੰਝੂ ਭਰੀਆਂ ਅੱਖਾਂ ਨਾਲ ਦੱਸਿਆ ਕਿ ਉਹ ਲੋਕਾਂ ਦੇ ਘਰਾਂ ਵਿਚ ਕੰਮਕਾਰ (ਮਜ਼ਦੂਰੀ) ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੀ ਹੈ। ਉਸ ਨੇ ਘਰਾਂ ਵਿਚ ਕੰਮ ਕਰਕੇ ਹੌਲੀ-ਹੌਲੀ ਆਪਣੇ ਘਰ ਦਾ ਸਮਾਨ ਜੋੜਿਆ ਸੀ ਪਰ ਇਸ ਭਿਆਨਕ ਅੱਗ ਨੇ ਉਸ ਦੀ ਸਾਰੀ ਮਿਹਨਤ ਦੀ ਕਮਾਈ ਪਲਕ ਝਪਕਦਿਆਂ ਹੀ ਤਬਾਹ ਕਰ ਦਿੱਤੀ। ਮਨਜੀਤ ਕੌਰ ਅਨੁਸਾਰ ਇਸ ਹਾਦਸੇ ਵਿੱਚ ਉਸ ਦਾ ਲਗਭਗ 5 ਤੋਂ 6 ਲੱਖ ਰੁਪਏ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ।
ਫਾਇਰ ਬ੍ਰਿਗੇਡ ਨੇ ਅੱਗ 'ਤੇ ਪਾਇਆ ਕਾਬੂ
ਘਟਨਾ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਇਆ। ਖੁਸ਼ਕਿਸਮਤੀ ਇਹ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਘਰ ਦਾ ਸਮਾਨ ਪੂਰੀ ਤਰ੍ਹਾਂ ਨਸ਼ਟ ਹੋ ਗਿਆ। ਇਸ ਦੁੱਖ ਦੀ ਘੜੀ ਵਿੱਚ ਪੀੜਤ ਵਿਧਵਾ ਔਰਤ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਉਸ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਉਸ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਉਹ ਆਪਣਾ ਜੀਵਨ ਦੁਬਾਰਾ ਲੀਹ 'ਤੇ ਲਿਆ ਸਕੇ।
